ਜੈਵਿਕ ਖੁਰਾਕ: ਖੇਤ ਤੋਂ ਸਿੱਧੀ ਥਾਲੀ ਤੱਕ

Submitted by kvm on Wed, 09/14/2016 - 16:17
Printer Friendly, PDF & Email

ਇਸ ਤੋਂ ਪਹਿਲਾਂ ਕਿ ਮੈਂ ਜੈਵਿਕ ਖੁਰਾਕ ਬਾਰੇ ਆਪਣੇ ਵਿਚਾਰ ਰੱਖਾਂ ਆਪਜੀ ਨੂੰ ਆਪਣੇ ਬਾਰੇ ਕੁੱਝ ਦੱਸਣਾ ਉੱਚਿਤ ਸਮਝਦਾ ਹਾਂ। ਇਸ ਤਰ੍ਹਾਂ ਕਰਨ ਨਾਲ ਆਪਜੀ ਨੂੰ ਇਸ ਵਿਸ਼ੇ ਦਾ ਸੰਦਰਭ ਸਮਝਣ ਵਿੱਚ ਆਸਾਨੀ ਹੋਵੇਗੀ। ਮਿੱਤਰੋ, ਮੈਂ 1964 'ਚ ਖੇਤੀ ਵਨਸਪਤੀ ਸ਼ਾਸ਼ਤਰ ਵਿੱਚ ਸਨਾਤਕੋਚਰ ਅਰਥਾਤ ਐੱਮ. ਐਸ. ਸੀ. ਦੀ  ਪੜ੍ਹਾਈ  ਮੁਕੰਮਲ ਕੀਤੀ। ਉਹਨਾਂ ਦਿਨਾਂ 'ਚ ਖੇਤੀ ਦੀ ਪੜ੍ਹਾਈ  ਵਿੱਚ ਪੌਧ ਪ੍ਰਜਨਣ ਨਾਮਕ ਇੱਕ ਨਵਾਂ ਵਿਸ਼ਾ ਸ਼ਾਮਿਲ ਹੋਇਆ ਸੀ। ਇਹ ਵਿਸ਼ਾ ਦਸਦਾ ਸੀ ਕਿ ਦੋ ਵੱਖ-ਵੱਖ ਪ੍ਰਜਾਤੀਆਂ ਦੇ ਨਰ-ਮਾਦਾ ਸੰਯੋਗ ਸਦਕਾ ਉਤਪਾਦਿਤ ਬੀਜ ਪੰਜ ਤੋਂ ਦਸ ਗੁਣਾ ਵੇਧਰੇ ਉਤਪਾਦਨ ਦੇਣ ਦੇ ਸਮਰੱਥ ਹੁੰਦੇ ਹਨ। ਪਰੰਤੂ ਜਦੋਂ ਮੈਂ ਇੰਦੌਰ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਖੇਤਰ ਖੋਜ਼ 'ਤੇ ਨੌਕਰੀ ਸ਼ੁਰੂ ਕੀਤੀ ਤਾਂ ਇਹ ਗੱਲ ਸਮਝ ਪਈ ਕਿ ਜੋ ਪੜ੍ਹਿਆ ਸੀ ਉਹ ਸਿਰਫ ਕਿਤਾਬੀ ਗੱਲ ਸੀ। ਮਹਿਜ਼ ਇੱਕ ਖਿਆਲੀ ਪੁਲਾਅ ਸੀ। ਮੈਨੂੰ ਪਤਾ ਚੱਲਿਆ ਕਿ ਮੈਂ ਖੋਜ਼ ਖੇਤਰ ਵਿੱਚ ਖੇਤੀ ਰਸਾਇਣਾਂ ਅਤੇ ਗੋਬਰ ਖਾਦ ਦੇ ਮਿਸ਼ਰਣ ਨਾਲ ਵੱਧ ਉਤਪਾਦਨ ਦੇਣ ਵਾਲੇ ਜਿਹੜੇ ਪ੍ਰਯੋਗ ਕਰ ਰਿਹਾ ਹਾਂ ਉਹਨਾਂ ਦਾ ਪੌਧ-ਪ੍ਰਜਨਣ ਨਾਲ ਦੂਰ-ਦੂਰ ਤੱਕ ਵੀ ਕੋਈ ਰਿਸ਼ਤਾ ਨਹੀਂ ਹੈ। ਇੱਕ ਗੱਲ ਹੋਰ ਜਿਹੜੇ ਪ੍ਰਯੋਗ ਦੌਰਾਨ ਜਿਹੜੇ ਪਲਾਟਾਂ 'ਚ ਰਸਾਇਣ ਨਹੀਂ ਸਨ ਪਾਏ ਜਾਂਦੇ ਉਹਨਾਂ ਪਲਾਟਾਂ ਦਾ ਝਾੜ ਰਸਾਇਣਾਂ ਦੀ ਵਰਤੋਂ ਵਾਲੇ ਪਲਾਟਾਂ ਨਾਲੋਂ ਜਿਆਦਾ ਮਿਲਦਾ ਸੀ। ਹੁਣ ਮੇਰੀ ਸਮਝ 'ਚ ਆ ਰਿਹਾ ਸੀ ਕਿ ਖੇਤੀ ਵਿੱਚ ਗੋਬਰ ਅਤੇ ਖੇਤੀ ਰਸਾਇਣਾਂ ਦਾ ਪ੍ਰਯੋਗ ਹੀ ਗ਼ੈਰ ਵਿਗਿਆਨਕ ਹੈ। ਇਹ ਠੀਕ ਉਸੇ ਪ੍ਰਕਾਰ ਹੈ ਕਿ ਆਯੂਰਵੈਦਿਕ ਦਵਾਈਆਂ ਵੀ ਖਾਓ ਅਤੇ ਪ੍ਰਹੇਜ਼ ਨਾ ਰੱਖਦੇ ਹੋਏ ਚਾਟ-ਮਸਾਲੇ ਵੀ ਡਕਾਰਦੇ ਜਾਓ। ਮੈਂ ਜਿਵੇਂ-ਤਿਵੇਂ ਤਿੰਨ ਸਾਲ ਉੱਥੇ ਗੁਜ਼ਾਰੇ  ਇਹਨਾਂ ਤਿੰਨ ਸਾਲਾਂ 'ਚ ਮੈਂ ਇਸ ਨਤੀਜੇ 'ਤੇ ਪਹੁੰਚਕੇ ਕਿ ਅਜਿਹੇ ਪ੍ਰਯੋਗਾਂ ਨਾਲ ਖੇਤੀ ਅਤੇ ਕਿਸਾਨੀ ਦਾ ਕੋਈ ਭਲਾ ਨਹੀਂ ਹੋਣ ਵਾਲਾ ਮੈਂ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ।

ਫਿਰ ਮੈਂ ਬੰਬਈ 'ਚ ਰਸਾਇਣਿਕ ਕੀਟਨਾਸ਼ਕ ਦਵਾਈਆਂ ਬਣਾਉਣ ਵਾਲੀ ਇੱਕ ਬਹੁਕੌਮੀ ਕੰਪਨੀ 'ਚ ਨੌਕਰੀ ਕਰ ਲਈ। ਫ਼ਸਲਾਂ ਨੂੰ ਲੱਗਣ ਵਾਲੇ ਕੀਟ ਸਾਡੇ ਦੁਸ਼ਮਣ ਹਨ, ਇਹ ਅਸਲੋਂ ਹੀ ਗ਼ੈਰ ਵਿਗਿਆਨਕ ਤੱਥ ਉਹਨੀਂ ਦਿਨੀਂ ਮੇਰੀ ਸਮਝ ਨਹੀਂ ਸੀ ਪਿਆ। ਜੈਸੇ-ਤੈਸੇ 6 ਵਰ੍ਹੇ ਉੱਥੇ ਗੁਜ਼ਾਰੇ। ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਉੱਤਰਪ੍ਰਦੇਸ਼ ਵਿੱਚ ਕੰਮ ਕਰਦੇ ਹੋਏ ਸਾਡੀ ਅਮਰੀਕਨ ਕੰਪਨੀ ਦਾ ਰਸਾਇਣਿਕ ਕੀਟਨਾਸ਼ਕ ਵੇਚਣ ਦਾ ਇੱਕ ਹੀ ਫੰਡਾ ਸੀ ਕਿਸਾਨ ਪਵੇ ਢੱਠੇ ਖੂਹ ਸਾਨੂੰ ਤਾਂ ਇੰਨੇ ਲੱਖ ਡਾਲਰ ਚਾਹੀਦੇ ਹਨ।

ਮੈਂ ਇਹ ਨੌਕਰੀ ਵੀ ਛੱਡ ਦਿੱਤੀ ਅਤੇ ਇੰਦੌਰ ਵਿਖੇ ਖਾਦ, ਬੀਜ, ਕੀਟਨਾਸ਼ਕ ਰਸਾਇਣਾਂ ਦੀ ਦੁਕਾਨ ਕਰ ਲਈ। ਘਰੋਂ ਸੰਸਕਾਰ ਮਿਲੇ ਸੀ ਕਿ ਦੁਕਾਨਦਾਰ ਨੂੰ ਗ੍ਰਾਹਕ ਦੀ ਲੁੱਟ ਕਰਕੇ ਪੈਸਾ ਨਹੀਂ ਕਮਾਉਣਾ ਚਾਹੀਦਾ। ਮੈਂ ਇਹ ਦੇਖ ਰਿਹਾ ਸੀ ਕਿ ਜਿਹਨਾਂ ਸਾਧਨਾਂ ਬਗ਼ੈਰ ਕਿਸਾਨ ਖੇਤੀ ਕਰ ਹੀ ਨਹੀਂ ਸਕਦਾ ਜਿਵੇਂ ਕਿ ਗਊ, ਬੈਲ, ਹਲ , ਕਹੀ, ਗੈਂਤੀ, ਬੱਖਰ,  ਤਗਾਰੀ, ਰੱਸੀ, ਬਾਲਟੀ, ਹੱਸੀਏ ਆਦਿ ਸਭ ਤਾਂ ਬਾਜ਼ਾਰ ਵਿੱਚ ਨਗਦ ਬਿਕ ਰਹੇ ਹਨ  ਫਿਰ ਅਸੀਂ ਰਸਾਇਣਿਕ ਦਵਾਈਆਂ ਆਦਿ ਉਧਾਰ ਕਿਉਂ ਵੇਚੀਏ? ਜ਼ਿੰਦਗੀ 14 ਹੋਰ ਚੰਗੇ-ਭਲੇ ਸਾਲ ਮੈਂ ਦੁਕਾਨਦਾਰੀ 'ਚ ਖਰਾਬ ਕਰ ਲਏ। ਦੁਕਾਨਦਾਰੀ ਕਰਦੇ ਹੋਏ ਇੱਕ ਗੱਲ ਸਮਝ ਆ ਗਈ ਕਿ ਖੇਤੀ ਰਸਾਇਣ ਖਰੀਦਣਾ ਕਿਸਾਨ ਦੀ ਗਰਜ਼ ਨਹੀਂ ਸਗੋਂ ਉਸਨੂੰ ਇਸ ਸਭ ਵੇਚਣਾ ਸਾਡੀ ਗਰਜ਼ ਹੈ।

ਇਸੇ ਦੌਰਾਨ ਇੱਕ ਕਿਤਾਬ ਪੜ੍ਹਨ ਨੂੰ ਮਿਲੀ, 'ਸੀਕਰੇਟ ਲਾਈਫ਼ ਆਫ ਪਲਾਂਟ' ਯਾਨਿ ਪੌਦੇ ਦਾ ਅੰਦਰੂਨੀ ਜੀਵਨ। ਇਹ ਕਿਤਾਬ ਪੜ ਕੇ ਮੈਨੂੰ ਧਿਆਨ 'ਚ ਆ ਗਿਆ ਕਿ ਪੌਦੇ ਨੂੰ ਤੰਦਰੁਸਤ ਵਾਤਾਵਰਣ ਤੋਂ ਇਲਾਵਾ ਕੁੱਝ ਵੀ ਨਹੀਂ ਚਾਹੀਦਾ। ਵਰਖਾ ਦਾ ਪਾਣੀ, ਸੂਰਜ ਦੀ ਰੌਸ਼ਨੀ, ਭਾਰਤ ਦੀ ਉਪਜਾਊ ਮਿੱਟੀ, ਭਾਰਤ ਦੇ ਸ਼ਾਨਦਾਰ ਮੌਸ਼ਮ  ਅਤੇ ਸਾਡੇ ਰਿਸ਼ੀ-ਮੁਨੀਆਂ ਦੁਆਰਾ ਖੋਜ਼ੇ ਗਏ ਦੇਸੀ ਬੀਜਾਂ ਨਾਲ ਹੀ ਚੰਗੀ ਖੇਤੀ ਕੀਤੀ ਜਾ ਸਕਦੀ ਹੈ। ਇੱਕ ਗੱਲ ਹੋਰ ਸਮਝੇ ਪੈ ਗਈ ਕਿ ਤੁਸੀਂ ਜਿਸ ਦੇਸ ਵਿੱਚ ਰਹਿੰਦੇ ਹੋ ਉਸ ਦੇਸ ਦੇ ਲੋਕਾਂ ਦਾ ਰਹਿਣ-ਸਹਿਣ, ਉੱਥੋਂ ਦੀ ਮਿੱਟੀ, ਜਲਵਾਯੂ ਨੂੰ ਸਮਝੇ ਬਗ਼ੈਰ ਖੇਤੀ ਕਰਨਾ ਸਰਾਸਰ ਨਾਦਾਨੀ ਹੈ! ਅਵਿਗਿਆਨਕ ਹੈ! ਸਾਨੂੰ ਕੇਵਲ ਖੇਤੀ ਵਿਗਿਆਨ ਹੀ ਨਹੀਂ ਸਗੋਂ ਵਿਗਿਆਨਕ ਖੇਤੀ ਦੀ ਸਮਝ ਵੀ ਚਾਹੀਦੀ ਹੈ।

1986 ਵਿੱਚ ਮੈਂ ਸਭ ਰਸਾਇਣਾਂ, ਵਿਦੇਸ਼ੀ ਖਾਦ, ਵਿਦੇਸ਼ੀ ਬੀਜ ਅਤੇ ਖੇਤੀ ਦੀ ਵਿਦੇਸ਼ੀ ਤਕਨੀਕ ਨੂੰ ਛੱਡ ਕੇ ਭਾਰਤ ਦੀ ਰਵਾਇਤੀ ਖੇਤੀ ਦਾ ਅਧਿਐਨ ਸ਼ੁਰੂ ਕੀਤਾ। ਮਹਾਰਾਸ਼ਟਰ, ਗੁਜਰਾਤ, ਆਂਧਰਪ੍ਰਦੇਸ਼, ਕੇਰਲ ਅਤੇ ਕਰਨਾਟਕ 'ਚ ਹੋ ਰਹੀ ਪ੍ਰੰਪਰਾਗਤ ਭਾਰਤੀ ਖੇਤੀ ਨੂੰ ਦੇਖਿਆ-ਸਮਝਿਆ। ਆਪਣੇ ਖੁਦ ਖੇਤਾਂ 'ਚ ਨਿਰੰਤਰ 12 ਵਰ੍ਹੇ ਉਸਦੇ ਪ੍ਰਯੋਗ ਕੀਤੇ ਅਤੇ ਇਸ ਨਤੀਜੇ 'ਤੇ ਪਹੁੰਚਿਆ ਕਿ ਇਹ ਹੀ 'ਸੱਚੀ ਖੇਤੀ' ਹੈ।

1905 ਵਿੱਚ ਇੰਗਲੈਂਡ ਨੇ ਅਲਬਰਟ ਹਾਵਰਡ ਨਾਮਕ ਖੇਤੀ ਵਿਗਿਆਨੀ ਨੂੰ ਭਾਰਤੀ ਕਿਸਾਨਾਂ ਤਾਂਈ ਰਸਾਇਣਿਕ ਖੇਤੀ ਸਿਖਾਉਣ ਦੇ ਉਦੇਸ਼ ਨਾਲ ਭਾਰਤ ਭੇਜਿਆ। ਪਰੰਤੂ ਇੱਕ ਸੱਚੇ ਵਿਗਿਆਨੀ ਵਾਂਗੂੰ ਸ਼੍ਰੀ ਹਾਵਰਡ ਨੇ ਪਹਿਲਾਂ ਭਾਰਤ ਦੀ ਖੇਤੀ ਨੂੰ ਦੇਖਿਆ-ਸਮਝਿਆ ਅਤੇ ਪੂਰੇ 19 ਵਰਿਆਂ ਤੱਕ ਇੱਥੋਂ ਦੇ ਮੌਸਮ, ਭੂਮੀ, ਪਾਣੀ, ਵਨਸਪਤੀਆਂ ਦੇ ਨਾਲ-ਨਾਲ ਲੋਕਾਂ ਦੀ ਜੀਵਨ ਸ਼ੈਲੀ ਦਾ ਗਹਿਰਾ ਅਧਿਐਨ ਕੀਤਾ। ਇਹ ਕੰਮ ਮੁਕੰਮਲ ਕਰਨ ਉਪਰੰਤ 1924 ਤੋਂ 1933 ਤੱਕ ਉਹਨਾਂ ਨੇ ਭਾਰਤੀ ਖੇਤੀ ਵਿਧੀਆਂ ਅਤੇ ਪ੍ਰਯੋਗਾਂ ਨੂੰ ਲਗਾਤਾਰ ਖੇਤਾਂ ਵਿੱਚ ਪਰਖਿਆ ਅਤੇ ਇਸ ਨਤੀਜੇ 'ਤੇ ਪਹੁੰਚੇ ਕਿ ਦੁਨੀਆ ਭਰ ਵਿੱਚ ਭਾਰਤੀ ਖੇਤੀ ਦਾ ਕੋਈ ਸਾਨੀ ਨਹੀਂ। ਉਹਨਾਂ ਦੁਆਰਾ ਪ੍ਰਾਪਤ ਨਤੀਜਿਆਂ ਦਾ ਸਾਰ ਇਸ ਪ੍ਰਕਾਰ ਹੈ:

ਓ ) ਭਾਰਤ ਦੀ ਬਹੁਫ਼ਸਲੀ ਖੇਤੀ ਪ੍ਰਣਾਲੀ ਸਰਵਉੱਤਮ ਹੈ

ਅ) ਡੱਬਾ ਬੰਦ ਫ਼ਸਲ ਸੰਸਕਰਣ ਭਾਰਤ ਦੀ ਜਲਵਾਯੂ ਦੇ ਅਨੁਕੂਲ ਨਹੀਂ ਹਨ।

ਈ ) ਖੇਤ 'ਚ ਉਪਲਭਧ ਵਨਸਪਤੀਆਂ, ਫ਼ਸਲੀ ਰਹਿੰਦ-ਖੂੰਹਦ, ਗੋਬਰ ਅਤੇ ਗੌਮੂਤਰ ਤੋਂ ਖਾਦ ਅਤੇ ਫ਼ਸਲ ਰੱਖਿਅਕ ਰਸਾਇਣ ਬਣਾਏ ਜਾਣੇ ਚਾਹੀਦੇ ਹਨ।

ਸ) ਜਵਾਰ, ਬਾਜ਼ਰਾ, ਮੱਕੀ ਦੀਆਂ ਜੜ੍ਹਾਂ'ਚ ਜਿਹੜਾ ਮਾਈਕੋਰਾਈਜ਼ਾ ਸੂਖਮ ਜੀਵਾਣੂ ਕੁਦਰਤੀ ਅਵਸਥਾ ਵਿੱਚ ਪਾਇਆ ਜਾਂਦਾ ਹੈ, ਉਹ ਖੇਤ ਵਿੱਚ ਹਿਊਮਸ/ਮੱਲੜ੍ਹ ਤਿਆਰ ਕਰ ਭੂਮੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦਾ ਹੈ। ਉਸਨੂੰ ਵਧਾਇਆ ਜਾਣਾ ਚਾਹੀਦੇ ਹੈ ਅਤੇ ਪੌਧ ਪ੍ਰਜਨਣ ਸ਼ਾਸ਼ਤਰ ਅਤੇ ਪੌਧ ਰੋਗ ਸ਼ਾਸ਼ਤਰ ਬੰਦ ਕਰ ਦੇਣੇ ਚਾਹੀਦੇ ਹਨ।

ਮਿੱਤਰੋ ਆਜ਼ਾਦੀ ਮਿਲਣ ਉਪਰੰਤ ਸਾਡੇ ਦੇਸ ਵਿੱਚ ਬਣਾਏ ਗਈਆਂ ਖੇਤੀ ਯੂਨੀਵਰਸਿਟੀਆਂ ਵਿੱਚ ਇਹਨਾਂ ਨਤੀਜਿਆਂ ਦੇ ਠੀਕ ਉਲਟੀ ਪੜ੍ਹਾਈ ਸ਼ੁਰੂ ਕੀਤੀ ਗਈ। ਬਹੁਫ਼ਸਲੀ ਖੇਤੀ ਦੀ ਥਾਂਵੇਂ ਸੋਇਆਬੀਨ, ਕਪਾਹ, ਚਾਵਲ ਅਤੇ ਗੰਨੇ ਵਰਗੀਆਂ ਨਗਦ ਫ਼ਸਲਾਂ ਦੀ ਬੀਜਾਂਦ ਨੂੰ ਉਤਸ਼ਾਹਿਤ ਕੀਤਾ ਗਿਆ। ਖੇਤਾਂ 'ਚੋ ਬੈਲ ਹਟਾ ਕੇ ਟਰੈਕਟਰ ਵਾੜ ਦਿੱਤ ਗਏਨੂੰ। ਵੱਟਾਂ ਤੋੜ ਦਿੱਤੀਆਂ ਗਈਆਂ ਅਤੇ ਰੁੱਖ ਵੱਢ ਦਿੱਤੇ ਗਏ। ਖੇਤਾਂ ਵਿੱਚ ਖੇਤੀ ਰਸਾਇਣਾਂ ਦੀ ਆਮਦ ਕਾਰਣ ਭੂਮੀ ਵਿੱਚ ਸੂਖਮ ਜੀਵਾਣੂ ਨਸ਼ਟ ਹੋ ਗਏ। ਤਲਾਬ ਭਰ ਦਿੱਤੇ ਗਏ ਅਤੇ ਖੇਤਾਂ ਦਾ ਤਾਪਮਾਨ ਵਧ ਗਿਆ। ਸਿੰਜਾਈ ਅਤੇ ਬਿਜਲੀ ਉਤਪਾਦਨ ਲਈ ਵੱਡੇ-ਵੱਡੇ ਡੈਮ ਬਣੇ ਅਤੇ ਖੇਤੀ ਮਹਿੰਗੀ ਹੁੰਦੀ ਚਲੀ ਗਈ। ਮਜ਼ਦੂਰ ਨੇ ਪਿੰਡ ਛੱਡ ਸ਼ਹਿਰਾਂ 'ਚ ਸ਼ਰਣ ਲੈ ਲਈ। ਨਗਦੀ ਫ਼ਸਲਾਂ ਕਾਰਣ ਰੋਜ਼ਾਨਾਂ ਲੋੜ ਦੀਆਂ ਵਸਤਾਂ ਪਿੰਡਾਂ 'ਚੋਂ ਗਾਇਬ ਹੋ ਗਈਆਂ। ਘਰੇਲੂ ਲੋੜ ਦੀਆਂ ਜੋ ਵਸਤਾਂ-ਖਾਧ ਤੇਲੇ, ਹਲਦੀ, ਮਿਰਚ, ਕੱਪੜਾ ਆਦਿ ਕਿਸਾਨ ਖੇਤ ਵਿੱਚ ਹੀ ਪੈਦਾ ਕਰ ਲੈਂਦਾ ਸੀ, ਉਹ ਬਾਜ਼ਾਰ ਤੋਂ ਖਰੀਦਣ ਲੱਗ ਪਿਆ। ਇਸ ਪ੍ਰਕਾਰ ਕਿਸਾਨ ਦਿਨ ਪ੍ਰਤਿ ਦਿਨ ਖੇਤੀ-ਕਿਸਾਨੀ ਦੇ ਡੂੰਘੇ ਹੋਰ ਡੂੰਘੇ ਸੰਕਟ 'ਚ ਫ਼ਸਦਾ ਗਿਆ।

ਮਿੱਤਰੋ, ਬਾਜ਼ਾਰ ਸਾਡੇ 'ਤੇ ਇਸ ਕਦਰ ਹਾਵੀ ਹੋ ਗਿਆ ਹੈ ਕਿ ਉਸਨੇ ਅਰਥਸ਼ਾਸ਼ਤਰ ਦੇ ਸਿਧਾਂਤਾਂ ਨੂੰ ਹੀ ਝੁਠਲਾ ਦਿੱਤਾ ਹੈ। ਭਾਵ ਕਿ ਪਹਿਲਾਂ ਮੰਗ ਦੇ ਹਿਸਾਬ ਨਾਲ ਚੀਜਾਂ ਦਾ ਉਤਪਾਦਨ ਹੁੰਦਾ ਸੀ ਪਰੰਤੂ ਹੁਣ ਉਤਪਾਦਨ ਪਹਿਲਾਂ ਹੁੰਦਾ ਹੈ ਅਤੇ ਮੰਗ ਕੋਈ ਮਾਇਨੇ ਨਹੀਂ ਰੱਖਦੀ। ਢੇਰੋਂ-ਢੇਰ ਉਤਪਾਦਨ ਹੁੰਦਾ ਹੈ ਅਤੇ ਫਿਰ ਆਕ੍ਰਸ਼ਕ ਵਿਗਿਆਪਨਾਂ ਜ਼ਰੀਏ ਬਾਜ਼ਾਰ ਉਸਨੂੰ ਤੁਹਾਡੇ ਘਰਾਂ-ਖੇਤਾਂ ਤੱਕ ਪਹੁੰਚਾ ਦਿੰਦਾ ਹੈ। ਅੱਜ ਕੱਲ ਬਾਜ਼ਾਰ 'ਚ ਘਰੋਗੀ ਲੋੜਾਂ ਦੀਆਂ ਵਸਤਾਂ ਹੀ ਨਹੀਂ ਵਿਕਦੀਆਂ ਬਲਕਿ ਰਾਜਨੇਤਾ, ਸਿੱਖਿਆ ਸੰਸਥਾਨ, ਅਖ਼ਬਾਰ ਇੱਥੋਂ ਤੱਕ ਕਿ ਭਗਵਾਨ ਵੀ ਬਾਜ਼ਾਰ ਦੀ ਵਸਤੂ ਬਣ ਗਿਆ ਹੈ।

ਇਸ ਸਮੁੱਚੇ ਮਕੜਜਾਲ ਨੂੰ ਤੋੜਨ ਲਈ ਪਹਿਲ ਸਾਨੂੰ ਹੀ ਕਰਨੀ ਪਵੇਗੀ। ਭਾਰਤ ਦੀ ਗ੍ਰਾਮੀਣ ਜਨਤਾ ਨਾਲ ਰੂ-ਬ-ਰੂ ਹੁੰਦਿਆਂ 100 ਵਰ੍ਹੇ ਪਹਿਲਾਂ ਗਾਂਧੀ ਜੀ ਨੇ ਕਿਹਾ ਸੀ ਕਿ ਸਾਨੂੰ ਵਿਦੇਸ਼ਾਂ ਦੀ ਨਕਲ ਇਸ ਲਈ ਨਹੀਂ ਕਰਨੀ ਚਾਹੀਦੀ ਕਿ ਉੱਥੇ ਸ਼ਹਿਰ ਜਿਆਦਾ ਅਤੇ ਪਿੰਡ ਘੱਟ ਹਨ ਅਤੇ ਸਾਡੇ ਇੱਥੇ ਸ਼ਹਿਰ ਘੱਟ ਅਤੇ ਪਿੰਡ ਜਿਆਦਾ ਹਨ। ਹੁਣ ਤਾਂ ਅਮਰੀਕਾ, ਫ਼ਰਾਂਸ, ਜਪਾਨ, ਇੰਗਲੈਂਡ ਅਤੇ ਜ਼ਰਮਨੀ ਦੇ ਲੋਕ ਵੀ ਸ਼ਹਿਰੀ ਸੱਭਿਅਤਾ ਤੋਂ ਤੰਗ ਆ ਕੇ ਪਿੰਡਾਂ ਵਿੱਚ ਰਹਿਣਾ ਪਸੰਦ ਕਰਨ ਲੱਗ ਪਏ ਹਨ।

ਇਸ ਗੱਲ ਨੂੰ ਲੈ ਕੇ ਅਸੀਂ ਇੰਦੌਰ ਵਿੱਚ ਇੱਕ ਅਨੂਠੀ ਪਹਿਲ ਸ਼ੁਰੂ ਕੀਤੀ ਹੈ, ਹਾਲਾਂਕਿ ਉਸਦੀ ਸ਼ੁਰੂਆਤ ਪੂਨੇ 'ਚ ਕਈ ਸਾਲ ਪਹਿਲਾਂ ਬਿੰਦੂ ਮਾਧਵ ਜੋਸ਼ੀ ਜੀ ਨੇ ਕੀਤੀ ਸੀ। ਇਸਨੂੰ 'ਗ੍ਰਾਹਕ ਸੰਘਟਨਾ ਪੇਠ' ਕਿਹਾ ਜਾਂਦਾ ਹੈ। ਇਸ ਵਿੱਚ ਕਿਸਾਨ ਅਤੇ ਸ਼ਹਿਰੀ ਖਪਤਕਾਰਾਂ ਵਿਚਾਲੇ ਸਿੱਧਾ ਸੰਵਾਦ ਸਥਾਪਿਤ ਹੁੰਦਾ ਹੈ। ਇੱਥੇ ਖਪਤਕਾਰ ਆਪਣੀ ਮੰਗ ਅਨੁਸਾਰ ਕਿਸਾਨਾਂ ਨੂੰ ਸੱਦਾ ਦਿੰਦੇ ਹਨ ਅਤੇ ਕਿਸਾਨ ਉਹਨਾਂ ਦੀ ਮੰਗ ਅਨੁਸਾਰ ਖੁਰਾਕ ਪੈਦਾ ਕਰਕੇ ਖਪਤਕਾਰਾਂ ਨੂੰ ਸੁਲਭ ਕਰਾਉਂਦੇ ਹਨ। ਇੰਦੌਰ ਦੀਆਂ ਜਾਣੀਆਂ-ਮਾਣੀਆਂ ਸੰਸਥਾਵਾਂ ਦੇ ਮਾਧਿਅਮ ਨਾਲ ਅਸੀਂ 10 ਕਿਸਾਨਾਂ ਨੂੰ ਇਸ ਕਾਰਜ ਲਈ ਸੱਦਾ ਦਿੱਤਾ ਸੀ। ਇਹ ਸਾਰੇ ਕਿਸਾਨ ਜੈਵਿਕ ਖੇਤੀ ਕਰਦੇ ਹਨ। ਕਿਸਾਨਾਂ ਅਤੇ ਖਪਤਕਾਰਾਂ ਵਿਚਕਾਰ ਇੱਕ ਕੜੀ ਦੇ ਰੂਪ ਵਿੱਚ ਅਸੀਂ ਇੱਕ ਸ਼ਹਿਰੀ ਸਹਿਕਾਰੀ ਸਮਿਤੀ ਸਥਾਪਿਤ ਕਰਨ ਜਾ ਰਹੇ ਹਾਂ। ਕਿਸਾਨ ਆਪਣੇ ਵਿੱਕਰੀ ਮੁੱਲ ਦਾ ਅਤੇ ਗ੍ਰਾਹਕ ਆਪਣੇ ਖਰੀਦੀ ਮੁੱਲ ਦਾ 2.5% ਇਸ ਸਮਿਤੀ ਨੂੰ ਦੇਵੇਗਾ। ਇਹ ਸਮਿਤੀ ਖਪਤਕਾਰਾਂ ਤੋਂ ਐਡਵਾਂਸ ਰਾਸ਼ੀ ਲੈ ਕੇ ਕਿਸਾਨਾਂ ਨੂੰ 25 ਫੀਸਦੀ ਐਡਵਾਂਸ ਦੇ ਕੇ ਉਹਨਾਂ ਦੇ ਉਤਪਾਦਾਂ ਦੇ ਭਾਅ ਤੈਅ ਕਰੇਗੀ ਅਤੇ ਉਹਨਾਂ ਤੋਂ ਸਮਾਨ ਖਰੀਦ ਕੇ ਪੈਕ ਕਰਨ ਉਪਰੰਤ ਖਪਤਕਾਰਾਂ ਨੂੰ ਉਪਲਭਧ ਕਰਵਾਏਗੀ।

ਇਸਦੇ ਤਿੰਨ ਲਾਭ ਹੋਣਗੇ:

ਓ ) ਪੈਸਾ ਸਿੱਧਾ ਕਿਸਾਨ ਨੂੰ ਮਿਲੇਗਾ,

ਅ) ਖਪਤਕਾਰਾਂ ਨੂੰ ਉੱਤਮ ਖੁਰਾਕ ਉੱਚਿਤ ਮੁੱਲ 'ਤੇ ਸੁਲਭ ਹੋਵੇਗੀ,

ਸ) ਸਹਿਕਾਰਤਾ ਦੀ ਭਾਵਨਾ ਨਾਲ ਜੈਵਿਕ ਖੇਤੀ ਨੂੰ ਉਤਸ਼ਾਹ ਮਿਲੇਗਾ ਅਤੇ ਵਾਤਾਵਰਣ ਸੁਰੱਖਿਆ ਵੀ ਸੁਨਿਸ਼ਚਿਤ ਹੋਵੇਗੀ।

ਮੈਨੂੰ ਲੱਗਦਾ ਹੈ ਕਿ ਇਹ ਹੀ ਸਮੇਂ ਦੀ ਮੰਗ ਹੈ.

Add new comment

This question is for testing whether or not you are a human visitor and to prevent automated spam submissions.

8 + 1 =
Solve this simple math problem and enter the result. E.g. for 1+3, enter 4.

Related Articles (Topic wise)

Related Articles (District wise)

About the author

Latest