ਖਾਧ ਸੁਰੱਖਿਆ ਅਤੇ ਆਜੀਵਿਕਾ ਸੁਧਾਰ ਲਈ ਬੀਜ ਸੰਪ੍ਰਭੂਤਾ

Submitted by kvm on Fri, 02/26/2016 - 10:46
ਬੀਜ ਜੋ ਕਿ ਇੱਕ ‘ਸਮੁਦਾਇਕ ਸਰੋਤ’ ਹੁੰਦਾ ਸੀ ਅਤੇ ਧਿਆਨ ਨਾਲ ਉਗਾਇਆ, ਸੰਭਾਲਿਆ ਗਿਆ ਅਤੇ ਹਜਾਰਾਂ ਸਾਲਾਂ ਵਿੱਚ ਵਿਕਸਿਤ ਹੋਇਆ, ਅੱਜ ਇੱਕ ‘ਵਪਾਰਕ ਮਲਕੀਅਤ ਸਰੋਤ’ ਵਿੱਚ ਤਬਦੀਲ ਹੋ ਗਿਆ ਹੈ।ਕਿਸਾਨਾਂ ਦੁਆਰਾ ਉੱਨਤ ਕਿਸਮਾਂ ਦੀ ਸੰਭਾਲ ਅਤੇ ਵਿਕਾਸ ਨਾ ਸਿਰਫ ਖੇਤੀ ਜੈਵ ਵਿਭਿੰਨਤਾ ਨੂੰ ਪੋਸ਼ਿਤ ਕਰਨ ਦੇ ਲਈ ਬਲਕਿ ਭੋਜਨ ਸੁਰੱਖਿਆ ਅਤੇ ਟਿਕਾਊ ਆਜੀਵਿਕਾ ਲਈ ਵੀ ਉਮੀਦ ਦਿੰਦੇ ਹਨ।

ਮਹਾਂਰਾਸ਼ਟਰ ਵਿੱਚ ਠਾਣੇ ਜਿਲ੍ਹੇ ਵਿੱਚ ਜਵਾਹਰ ਬਲਾਕ ਇੱਕ ਪਹਾੜੀ ਖੇਤਰ ਹੈ।ਪੱਛਮੀ ਘਾਟ ਦਾ ਹਿੱਸਾ ਹੋਣ ਦੇ ਨਾਤੇ, ਇਹ ਖੇਤਰ ਜੈਵ ਵਿਭਿੰਨਤਾ ਭਰਪੂਰ ਮੰਨਿਆ ਜਾਂਦਾ ਹੈ।ਇਹ ਖੇਤਰ ਚੌਲਾਂ ਅਤੇ ਹੋਰ ਖਾਧ ਫਸਲਾਂ ਜਿਵੇਂ ਰਾਗੀ, ਬਾਜਰਾ, ਅਰਹਰ ਅਤੇ ਕਾਲੇ ਛੋਲੇ ਆਦਿ ਦੀ ਅਤਭੁੱਤ ਵਿਭਿੰਨਤਾ ਨਾਲ ਭਰਪੂਰ ਹੈ।

ਚੌਲਾਂ ਅਤੇ ਹੋਰ ਖਾਧ ਫਸਲਾਂ ਦੀ ਵਿਭਿੰਨਤਾ ਨੂੰ ਸੰਭਾਲਣ ਦੇ ਇਰਾਦੇ ਨਾਲ, ਬੀ ਏ ਆਈ ਐਫ ਵਿਕਾਸ ਖੋਜ ਫਾਊਂਡੇਸ਼ਨ ਨੇ ਮਹਾਂਰਾਸ਼ਟਰ ਇੰਸਟੀਚਿਊਟ ਆਫ ਟੈਕਨੋਲੋਜੀ ਫਾਰ ਰੂਰਲ ਏਰੀਆਜ਼ (ਮਿਤਰਾ) ਨਾਲ ਮਿਲ ਕੇ ਸਮੁਦਾਇ ਦੀ ਅਗਵਾਈ ਵਿੱਚ ਫਸਲਾਂ ਦੀਆਂ ਕਿਸਮਾਂ ਨੂੰ ਸੁਰਜੀਤ ਕਰਨ ਅਤੇ ਸੰਭਾਲ ਦੀ ਸ਼ੁਰੂਆਤ ਕੀਤੀ।ਇਸ ਪਹਿਲ ਵਿੱਚ ਪਰੀਖਣਾਂ ਅਤੇ ਜੈਵਿਕ ਖੇਤੀ ਤਰੀਕਿਆਂ ਰਾਹੀ ਉਤਪਾਦਕ ਕਿਸਮਾਂ ਵਿਕਸਿਤ ਕਰਨ ਲਈ ਕਿਸਾਨਾਂ ਨੂੰ ਪ੍ਰੋਤਸ਼ਾਹਿਤ ਕਰਕੇ ਸਥਾਨਕ ਗਿਆਨ ਦੇ ਨਿਰਮਾਣ ਉੱਪਰ ਜ਼ੋਰ ਦਿੱਤਾ।

ਸਹਿਭਾਗੀ ਸਮੂਹਿਕ ਵਿਕਾਸ


ਸ਼ੁਰੂਆਤ ਵਿੱਚ, ਕਿਸਾਨਾਂ ਦੇ 5 ਤੋਂ 10 ਮੈਂਬਰਾਂ ਦੇ ਸਮੂਹ ਬਣਾਏ ਗਏ। ਇਹਨਾਂ ਕਿਸਾਨ ਸਮੂਹਾਂ ਨੂੰ ਕਿਸਮਾਂ ਨੂੰ ਸੰਭਾਲਣ ਦੇ ਤਰੀਕਿਆਂ ਤੋਂ ਜਾਣੂ ਕਰਵਾਇਆ ਗਿਆ। ਉਹਨਾਂ ਨੇ ਜ਼ਰਮਪਾਲਾਜ਼ਮ ਕੇਂਦਰਾਂ ਦਾ ਵੀ ਦੌਰਾ ਕੀਤਾ ਜਿੱਥੇ ਝੋਨੇ, ਰਾਗੀ, ਪਰੋਸੋ ਮਿਲਟ ਆਦਿ ਦੀਆਂ ਕਈ ਕਿਸਮਾਂ ਅਲੱਗ-ਅਲੱਗ ਪ੍ਰਕਾਰ ਦੀਆਂ ਜ਼ਮੀਨਾਂ ਉੱਪਰ ਲਗਾਈਆਂ ਗਈਆਂ ਸਨ।ਕਿਸਾਨਾਂ ਨੇ ਇੱਕ ਦੂਸਰੇ ਨਾਲ ਗੱਲਬਾਤ ਕੀਤੀ, ਫਸਲ ਦਾ ਪ੍ਰਦਰਸ਼ਨ ਦੇਖਿਆ ਅਤੇ ਅਨਾਜ ਅਤੇ ਚਾਰੇ ਦਾ ਝਾੜ, ਕੀਟਾਂ ਅਤੇ ਰੋਗਾਂ ਪ੍ਰਤਿ ਲੜ੍ਹਨ ਦੀ ਸ਼ਕਤੀ, ਸ਼ਾਖਾਵਾਂ, ਜ਼ਮੀਨ ਲਈ ਅਨੁਕੂਲਤਾ, ਸੋਕੇ ਨੂੰ ਝੱਲਣ ਦੀ ਸ਼ਕਤੀ ਆਦਿ ਕਸੌਟੀਆਂ ਤੇ ਆਧਾਰਿਤ ਸਕੋਰ ਜਾਰੀ ਕੀਤੇ।

ਕਰੀਬ 225 ਕਿਸਾਨ, ਜਿੰਨਾਂ ਵਿੱਚ ਨੌਜਵਾਨ ਅਤੇ ਕਿਸਾਨ ਔਰਤਾਂ ਵੀ ਸ਼ਾਮਿਲ ਸਨ, ਨੂੰ ਭਾਗੀਦਾਰੀ ਬੀਜ ਅਤੇ ਕਿਸਮ ਚੋਣ ਵਿੱਚ ਸਿਖਲਾਈ ਦਿੱਤੀ ਗਈ।ਟ੍ਰੇਨਿੰਗ ਪ੍ਰੋਗਰਾਮ ਰਾਹੀ ਕਿਸਾਨਾਂ ਨੂੰ ਬੀਜ ਸ਼ੁਧਤਾ ਬਣਾਏ ਰੱਖਣ ਦੀ ਸਿੱਖਿਆ ਦੇਣ ਵਿੱਚ ਮੱਦਦ ਮਿਲੀ।360 ਦੇ ਲਗਭਗ ਕਿਸਾਨਾਂ ਨੂੰ ਬੀਜ ਉਪਚਾਰ, ਨਰਸਰੀ ਤਿਆਰ ਕਰਨਾ, ਏਕਲ ਪਨੀਰੀ ਤਰੀਕੇ ਰਾਹੀ ਝੋਨੇ ਦੀ ਬਿਜਾਈ, ਵੱਟਾਂ ਅਤੇ ਸਿਆੜ ਢੰਗ ਆਦਿ ਰਾਹੀ ਰਾਗੀ, ਪੋਰਸੋ ਆਦਿ ਫਸਲਾਂ ਦੇ ਉਤਪਾਦਨ ਦੇ ਵਿਭਿੰਨ ਪਹਿਲੂ ਸਿਖਾਏ ਗਏ।

ਵਰਗੀਕਰਨ ਅਤੇ ਸ਼ੁਧਤਾ ਦੇ ਲੜੀਵਾਰ ਤਜ਼ਰਬਿਆਂ ਤੋਂ ਬਾਅਦ ਵਧੀਆ ਸਥਾਨਕ ਕਿਸਮਾਂ ਦੇ ਉੱਨਤ ਅਤੇ ਸ਼ੁਧ ਜ਼ਰਮ ਪਲਾਜ਼ਮ ਕੁੱਝ ਚੋਣਵੇਂ ਕਿਸਾਨਾਂ ਨੂੰ ਬੀਜ ਉਤਪਾਦਨ ਲਈ ਦਿੱਤੇ ਗਏ।ਖੇਤੀ ਦੇ ਜੈਵਿਕ ਤਰੀਕਿਆਂ ਦਾ ਪਾਲਨ ਕੀਤਾ ਗਿਆ। ਖਰੀਫ 2013 ਦੌਰਾਨ, 26 ਕਿਸਾਨ ਝੋਨੇ, ਰਾਗੀ ਅਤੇ ਪਰੋਸੋ ਮਿਲਟ ਦੇ ਬੀਜ ਉਤਪਾਦਨ ਵਿੱਚ ਸ਼ਾਮਿਲ ਸਨ। ਨਿਸ਼ਚਿਤ ਮਾਨਦੰਡਾਂ ਤੇ ਆਧਾਰਿਤ ਫਸਲ ਦੀਆਂ ਵਧੀਆਂ ਕਿਸਮਾਂ ਨੂੰ ਭਾਗੀਦਾਰੀ ਵਿਧੀ ਰਾਹੀ ਚੁਣਿਆ ਗਿਆ ਅਤੇ ਸਮੁਦਾਇਕ ਬੀਜ ਬੈਂਕਾਂ ਵਿੱਚ ਸੰਭਾਲਿਆ ਗਿਆ।

ਜੈਵ ਵਿਭਿੰਨਤਾ ਸੰਰੱਖਿਅਣ ਅਤੇ ਆਜੀਵਿਕਾ ਸੁਧਾਰ


ਇਸ ਪਹਿਲ ਤੋਂ ਪਹਿਲਾਂ, ਕਿਸਾਨਾਂ ਨੂੰ ਬੀਜਾਂ ਲਈ ਬਾਜ਼ਾਰ ਉੱਪਰ ਨਿਰਭਰ ਰਹਿਣਾ ਪੈਂਦਾ ਸੀ। ਹੁਣ ਉਹਨਾਂ ਕੋਲ ਝੋਨੇ, ਰਾਗੀ, ਪਰੋਸੋ ਮਿਲਟ ਦੀਆਂ ਕਈ ਕਿਸਮਾਂ ਹਨ ਜੋ ਕਿ ਸੋਕਾ ਪ੍ਰਤਿਰੋਧੀ, ਕੀਟ ਅਤੇ ਰੋਗ ਪ੍ਰਤਿਰੋਧੀ ਅਤੇ ਪੋਸ਼ਣ ਭਰਪੂਰ ਹਨ। ਝੋਨੇ ਦੀਆਂ ਕਿਸਮਾਂ ਜਿਵੇਂ ਕੋਲਪੀ (ਅਗੇਤੀਆਂ), ਕਸਬਈ, ਲਾਲਿਆ, ਜੂਨਾ ਕੋਲਮ, ਰਘੂਦੋਇਆ, ਮਸੂਰੀ, ਦਾਵੁਲ, ਬੰਗਲਿਆ ਆਦਿ ਕਿਸਾਨਾਂ ਦੁਆਰਾ ਵੱਡੇ ਪੱਧਰ ਤੇ ਬੀਜੀਆਂ ਗਈਆਂ। ਰਾਗੀ ਦੀਆਂ ਪ੍ਰਜਾਤੀਆਂ ਜਿਵੇਂ ਕਲਪੇਰੀ, ਧਵਲਪੇਰੀ, ਸ਼ਿਤੋਲੀ, ਨਾਗਾਲੀ (ਪਿਛੇਤੀ), ਦਸਰਬੇਂਦਰੀ ਅਤੇ ਪਰੋਸੋ ਮਿਲਟ ਦੀਆਂ ਦੂਧਮੋਗਰਾ, ਘੋਸ਼ੀ ਅਤੇ ਸਕਲੀ ਵਰੱਈ ਆਦਿ ਕਿਸਾਨਾਂ ਵਿੱਚ ਹੁਣ ਕਾਫੀ ਲੋਕਪ੍ਰਿਅ ਹਨ।

ਵਧੀਆ ਫਸਲ ਉਤਪਾਦਨ ਤਕਨੀਕਾਂ ਦੇ ਨਾਲ ਕਿਸਾਨ ਹੁਣ ਵਧੀਆ ਝਾੜ ਲੈਣ ਦੇ ਸਮਰੱਥ ਹਨ। ਝੋਨੇ ਦੀ ਉਪਜ 12-15 ਕੁਇੰਟਲ ਪ੍ਰਤਿ ਏਕੜ ਤੋਂ ਵਧ ਕੇ 20-25 ਕੁਇੰਟਲ ਪ੍ਰਤਿ ਏਕੜ ਹੋ ਗਈ ਹੈ। ਇਸੇ ਤਰ੍ਹਾ, ਰਾਗੀ ਵਿੱਚ, ਝਾੜ 10-12 ਕੁਇੰਟਲ ਪ੍ਰਤਿ ਏਕੜ ਤੋਂ ਵਧ ਕੇ 17-22 ਕੁਇੰਟਲ ਪ੍ਰਤਿ ਏਕੜ ਹੋ ਗਿਆ ਹੈ।

ਕਿਸਾਨ ਵਰਮੀ ਕੰਪੋਸਟ, ਵਰਮੀ ਵਾਸ਼, ਜੈਵਿਕ ਕੀਟ ਭਜਾਉਣ ਵਾਲੇ ਗੁਣਵੱਤਾ ਵਾਲੇ ਉਤਪਾਦ ਆਦਿ ਬਣਾ ਵੀ ਰਹੇ ਹਨ ਅਤੇ ਇਸਤੇਮਾਲ ਵੀ ਕਰ ਰਹੇ ਹਨ ਜਿਸ ਕਰਕੇ ਉਹਨਾਂ ਦੀ ਬਾਹਰੀ ਆਗਤਾਂ ਉੱਪਰ ਨਿਰਭਰਤਾ ਘਟੀ ਹੈ ਅਤੇ ਉਹਨਾਂ ਦਾ ਖਰਚਾ ਵੀ ਘਟਿਆ ਹੈ। ਝੋਨੇ ਵਿੱਚ ਉਤਪਾਦਨ ਲਾਗਤ 12400 ਰੁਪਏ ਪ੍ਰਤਿ ਏਕੜ ਤੋਂ ਘਟ ਕੇ 7500 ਰੁਪਏ ਪ੍ਰਤਿ ਏਕੜ ਅਤੇ ਰਾਗੀ ਵਿੱਚ 7500 ਰੁਪਏ ਪ੍ਰਤਿ ਏਕੜ ਤੋਂ ਘਟ ਕੇ 5300 ਰਹਿ ਗਈ ਹੈ। ਜੈਵਿਕ ਉਤਪਾਦ ਵਰਤਣ ਕਰਕੇ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਪਾਣੀ ਪਕੜ ਕੇ ਰੱਖਣ ਦੀ ਸ਼ਕਤੀ ਵਧੀ ਹੈ।

ਸਮੁਦਾਇਕ ਪੱਧਰ ਤੇ ਬੀਜ ਉਤਪਾਦਨ


ਬੀਜ ਸਰੰਖਿਅਣ ਪ੍ਰੋਗਰਾਮ ਦੇ ਟਿਕਾਊਪਣ ਲਈ ਸਮੁਦਾਇਕ ਪੱਧਰ ਤੇ ਬੀਜਾਂ ਦੀ ਚੋਣ, ਬੀਜ ਉਤਪਾਦਨ ਅਤੇ ਆਦਾਨ ਪ੍ਰਦਾਨ ਲਈ ਅਤੇ ਪਿੰਡ ਪੱਧਰ ਤੇ ਸੁਤੰਤਰ ਬੀਜ ਸੁਰੱਖਿਆ ਪ੍ਰਣਾਲੀ ਨੂੰ ਵਿਕਸਿਤ ਕਰਨ ਲਈ ਇੱਕ ਤੰਤਰ ਦੀ ਲੋੜ ਹੁੰਦੀ ਹੈ।ਉੱਚ ਗੁਣਵੱਤਾ ਵਾਲੇ ਬੀਜਾਂ ਦੇ ਉਤਪਾਦਨ, ਬੀਜਾਂ ਦੇ ਆਦਾਨ-ਪ੍ਰਦਾਨ ਦੇ ਪ੍ਰਬੰਧਨ ਅਤੇ ਬਾਜ਼ਾਰ ਸੰਪਰਕ ਵਿਕਸਿਤ ਕਰਨ ਲਈ ਇੱਕ ਬੀਜ ਬਚਾਓ ਕਮੇਟੀ ਬਣਾਈ ਗਈ।ਖੇਤਾਂ ਦੀ ਵਿਜ਼ਿਟ ਰਾਹੀ ਬੀਜ ਉਤਪਾਦਨ ਅਤੇ ਬੀਜਾਂ ਦੀ ਚੋਣ ਦੇ ਤਰੀਕੇ ਬੀਜ ਬਚਾਓ ਕਮੇਟੀ ਰਾਹੀ ਯਕੀਨੀ ਬਣਾਏ ਜਾਂਦੇ ਹਨ ਜਿਸ ਵਿੱਚ ਉਹ ਭਾਗੀਦਾਰ ਕਿਸਾਨਾਂ ਲਈ ਉਪਯੁਕਤ ਤਰੀਕਿਆਂ ਨੂੰ ਪ੍ਰੋਤਸ਼ਾਹਿਤ ਕਰਦੇ ਹਨ।ਬੀਜ ਬਚਾਓ ਕਮੇਟੀ ਕੋਲ ਗੁਣਵੱਤਾ ਵਾਲੇ ਬੀਜਾਂ ਦੇ ਉਤਪਾਦਨ ਲਈ ਬੀਜ ਪਲਾਟਾਂ ਦੀ ਨਿਗਰਾਨੀ ਦੇ ਅਧਿਕਾਰ ਹੁੰਦੇ ਹਨ। ਹੁਣ ਇਹ ਬੀਜ ਕਮੇਟੀਆਂ ਝੋਨੇ , ਰਾਗੀ ਅਤੇ ਪਰੋਸੋ ਮਿਲਟ ਦੀਆਂ ਕਿਸਮਾਂ ਦੇ ਸਰੰਖਿਅਣ ਕੇਂਦਰਾਂ ਦੇ ਪ੍ਰਬੰਧਨ ਕਰਨ ਦੇ ਸਮਰੱਥ ਹਨ। ਵਰਤਮਾਨ ਵਿੱਚ 3 ਬੀਜ ਬਚਾਓ ਕਮੇਟੀਆਂ ਬਣੀਆਂ ਹਨ ਜੋ ਕਿ 11 ਪਿੰਡਾਂ ਨੂੰ ਕਵਰ ਕਰਦੀਆਂ ਹਨ। ਸਮੁਦਾਇਕ ਬੀਜ ਬੈਂਕਾਂ ਰਾਹੀ ਝੋਨੇ, ਰਾਗੀ, ਪਰੋਸੋ ਮਿਲਟ ਆਦਿ ਦੀਆਂ 250 ਤੋਂ ਵੱਧ ਕਿਸਮਾਂ ਦਾ ਸਰੰਖਿਅਣ ਕੀਤਾ ਜਾ ਰਿਹਾ ਹੈ।

11 ਪਿੰਡਾਂ ਦੇ 724 ਕਿਸਾਨ ਬੀਜਾਂ ਦੇ ਸਰੰਖਿਅਣ, ਬੀਜ ਉਤਪਾਦਨ ਅਤੇ ਸਮੁਦਾਇਕ ਬੀਜ ਬੈਂਕ ਪ੍ਰੋਗਰਾਮ ਵਿੱਚ ਸਿੱਧੇ ਤੌਰ ਤੇ ਸ਼ਾਮਿਲ ਹਨ। ਵਿਆਪਕ ਵਿਸਤਾਰ ਲਈ, 10 ਨੌਜਵਾਨਾਂ ਨੂੰ ਵਿਭਿੰਨ ਪਿੰਡਾਂ ਵਿੱਚ ਇਹਨਾਂ ਤਕਨੀਕਾਂ ਦੇ ਪ੍ਰਸਾਰ ਲਈ ਸਿਖਲਾਈ ਦਿੱਤੀ ਗਈ ਹੈ। ‘ਦੇਖੇ ਉੱਪਰ ਹੀ ਵਿਸ਼ਵਾਸ ਹੁੰਦਾ ਹੈ’ ਦੇ ਕਹੇ ਅਨੁਸਾਰ ਐਕਸਪੋਜ਼ਰ ਵਿਜ਼ਿਟ ਅਤੇ ਖੇਤ ਦਿਨ ਨਿਯਮਿਤ ਤੌਰ ਤੇ ਆਯੋਜਿਤ ਕੀਤੇ ਜਾਂਦੇ ਹਨ।ਕਿਸਾਨਾਂ ਵਿਚਕਾਰ ਖੇਤਰ ਵਿੱਚ ਫਸਲੀ ਵਿਭਿੰਨਤਾ ਅਤੇ ਉਸਦੀ ਸੰਭਾਲ ਬਾਰੇ ਜਾਗਰੂਕਤਾ ਫੈਲਾਉਣ ਲਈ ਸਮੁਦਾਇਕ ਪੱਧਰ ਦੀਆਂ ਬੀਜ ਪ੍ਰਦਰਸ਼ਨੀਆਂ ਮਹੱਤਵਪੂਰਨ ਸਾਧਨ ਹਨ।ਸਮੁਦਾਇਕ ਬੀਜ ਮੇਲੇ, ਬੀਜ ਪ੍ਰਦਰਸ਼ਨੀਆਂ ਅਤੇ ਖੇਤ ਦਿਨ ਆਦਿ ਨੇ ਮਹਾਂਰਾਸ਼ਟਰ ਦੇ ਵਿਭਿੰਨ ਹਿੱਸਿਆਂ ਦੇ 4200 ਕਿਸਾਨਾਂ ਤੱਕ ਪਹੁੰਚ ਬਣਾਉਣ ਵਿੱਚ ਮੱਦਦ ਕੀਤੀ ਹੈ।

ਉਮੀਦ ਦੇ ਬੀਜ, ਭਵਿੱਖ ਦੇ ਬੀਜ


ਸ਼੍ਰੀ ਸੁਨੀਲ ਕਮਾੜੀ, ਕਮਾੜੀਪਾੜਾ ਪਿੰਡ (ਤਾਲੁਕਾ ਜਵਾਹਰ, ਜਿਲ੍ਹਾ ਠਾਣੇ) ਦਾ 35 ਸਾਲਾਂ ਨੌਜਵਾਨ ਕਿਸਾਨ ਹੈ।ਉਸਦਾ 7 ਮੈਂਬਰੀ ਪਰਿਵਾਰ 3 ਏਕੜ ਦੀ ਵਰਖਾ ਆਧਾਰਿਤ ਜ਼ਮੀਨ ਉੱਪਰ ਖੇਤੀ ਕਰਦਾ ਹੈ। ਸਾਲ 2008 ਵਿੱਚ ਉਸਨੇ ਇਹ ਮਹਿਸੂਸ ਕੀਤਾ ਕਿ ਰਸਾਇਣਿਕ ਖਾਦਾਂ ਦੇ ਬੇਲੋੜੇ ਇਸਤੇਮਾਲ ਕਰਕੇ ਉਸਦੀ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਪਾਣੀ ਨੂੰ ਪਕੜ ਕੇ ਰੱਖਣ ਦੀ ਸ਼ਕਤੀ ਤੇਜੀ ਨਾਲ ਘਟਦੀ ਜਾ ਰਹੀ ਹੈ।ਬੀ ਏ ਆਈ ਐਫ ਅਤੇ ਮਿਤਰਾ ਵੱਲੋ ਮਿਲੇ ਤਕਨੀਕੀ ਸਹਿਯੋਗ ਕਰਕੇ, ਉਸਨੇ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਸੁਧਾਰ ਦੀ ਤਕਨੀਕ ਅਤੇ ਜੈਵਿਕ ਖਾਦਾਂ ਦਾ ਇਸਤੇਮਾਲ ਕਰਨਾ ਸਿੱਖਿਆ। ਉਸਨੇ ਜੈਵਿਕ ਖਾਦਾਂ ਬਣਾਉਣ ਦੀ ਅਤੇ ਝੋਨੇ ਦਾ ਉੱਚ ਉਤਪਾਦਨ ਲੈਣ ਲਈ ਸ਼੍ਰੀ ਵਿਧੀ ਦੀ ਵੀ ਸਿਖਲਾਈ ਲਈ।

ਸਾਲ 2010 ਵਿੱਚ ਸੁਨੀਲ ਬੀ ਏ ਆਈ ਐਫ ਦੇ ‘ਫਸਲ ਜ਼ਰਮਪਲਾਜ਼ਮ ਸੰਭਾਲ ਪ੍ਰੋਗਰਾਮ’ ਵਿੱਚ ਸ਼ਾਮਿਲ ਹੋ ਗਿਆ। ਉਸਨੇ ਆਪਣੇ ਖੇਤ ਵਿੱਚ ਜ਼ਰਮਪਲਾਜ਼ਮ ਦੇ ਸਰੰਖਿਅਣ ਰਾਹੀ ਝੋਨੇ ਦੀਆਂ 21 ਕਿਸਮਾਂ ਦਾ ਸਰੰਖਿਅਣ ਕੀਤਾ ਅਤੇ ਝੋਨੇ, ਰਾਗੀ ਅਤੇ ਪਰੋਸੋ ਮਿਲਟ ਵਿੱਚ ‘ਭਾਗੀਦਾਰੀ ਬੀਜ ਚੋਣ’ ਦਾ ਮਾਹਿਰ ਬਣ ਗਿਆ।

ਉਸਨੇ ਸਥਾਨਕ ਕੰਦ (ਕਰੰਦੇ, ਕੋਚੀ, ਸੂਰਨ), ਫਲਦਾਰ ਸਬਜੀਆਂ (ਲੌਕੀ, ਕਰੇਲਾ, ਪੇਠਾ, ਬੈਂਗਣ, ਕੱਦੂ), ਹਰੀਆਂ ਪੱਤੇਦਾਰ ਸਬਜੀਆਂ (ਚੌਲੇ), ਲਬਲਬ ਫਲੀਆਂ ਅਤੇ ਤੋਂਦਲੀ ਆਦਿ ਦੇ ਬੀਜ ਇਕੱਠੇ ਕੀਤੇ ਅਤੇ ਘਰੇਲੂ ਖਪਤ ਲਈ ਇਹਨਾਂ ਨੂੰ ਉਗਾਇਆ। ਪੂਰਾ ਪਰਿਵਾਰ ਇਸ ਕੰਮ ਵਿੱਚ ਸ਼ਾਮਿਲ ਸੀ।

ਆਪਣੇ ਝੋਨੇ ਦੇ ਖੇਤ ਦਾ ਨਿਰੀਖਣ ਕਰਦੇ ਹੋਏ ਉਸਨੇ ਝੋਨੇ ਦਾ ਅਸਾਧਾਰਨ ਗੁੱਛਾ ਦੇਖਿਆ।ਗੁੱਛੇ ਵਿੱਚ ਜ਼ਿਆਦਾ ਦਾਣੇ ਸਨ ਅਤੇ ਦਾਣਿਆਂ ਦਾ ਆਕਾਰ ਵੀ ਵੱਡਾ ਸੀ।ਉਸਨੇ ਸਾਵਧਾਨੀ ਨਾਲ ਇਸ ਗੁੱਛੇ ਨੂੰ ਹਟਾਇਆ ਅਤੇ ਚਾਰ ਲਗਾਤਾਰ ਸੀਜ਼ਨਾਂ - 2010 ਦੇ ਗਰਮੀ ਦੇ ਸੀਜ਼ਨ, ਖਰੀਫ 2011, 2012 ਦੀਆਂ ਗਰਮੀਆਂ ਅਤੇ ਖਰੀਫ 2013 ਵਿੱਚ ਇਸ ਗੁੱਛੇ ਤੋਂ ਪ੍ਰਾਪਤ ਬੀਜਾਂ ਨੂੰ ਲਗਾਇਆ। ਬੀ ਏ ਆਈ ਐਫ ਦੇ ਮਾਹਿਰਾਂ ਦੇ ਮਾਰਗਦਰਸ਼ਨ ਵਿੱਚ ਤਿੰਨ ਸਾਲਾਂ ਦੀ ਲਗਾਤਾਰ ਸ਼ੁਧੀ ਅਤੇ ਅਪਗ੍ਰੇਡ ਕਰਨ ਤੋਂ ਬਾਅਦ ਉਹ ਵਿਸ਼ੇਸ਼ ਗੁਣਾਂ ਵਾਲੀ ਇੱਕ ਨਵੀਂ ਚੋਣ ਨੂੰ ਵਿਕਸਿਤ ਕਰਨ ਵਿੱਚ ਸਫਲ ਰਿਹਾ।

ਖੇਤਰ ਦੇ ਕਿਸਾਨਾਂ ਨੇ ਇਸ ਕਿਸਮ ਨੂੰ ਝਾੜ, ਛੋਟੇ ਪਤਲੇ ਦਾਣੇ ਅਤੇ ਰੋਗਾਂ ਅਤੇ ਕੀਟਾਂ ਨਾਲ ਲੜਨ ਦੀ ਪ੍ਰਤੀਰੋਧਕ ਸ਼ਕਤੀ ਕਰਕੇ ਅਪਣਾ ਲਿਆ। 2012 ਦੇ ਖਰੀਫ ਸੀਜ਼ਨ ਦੌਰਾਨ ਇਸ ਕਿਸਮ ਦਾ ਪੰਜ ਕੁਇੰਟਲ ਬੀਜ ਤਿਆਰ ਕੀਤਾ ਅਤੇ ਬੀਜ ਬੈਂਕ ਨੂੰ ਵਿਤਰਣ ਲਈ ਦੇ ਦਿੱਤਾ ਤਾਂਕਿ ਇਹ ਹੋਰ ਜ਼ਿਆਦਾ ਕਿਸਾਨਾਂ ਤੱਕ ਪਹੁੰਚ ਸਕੇ।

ਸੁਨੀਲ ਬਿਆਨੀ ਸੰਵਰਧਨ ਸਮਿਤੀ, ਦੇਂਗਾਚੀਮੇਥ (ਬੀਜ ਬਚਾਉਣ ਵਾਲੇ ਕਿਸਾਨਾਂ ਦਾ ਗਰੁੱਪ) ਦਾ ਸਰਗਰਮ ਮੈਂਬਰ ਹੈ।ਸੁਨੀਲ ਦੀਆਂ ਚੋਣ ਵਿਧੀ ਰਾਹੀ ਕਿਸਮ ਨੂੰ ਵਿਕਸਿਤ ਕਰਨ ਦੇ ਯਤਨਾਂ ਦੀ ਪ੍ਰਸੰਸ਼ਾ ਕੀਤੀ ਗਈ ਅਤੇ 2011-12 ਦੇ ‘ਪਲਾਂਟ ਜੀਨੋਮ ਸੇਵੀਅਰ ਫਾਰਮਰ ਰਿਕੋਗਨੀਸ਼ਨ ਐਵਾਰਡ’ ਨਾਲ ਉਸਨੂੰ ਦਿੱਲੀ ਵਿਖੇ ਸਨਮਾਨਿਤ ਕੀਤਾ ਗਿਆ। ਸੁਨੀਲ ਨੇ ਝੋਨੇ ਦੀ ਇਸ ਕਿਸਮ ਦਾ ਨਾਮ ਆਪਣੀ ਬੇਟੀ ਦੇ ਨਾਮ ਤੇ ‘ਅਸ਼ਵਿਨੀ’ ਰੱਖਿਆ। ਸੁਨੀਲ ਖੇਤਰ ਵਿੱਚ ਜੈਵ ਵਿਭਿੰਨਤਾ ਬਣਾਏ ਰੱਖਣ ਵਿੱਚ ਆਪਣੇ ਸਾਥੀ ਕਿਸਾਨਾਂ ਦੀ ਮੱਦਦ ਕਰ ਰਿਹਾ ਹੈ।

ਘਰੇਲੂ ਬਗੀਚੀਆਂ ਵਿੱਚ ਵਿਭਿੰਨਤਾ


ਕਬਾਇਲੀ ਸਮੁਦਾਇਆਂ ਕੋਲ ਘਰ ਦੇ ਪਿਛਵਾੜੇ ਵਿੱਚ ਖਾਣੇ ਦੇ ਵਿਭਿੰਨ ਸਰੋਤ ਹੁੰਦੇ ਹਨ ਜੋ ਕਿ ਪੋਸ਼ਣ ਅਤੇ ਸਿਹਤਮੰਦ ਭੋਜਨ ਦੇ ਸਰੋਤ ਹਨ।ਰਵਾਇਤੀ ਤੌਰ ਤੇ ਹਰ ਘਰ ਦੀ ਆਪਣੀ ਘਰੇਲੂ ਬਗੀਚੀ ਹੁੰਦੀ ਹੈ। ਇਹ ਘਰ ਦੇ ਨਾਲ ਜਾਂ ਪਿੱਛੇ ਛੋਟੇ-ਛੋਟੇ ਪਲਾਟ ਹੁੰਦੇ ਹਨ ਜਿੰਨਾਂ ਵਿੱਚ ਇੱਕ ਤੋਂ ਜ਼ਿਆਦਾ, ਬਹੁਪਰਤੀ ਅਤੇ ਬਹੁ ਉਦੇਸ਼ੀ ਰੁੱਖ, ਪੌਦੇ, ਜੜ੍ਹੀ-ਬੂਟੀਆਂ ਅਤੇ ਝਾੜੀਆਂ ਹੁੰਦੀਆਂ ਹਨ। ਇਹਨਾਂ ਵਿੱਚ ਮੌਸਮੀ ਅਤੇ ਪੌਸ਼ਟਿਕ ਸਬਜੀਆਂ, ਔਸ਼ਧੀ ਪੌਦੇ ਮਾਨਸੂਨ ਦੌਰਾਨ ਲਗਾਏ ਜਾਂਦੇ ਹਨ ਅਤੇ ਸੀਮਾ ਤੇ ਕੁੱਝ ਬਾਰਾਮਾਸੀ ਵੱਡੇ ਰੁੱਖ ਲਗਾਏ ਜਾਂਦੇ ਹਨ।ਰੁੱਖ ਅਤੇ ਸਬਜੀਆਂ ਸਥਾਨਕ ਹੁੰਦੇ ਹਨ।ਇਹਨਾਂ ਛੋਟੇ ਪਲਾਟਾਂ ਦਾ ਉਤਪਾਦਨ ਘਰ ਦੀਆਂ ਪੋਸ਼ਕ ਅਤੇ ਭੋਜਨ ਦੀਆਂ ਪੂਰੇ ਸਾਲ ਦੀਆਂ ਜਰੂਰਤਾਂ ਪੂਰੀਆਂ ਕਰਨ ਲਈ ਕਾਫ਼ੀ ਹੁੰਦਾ ਹੈ।

ਮਾਨਤਾ ਮਿਲਣੀ


ਕਿਸਾਨਾਂ ਦੇ ਬੀਜ ਬਚਾਓ ਗਰੁੱਪ ਨੂੰ ਪੌਦਿਆਂ ਦੀਆਂ ਕਿਸਮਾਂ ਦਾ ਸਰੰਖਿਅਣ ਅਤੇ ਕਿਸਾਨਾਂ ਦੇ ਅਧਿਕਾਰ ਅਥਾਰਿਟੀ, ਖੇਤੀ ਮੰਤਰਾਲੇ, ਭਾਰਤ ਸਰਕਾਰ ਵੱਲੋਂ ਸਾਲ 2011-12 ਦਾ ‘ਪਲਾਂਟ ਜੀਨੋਮ ਸੇਵੀਅਰ ਕਮਿਊਨਿਟੀ ਐਵਾਰਡ’ ਮਿਲਿਆ। ਇਹ ਫਸਲਾਂ ਦੇ ਜੈਨੇਟਿਕ ਸਰੋਤਾਂ ਦੇ ਸਰੰਖਿਅਣ ਲਈ ਦਿੱਤਾ ਜਾਣ ਵਾਲਾ ਸਭ ਤੋਂ ਸਨਮਾਨਜਨਕ ਪੁਰਸਕਾਰ ਹੈ।ਇਸਦੇ ਨਾਲ ਹੀ ਦੋ ਖੋਜੀ ਕਿਸਾਨਾਂ ਚੌਕ ਪਿੰਡ ਦੇ ਸ਼੍ਰੀ ਮਾਵਾਂਜੀ ਪਵਾਰ ਅਤੇ ਕਮਾੜੀਪਾੜਾ ਪਿੰਡ ਦੇ ਸ਼੍ਰੀ ਸੁਨੀਲ ਕਮਾੜੀ ਨੂੰ ਉਹਨਾਂ ਦੇ ਫਸਲ ਜੈਨੇਟਿਕ ਸਰੋਤਾਂ ਦੇ ਸਰੰਖਿਅਣ ਅਤੇ ਸੰਭਾਲ ਲਈ ਵੱਡਮੁੱਲੇ ਯੋਗਦਾਨ ਲਈ 2011-12 ਦਾ ‘ਪਲਾਂਟ ਜੀਨੋਮ ਸੇਵੀਅਰ ਫਾਰਮਰ ਰਿਕੋਗਨੀਸ਼ਨ ਐਵਾਰਡ’ ਮਿਲਿਆ।

ਅੱਗੇ ਦਾ ਰਸਤਾ


ਬੀਜ ਉਤਪਾਦਨ ਅਤੇ ਫਸਲ ਉਤਪਾਦਨ ਦੀਆਂ ਵਧੀਆ ਤਕਨੀਕਾਂ ਦੇ ਕਿਸਾਨਾਂ ਦੇ ਗਿਆਨ ਨੂੰ ਮਜ਼ਬੂਤ ਕਰਨ ਨਾਲ ਉਹਨਾਂ ਦੀ ਆਜੀਵਿਕਾ ਵਿੱਚ ਸੁਧਾਰ ਲਿਆਉਣ ਵਿੱਚ ਸਫਲਤਾ ਮਿਲੀ ਹੈ।ਭਵਿੱਖ ਵਿੱਚ, ਦਾਲਾਂ, ਸਬਜੀਆਂ ਅਤੇ ਜੰਗਲੀ ਖਾਧ ਸੰਸਾਧਨਾਂ ਦੇ ਸਰੰਖਿਅਣ ਉੱਪਰ ਜ਼ਿਆਦਾ ਧਿਆਨ ਦੇ ਕੇ ਕਬਾਇਲੀ ਸਮੁਦਾਇਆਂ ਦੀ ਖਾਧ ਅਤੇ ਪੋਸ਼ਣ ਸੁਰੱਖਿਆ ਨੂੰ ਵਧਾਇਆ ਜਾਵੇਗਾ।

ਸਮੁਦਾਇਕ ਬੀਜ ਬੈਂਕਾਂ ਦੇ ਨੈੱਟਵਰਕ ਨੂੰ ਹੋਰ ਵਿਕਸਿਤ ਕਰਨ ਨਾਲ ਜ਼ਿਆਦਾ ਕਿਸਾਨਾਂ ਤੱਕ ਪਹੁੰਚਿਆ ਜਾ ਸਕੇਗਾ।ਇਸ ਤੋਂ ਇਲਾਵਾ, ਨੈੱਟਵਰਕ ਸਮੂਹੀਕਰਨ ਅਤੇ ਵੈਲਿਊ ਐਡੀਸ਼ਨ ਰਾਹੀ ਬਾਜ਼ਾਰ ਦੇ ਲਈ ਵਧੀਆ ਪਹੁੰਚ ਬਣਾਉਣ ਵਿੱਚ ਮੱਦਦ ਕਰੇਗਾ।ਹਾਲਾਂਕਿ, ਇਹ ਸਮੁਦਾਇ ਦੇ ਪੱਧਰ ਤੇ ਭੰਡਾਰਣ ਸੁਵਿਧਾਵਾਂ ਵੀ ਮੁਹੱਈਆ ਕਰਵਾਏਗਾ।

ਕਿਉਂਕਿ ਇਹਨਾਂ ਕਿਸਮਾਂ ਦੇ ਸਰੰਖਿਅਣ ਅਤੇ ਟਿਕਾਊ ਇਸਤੇਮਾਲ ਵਿੱਚ ਕਿਸਾਨ ਸਮੁਦਾਇ ਸ਼ਾਮਿਲ ਹਨ, ਉਹਨਾਂ ਨੂੰ ਇਹਨਾਂ ਸੰਸਾਧਨਾਂ ਦੀ ਰੱਖਿਆ ਲਈ ਕੁੱਝ ਸਹਿਯੋਗ ਦੀ ਲੋੜ ਹੈ।ਕਿਸਾਨਾਂ ਦੀਆਂ ਕਿਸਮਾਂ ਦੀ ਪੀ ਪੀ ਵੀ ਅਤੇ ਐਫ ਆਰ ਐਕਟ ਅਧੀਨ ਰਜਿਸਟ੍ਰੇਸ੍ਹਨ ਕਰਵਾਉਣੀ ਜਰੂਰੀ ਹੋ ਗਈ ਹੈ। ਇਸਤੋਂ ਅੱਗੇ ਪੋਸ਼ਕ ਮੁੱਲ੍ਹਾਂ ਬਾਰੇ ਲੋਕਾਂ ਦੇ ਗਿਆਨ ਦੀ ਮਾਨਤਾ ਅਤੇ ਫਸਲ ਦੀਆਂ ਕਿਸਮਾਂ ਦੀ ਬਾਰ ਕੋਡਿੰਗ ਅਤੇ ਡੀ ਐਨ ਏ ਫਿੰਗਰ ਪ੍ਰਿੰਟਿੰਗ ਲਈ ਰਸਾਇਣਿਕ ਅਤੇ ਆਣਵਿਕ ਪੱਧਰ ਤੇ ਅਧਿਐਨ ਦੀ ਜਰੂਰਤ ਹੈ।

ਸ਼੍ਰੀ ਸੰਜਯ ਪਾਟਿਲ

ਬੀ ਏ ਆਈ ਐਫ ਵਿਕਾਸ ਖੋਜ ਫਾਊਂਡੇਸ਼ਨ ਨਾਲ ਕੰਮ ਕਰਦੇ ਹਨ।

Disqus Comment

Related Articles (Topic wise)

Related Articles (District wise)

About the author

नया ताजा