ਭਾਰਤ ਦਾ ਭੁੱਲਿਆ-ਵਿਸਰਿਆ ਗੌ-ਵੰਸ਼: ਬਿਲਾਹੀ ਗਊ

Submitted by kvm on Fri, 04/11/2014 - 21:15
ਭਾਰਤ ਵੰਨ-ਸੁਵੰਨਤਾ ਭਰਪੂਰ ਦੇਸ਼ ਹੈ। ਕੁਦਰਤੀ ਸੋਮਿਆਂ ਦੀ ਵੰਨ-ਸੁਵੰਨਤਾ ਦੇ ਧਨੀ ਸਾਡੇ ਦੇਸ਼ ਵਿੱਚ ਬਨਸਪਤੀਆਂ ਤੋਂ ਲੈ ਕੇ ਜੀਵ-ਜੰਤੂਆਂ, ਸੂਖ਼ਮ ਜੀਵਾਂ ਦੀਆਂ ਅਨੇਕ ਜਾਤੀਆਂ-ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ। ਭਾਰਤ ਦਾ ਪ੍ਰਕ੍ਰਿਤੀ ਪ੍ਰਤਿ ਪ੍ਰੇਮ ਇਸੇ ਗੱਲ ਤੋਂ ਜ਼ਾਹਿਰ ਹੁੰਦਾ ਹੈ ਕਿ ਕਿਸ ਤਰਾਂ ਇਸ ਦੇਸ਼ ਵਿੱਚ ਬਨਸਪਤੀ ਅਤੇ ਜੀਵ-ਜੰਤੂਆਂ ਨੂੰ ਵੀ ਆਸਥਾ ਦਾ ਇੱਕ ਕੇਂਦਰ ਵੀ ਮੰਨਿਆ ਗਿਆ ਹੈ। ਇਸ ਦਾ ਇੱਕ ਢੁੱਕਵਾਂ ਉਦਾਹਰਣ ਭਾਰਤ ਦਾ ਪਸ਼ੂਆਂ ਪਰ੍ਤੀ ਪ੍ਰੇਮ ਹੈ।
ਭਾਰਤ ਮੁੱਖ ਤੌਰ 'ਤੇ ਇੱਕ ਖੇਤੀ ਪ੍ਰਧਾਨ ਦੇਸ਼ ਹੈ ਪਰ ਇਸਦੇ ਨਾਲ-ਨਾਲ ਪਸ਼ੂ-ਪਾਲਣ ਵੀ ਹਮੇਸ਼ਾ ਤੋਂ ਹੀ ਇਸਦਾ ਇੱਕ ਅਟੁੱਟ ਹਿੱਸਾ ਹੈ। ਅਸੀਂ ਜੋ ਪਸ਼ੂਧਨ ਪਾਲਦੇ ਸੀ ਉਸ ਵਿੱਚ ਵੀ ਬੜੀ ਵੰਨ-ਸੁਵੰਨਤਾ ਰਹੀ ਹੈ। ਗਾਂ, ਮੱਝ, ਬੱਕਰੀਆਂ ਹਰ ਇੱਕ ਪ੍ਰਜਾਤੀ ਦੀਆਂ ਕਈ-ਕਈ ਨਸਲਾਂ ਹਨ। ਇਹ ਸਭ ਸਾਡੇ ਦੇਸ਼ ਦੇ ਆਪਣੇ-ਆਪਣੇ ਇਲਾਕਿਆਂ ਦੇ ਵਾਤਾਵਰਣ ਅਨੁਕੂਲ ਢਲੀਆਂ ਹੋਈਆਂ ਹਨ।
ਸਰਕਾਰ ਵੀ ਜਿਸ ਤਰਾਂ ਦੁੱਧ ਉਤਪਾਦਨ ਨੂੰ ਇੱਕ ਵਾਧੂ ਆਮਦਨ ਸ੍ਰੋਤ ਦੇ ਤੌਰ 'ਤੇ ਪ੍ਰੋਤਸ਼ਾਹਿਤ ਕਰਦੀ ਆਈ ਹੈ, ਉਸ ਨਾਲ ਭਾਰਤ ਵਿੱਚ ਕੋਈ ਸ਼ੱਕ ਨਹੀਂ ਕਿ ਦੁੱਧ ਉਤਪਾਦਨ ਤਾਂ ਵਧਿਆ ਹੈ ਪਰ ਅਸੀਂ ਇਸਦੀ ਇੱਕ ਵੱਡੀ ਕੀਮਤ ਵੀ ਚੁਕਾ ਰਹੇ ਹਾਂ। ਜੱਗ-ਜ਼ਾਹਿਰ ਹੈ ਕਿ ਕਿਸ ਤਰਾਂ ਭਾਰਤ ਵਿੱਚ ਦੁੱਧ ਵਿੱਚ ਮਿਲਾਵਟ ਇੱਕ ਗੰਭੀਰ ਮੁੱਦਾ ਵਜੋਂ ਉੱਭਰ ਰਹੀ ਹੈ। ਇਹ ਵਰਤਾਰਾ ਦੁੱਧ ਦੀ ਨਿਰੰਤਰ ਵਧਦੀ ਮੰਗ ਨੂੰ ਦਰਸਾਉਂਦਾ ਹੈ। ਪ੍ਰਸ਼ਾਸਨ ਦੁਆਰਾ ਦੁੱਧ ਉਤਪਾਦਨ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਕਿਸਾਨਾਂ ਨੂੰ ਵਧੇਰੇ ਦੁੱਧ ਲਈ ਵਿਦੇਸ਼ੀ ਨਸਲਾਂ ਦੇ ਪਸ਼ੂ ਪਾਲਣ ਲਈ ਨਿਰੰਤਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਸਭ ਦਾ ਨਤੀਜੇ ਵਜੋਂ ਭਾਰਤੀ ਨਸਲਾਂ ਦੇ ਪਸ਼ੂਆਾਂ ਦੀ ਭਾਰੀ ਅਣਦੇਖੀ ਹੋ ਰਹੀ ਹੈ।
ਬਾਵਜੂਦ ਇਸਦੇ ਕਿ ਸਾਡੇ ਵਾਤਾਵਰਣ ਪਰ੍ਤੀ ਸਹਿਣਸ਼ੀਲ ਦੇਸੀ ਨਸਲਾਂ ਦੇ ਪਸ਼ੂ ਵਿਦੇਸ਼ੀ ਪਸ਼ੂਆਂ ਦੇ ਮੁਕਾਬਲੇ ਬਹੁਤ ਘੱਟ ਖਰਚ ਵਿੱਚ ਪਾਲੇ ਜਾ ਸਕਦੇ ਹਨ। ਸਰਕਾਰਾਂ ਵੱਲੋਂ ਦੇਸ਼ ਵਿੱਚ ਸਾਡੇ ਵਾਤਾਵਰਣ ਤੋਂ ਓਪਰੇ ਅਤੇ ਦੇਖ-ਭਾਲ ਪੱਖੋਂ ਕਿਤੇ ਵੱਧ ਖਰਚੀਲੇ ਵਿਦੇਸ਼ੀ ਪਸ਼ੂ ਪਾਲਣ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਹਿੱਤ ਅਨੇਕਾਂ ਯਤਨ ਕੀਤੇ ਜਾ ਰਹੇ ਹਨ। ਹਾਲਾਂਕਿ ਗੁਣਵੱਤਾ ਪੱਖੋਂ ਭਾਰਤੀ ਨਸਲ ਦੀਆਂ ਗਾਵਾਂ ਦਾ ਏ-2 ਦੁੱਧ ਵਿਦੇਸ਼ੀ ਨਸਲ ਦੀਆਂ ਗਾਵਾਂ ਦੇ ਏ-1 ਦੁੱਧ ਤੋਂ ਕਈ ਗੁਣਾ ਸਿਹਤਮੰਦ ਹੈ। ਮੌਜੂਦਾ ਸਮੇਂ ਏ-1 ਅਤੇ ਏ-2 ਦੁੱਧ ਦਾ ਮੁੱਦਾ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇੱਕ ਸਮੇਂ ਭਾਰਤ ਵਿੱਚ ਸਾਹੀਵਾਲ, ਥਾਰਪਰਕਰ, ਕੰਨਕ੍ਰੇਜ, ਗੀਰ, ਓਂਗਲ, ਲਾਲ ਸਿੰਧੀ ਆਦਿ ਸਮੇਤ ਦੇਸੀ ਗਊਆਂ ਦੀਆਂ 70 ਨਸਲਾਂ ਮੌਜੂਦ ਸਨ। ਜ਼ਿਕਰਯੋਗ ਹੈ ਕਿ ਸਾਹੀਵਾਲ, ਥਾਰਪਰਕਰ, ਗੀਰ, ਕੰਨਕ੍ਰੇਜ, ਗੀਰ, ਓਂਗਲ ਅਤੇ ਲਾਲ ਸਿੰਧੀ ਨਸਲ ਦੀਆਂ ਭਾਰਤੀ ਗਊਆਂ ਦੁੱਧ ਦੀ ਸਮਰਥਾ ਅਤੇ ਆਪਣੇ ਦੁੱਧ ਦੀ ਗੁਣਵੱਤਾ ਸਦਕਾ ਪੂਰੀ ਦੁਨੀਆਂ ਵਿੱਚ ਨਾਮਣਾ ਖੱਟ ਰਹੀਆਂ ਹਨ। ਪਰ ਇਹ ਬੜੇ ਅਫ਼ਸੋਸ ਤੇ ਦੁੱਖ ਦੀ ਗੱਲ ਹੈ ਨੈਸ਼ਨਲ ਬਿਊਰੋ ਆਫ ਐਨੀਮਲ ਜੈਨੇਟਿਕਸ (ਐਨ. ਬੀ. ਏ.. ਜੀ. ਆਰ.) ਦੇ ਵਰਤਮਾਨ ਰਿਕਾਰਡ ਅਨੁਸਾਰ ਗਊਆਂ ਦੀਆਂ ਭਾਰਤੀ ਨਸਲਾਂ ਦੀ ਗਿਣਤੀ ਹੁਣ 70 ਤੋਂ ਘਟ ਕੇ 32ਆਂ 'ਤੇ ਸਿਮਟ ਗਈ ਹੈ। ਐਨ. ਬੀ. ਏ. ਜੀ. ਆਰ. ਨੇ ਇਸੇ ਪੱਖ 'ਤੇ ਕੰਮ ਕਰਦੇ ਹੋਏ ਗਊਆਂ ਦੀਆਂ 5 ਹੋਰ ਦੇਸੀ ਨਸਲਾਂ ਨੂੰ ਰਿਕਾਰਡਬੱਧ ਕੀਤਾ ਹੈ।
ਖੇਤੀ ਵਿਰਾਸਤ ਮਿਸ਼ਨ, ਦੇਸ਼ ਦੇ ਭੁੱਲੇ-ਵਿੱਸਰੇ ਪਸ਼ੂਧਨ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨਾ ਆਪਣਾ ਅਹਿਮ ਫ਼ਰਜ਼ ਅਤੇ ਗੰਭੀਰ ਜ਼ਿੰਮੇਵਾਰੀ ਸਮਝਦਾ ਹੈ। ਸੋ ਬਲਿਹਾਰੀ ਕੁਦਰਤ ਦੇ ਇਸ ਅੰਕ ਤੋਂ ਆਪਣੇ ਇਸ ਉਪਰਾਲੇ ਦੀ ਸ਼ੁਰੂਆਤ ਕਰਦਿਆਂ ਅਸੀਂ ਐਨ. ਬੀ. ਏ. ਜੀ.ਆਰ. ਵੱਲੋਂ ਰਿਕਾਰਡ ਨਵੀਂਆਂ ਨਸਲਾਂ ਬਾਰੇ ਜਾਣਕਾਰੀ ਸਾਂਝੀ ਕਰਿਆਂ ਕਰਾਂਗੇ। ਇਸ ਨੇਕ ਉੱਦਮ ਦੀ ਪਹਿਲੀ ਕੜੀ ਵਜੋਂ ਅਸੀਂ ਬਿਲਾਹੀ ਗਾਂ ਬਾਰੇ ਗੱਲ ਕਰਾਂਗੇ।
ਬਿਲਾਹੀ ਗਾਂ ਨੂੰ ਦੇਸੀ, ਮੋਰਨੀ ਅਤੇ ਗੁਜ਼ਰੀ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਇਹ ਨਸਲ ਪੰਜਾਬ ਅਤੇ ਹਰਿਆਣਾ ਦੇ ਸਰਹੱਦ 'ਤੇ ਰਹਿਣ ਵਾਲੇ ਗੁੱਜ਼ਰ ਸਮਾਜ ਵੱਲੋਂ ਪਾਲੀ ਜਾਂਦੀ ਹੈ। ਇਹ ਨਸਲ ਹਰਿਆਣਾ ਦੇ ਪੰਚਕੂਲਾ ਅਤੇ ਅੰਬਾਲਾ ਜ਼ਿਲੇ ਦੇ ਪਿੰਡ ਜਿਵੇਂ ਕਿ ਮਾਸੂਮਪੁਰ, ਰੇਹਾਨਾ, ਗੜੀ ਸੁਲਤਾਨਪੁਰ, ਖ਼ੇਤਪੁਰਾਲੀ, ਤ੍ਰਿਲੋਕਪੁਰ, ਦੋਧਗੜ, ਕੜਿਆਨੀ, ਟਿੱਬੀ, ਖੁੱਡਾਂ ਕਲਾਂ, ਖਰੜ, ਕੁਰਾਲੀ ਅਤੇ ਪੰਜਾਬ ਦੇ ਮੋਹਾਲੀ ਅਤੇ ਰੋਪੜ ਜ਼ਿਲਿਆਂ ਵਿੱਚ ਪਾਈ ਜਾਂਦੀ ਹੈ।ਆਮ ਤੌਰ 'ਤੇ ਇਸ ਨਸਲ ਨੂੰ ਪ੍ਰਵਾਸ ਪ੍ਰਬੰਧਨ ਅਧੀਨ ਘੱਟ ਖਰਚੇ ਉੱਪਰ ਪਾਲਿਆ ਜਾਂਦਾ ਹੈ। ਪਸ਼ੂ ਚਾਰਨ ਵਾਲੇ ਸਾਲ ਦੇ ਮਾਰਚ ਤੋਂ ਨਵੰਬਰ ਤੱਕ ਨੌ ਮਹੀਨੇ ਪ੍ਰਵਾਸ 'ਤੇ ਰਹਿੰਦੇ ਹਨ। ਪ੍ਰਵਾਸ ਦੌਰਾਨ ਪਸ਼ੂ ਖਾਲੀ ਪਈ ਜ਼ਮੀਨ, ਸੜਕ ਕਿਨਾਰੇ, ਬੰਜ਼ਰ ਜ਼ਮੀਨਾਂ ਉੱਪਰ ਰੋਜ਼ਾਨਾ ਔਸਤ 6-7 ਘੰਟੇ ਤੱਕ ਚਰਦੇ ਹਨ। ਆਮ ਤੌਰ 'ਤੇ 4 ਤੋਂ 10 ਪਸ਼ੂਪਾਲਕ ਆਪਣੇ ਪਸ਼ੂ ਇੱਕ ਝੁੰਡ ਵਿੱਚ ਇਕੱਠਾ ਕਰਕੇ (ਇੱਕ ਝੁੰਡ ਵਿੱਚ ਔਸਤ 200-300 ) ਪ੍ਰਵਾਸ ਕਰਦੇ ਹਨ। ਕਿਸੇ ਵੀ ਸਮੇਂ ਇੱਕ ਝੁੰਡ ਵਿੱਚ 60-70 ਪ੍ਰਤੀਸ਼ਤ ਗਾਵਾਂ ਦੁਧਾਰੂ ਹੁੰਦੀਆਂ ਹਨ ਅਤੇ ਬਾਕੀ 30 ਪ੍ਰਤੀਸ਼ਤ ਤੋਕੜ ਹੁੰਦੀਆਂ ਹਨ। ਬਿਲਾਹੀ ਨਸਲ ਇੱਕ ਅਲੱਗ ਨਸਲ ਹੋਣ ਦੇ ਨਾਲ-ਨਾਲ ਅਲੱਗ ਦਿੱਖ ਵੀ ਰੱਖਦੀ ਹੈ ਜੋ ਕਿ ਇਸ ਨੂੰ ਇਸ ਖਿੱਤੇ ਵਿੱਚ ਪਾਏ ਜਾਣ ਵਾਲੇ ਬਾਕੀ ਪਸ਼ੂਆਂ ਤੋਂ ਅਲੱਗ ਕਰਦੀ ਹੈ। ਆਮ ਤੌਰ 'ਤੇ ਬਿਲਾਹੀ ਗਾਂ ਦਾ ਧੜ ਦਾ ਰੰਗ ਲਾਲ ਅਤੇ ਮੂੰਹ ਅਤੇ ਝਾਲਰ ਚਿੱਟੇ ਰੰਗ ਦੀ ਅਤੇ ਨੱਕ ਕਾਲੇ ਰੰਗ ਦਾ ਹੁੰਦਾ ਹੈ। ਇਹ ਨਸਲ ਦਰਮਿਅਨੀ ਕੱਦ-ਕਾਠੀ ਵਾਲੀ ਅਤੇ ਦੁੱਧ ਲਈ ਅਤੇ ਬੋਝਾ ਢੋਣ ਲਈ ਵਰਤੀ ਜਾਂਦੀ ਹੈ। ਇਸ ਨਸਲ ਦਾ ਤੀਜੇ ਸੂਏ ਔਸਤ 4 ਕਿਲੋ ਅਤੇ ਛੇਵੇਂ ਸੂਏ ਔਸਤ 3 ਕਿੱਲੋ ਦੁੱਧ ਰਿਕਾਰਡ ਕੀਤਾ ਗਿਆ ਹੈ। ਮਾਮੂਲੀ ਲਾਗਤ ਅਤੇ ਸੌਖਾਲੀ ਸਾਂਭ-ਸੰਭਾਲ ਵਾਲੀ ਇਸ ਨਸਲ ਤੋਂ ਪਸ਼ੂ ਪਾਲਕਾਂ ਨੇ ਦੁੱਧ ਦਾ ਵੱਧ ਤੋਂ ਵੱਧ 6 ਕਿੱਲੋ ਤੱਕ ਔਸਤ ਉਤਪਾਦਨ ਦਰਜ਼ ਕੀਤਾ ਗਿਆ ਹੈ। ਇੱਕ ਬੱਚੇ ਤੋਂ ਦੂਜੇ ਬੱਚੇ ਦੌਰਾਨ ਆਮ ਤੌਰ 'ਤੇ 12 ਤੋਂ 14 ਮਹੀਨਿਆਂ ਦਾ ਵਕਫ਼ਾ ਹੁੰਦਾ ਹੈ।
ਹਰਿਆਣਾ ਦੇ ਪੰਚਕੂਲਾ ਜ਼ਿਲੇ ਦੇ ਪਿੰਡ ਮਾਸੂਮਪੁਰ ਦੇ ਰਹਿਣ ਵਾਲੇ 32 ਅਤੇ 24 ਵਰਿਆਂ ਨੂੰ ਢੁੱਕੇ ਸੋਮਨਾਥ ਗੁੱਜ਼ਰ ਮਾਨ ਸਿੰਘ ਗੁੱਜ਼ਰ ਨੇ ਆਪਣਾ ਜੀਵਨ ਬਿਲਾਹੀ ਨਸਲ ਲਈ ਸਮਰਪਿਤ ਕੀਤਾ ਹੋਇਆ ਹੈ। ਉਹ ਹਿੰਦੂ ਗੁੱਜ਼ਰ ਭਾਈਚਾਰੇ ਨਾਲ ਸੰਬੰਧਿਤ ਹਨ। ਇਹ ਭਾਈਚਾਰਾ ਮੋਰਨੀ ਪਹਾੜੀਆਂ ਅਤੇ ਹਿਮਾਲਿਆ ਦੇ ਹੇਠਲੇ ਮੈਦਾਨੀ ਇਲਾਕਿਆਂ ਖਾਸ ਕਰਕੇ ਪੰਚਕੂਲਾ ਦੇ ਨਰਾਇਣਗੜ ਅਤੇ ਰਾਏਪੁਰ ਰਾਣੀ ਵਿੱਚ ਵਸਿਆ ਹੈ। ਇਸ ਭਾਈਚਾਰੇ ਦੀ ਰੋਜ਼ੀ-ਰੋਟੀ ਦਾ ਮੁੱਖ ਸਾਧਨ ਪਸ਼ੂਪਾਲਣ ਹੈ। ਇਸ ਵਿੱਚ ਬਿਲਾਹੀ ਨਸਲ ਦੀਆਂ ਗਊਆਂ ਦਾ ਵਿਸ਼ੇਸ਼ ਸਥਾਨ ਹੈ। ਉਹ ਆਪਣੇ ਬਚਪਨ ਤੋਂ ਹੀ ਬਿਲਾਹੀ ਨਸਲ ਦੀ ਸਾਂਭ-ਸੰਭਾਲ ਵਿੱਚ ਲੱਗੇ ਹੋਏ ਹਨ। ਇਹ ਕੰਮ ਉਹਨਾਂ ਦੇ ਪੁਰਖਿਆਂ ਤੋਂ ਚੱਲਿਆ ਆ ਰਿਹਾ ਹੈ।
ਇਸ ਸਮੇਂ ਉਹਨਾਂ ਦੋਹਾਂ ਕੋਲ ਕੁੱਲ ਮਿਲਾ ਕੇ 200 ਦੇ ਕਰੀਬ ਬਿਲਾਹੀ ਨਸਲ ਦੀਆਂ ਗਾਵਾਂ ਹਨ। ਉਹ ਆਮ ਤੌਰ 'ਤੇ ਝੁੰਡ ਵਿੱਚ ਦੋ ਨਰ ਰੱਖਦੇ ਹਨ। ਇਹ ਨਰ 3-4 ਸਾਲ ਲਈ ਵਰਤੇ ਜਾਂਦੇ ਹਨ ਅਤੇ ਫਿਰ ਇਹਨਾਂ ਨੂੰ ਦੂਸਰੇ ਨਰਾਂ ਨਾਲ ਬਦਲ ਦਿੱਤਾ ਜਾਂਦਾ ਹੈ। ਦੂਸਰੇ ਨਰਾਂ ਨੂੰ ਖੇਤੀ ਵਿੱਚ ਕੰਮ ਕਰਨ ਲਈ ਵੇਚ ਦਿੱਤਾ ਜਾਂਦਾ ਹੈ। ਗਾਵਾਂ ਨੂੰ ਝੁੰਡ ਵਿੱਚ ਰੱਖਿਆ ਜਾਂਦਾ ਹੈ ਅਤੇ ਉਹਨਾਂ ਨੂੰ ਕਦੇ ਨਹੀਂ ਵੇਚਿਆ ਜਾਂਦਾ। ਕਿਉਂਕਿ ਉਹ ਨਰ ਲਗਾਤਾਰ ਬਦਲਦੇ ਰਹਿੰਦੇ ਹਨ ਇਸ ਲਈ ਉਹਨਾਂ ਦੇ ਝੁੰਡ ਦੀ ਤਾਕਤ ਸਾਲ ਦਰ ਸਾਲ ਵਧਦੀ ਜਾ ਰਹੀ ਹੈ।ਉਹ ਸਾਲ ਦੇ 8-9 ਮਹੀਨੇ ਪ੍ਰਵਾਸ 'ਤੇ ਰਹਿੰਦੇ ਹਨ। ਸਿਰਫ਼ ਸਰਦੀਆਂ ਦੌਰਾਨ ਉਹ ਆਪਣੇ ਘਰ ਆਉਂਦੇ ਹਨ। ਉਹ ਹੋਲੀ ਦੇ ਸਮੇਂ ਪ੍ਰਵਾਸ 'ਤੇ ਨਿਕਲਦੇ ਹਨ ਅਤੇ ਰੋਪੜ ਵੱਲ ਚਾਲੇ ਪਾਉਂਦੇ ਹਨ। ਅਗਲੇ 8-9 ਮਹੀਨੇ ਉਹ ਸੜਕਾਂ ਨੇੜੇ ਖਾਲੀ ਪਈਆਂ ਜ਼ਮੀਨਾਂ ਵਿੱਚ ਆਰਜ਼ੀ ਝੌਪੜੀਆਂ ਬਣਾ ਕੇ ਰਹਿੰਦੇ ਹਨ।
ਇਹਨਾਂ ਦਾ ਮੁੱਖ ਯੋਗਦਾਨ ਬਿਲਾਹੀ ਨਸਲ ਨੂੰ ਬਚਾਉਂਦੇ ਹੋਏ ਸੰਭਾਲ ਕੇ ਰੱਖਣ ਵਿੱਚ ਹੈ। ਇਹ ਅਤੇ ਇਹਨਾਂ ਦੇ ਪੁਰਖੇ ਕਈ ਪੀੜ•ੀਆਂ ਤੋਂ ਬਿਲਾਹੀ ਨਸਲ ਦੀ ਸੰਭਾਲ ਲਈ ਕੰਮ ਕਰ ਰਹੇ ਹਨ। ਇਹਨਾਂ ਦੇ ਪੁਰਖਿਆਂ ਨੇ ਬਿਲਾਹੀ ਨਸਲ ਵਿਕਸਿਤ ਕੀਤੀ ਅਤੇ ਸਿਰਫ ਸ਼ੁੱਧ ਬਿਲਾਹੀ ਨਸਲ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ। ਇਹ ਭਾਈਚਾਰਾ ਆਪਣੇ ਪਸ਼ੂਧਨ 'ਚ ਕਿਸੇ ਵੀ ਤਰਾਂ ਦੇ ਬਣਾਉਟੀ ਗਰਭਾਧਾਰਨ ਅਤੇ ਕਿਸੇ ਹੋਰ ਨਸਲ ਦੀ ਮਿਲਾਵਟ ਦੀ ਇਜ਼ਾਜਤ ਨਹੀਂ ਦਿੰਦਾ। ਉਹ ਬਿਲਾਹੀ ਨਸਲ ਦੀ ਸ਼ੁੱਧਤਾ ਨੂੰ ਪੂਰੀ ਤਰਾਂ ਬਰਕਰਾਰ ਰੱਖਦੇ ਹਨ। ਉਹਨਾਂ ਦੇ ਖੇਤਰ ਦੇ 50 ਪਿੰਡਾਂ ਵਿੱਚ ਕਰੀਬ-ਕਰੀਬ ਹਰ ਘਰ ਬਿਲਾਹੀ ਨਸਲ ਪਾਲਦਾ ਹੈ। ਬਿਲਾਹੀ ਨਸਲ ਉੱਪਰ ਉਹਨਾਂ ਦੀ ਪੂਰੀ ਨਿਰਭਰਤਾ ਕਾਰਨ ਬਿਲਾਹੀ ਦੀ ਗਿਣਤੀ ਪਿਛਲੇ 40-50 ਸਾਲਾਂ ਵਿੱਚ ਵਧ ਗਈ ਹੈ। ਇਸ ਸਮੇਂ ਹਰਿਆਣਾ ਦੇ ਪੰਚਕੂਲਾ, ਅੰਬਾਲਾ ਅਤੇ ਯਮੁਨਾਨਗਰ ਜ਼ਿਲਿਆਂ ਵਿੱਚ ਬਿਲਾਹੀ ਦੀ ਆਬਾਦੀ 25,000 ਦੇ ਕਰੀਬ ਹੋਵੇਗੀ। ਉਹਨਾਂ ਕੋਲ ਆਪਣੇ ਪੜਦਾਦਿਆਂ ਦੇ ਮੁਕਾਬਲੇ ਇਸ ਸਮੇਂ ਲਗਭਗ ਦੁੱਗਣੇ ਪਸ਼ੂ ਹਨ। ਉਹ ਪ੍ਰਜਣਨ ਲਈ ਦੋ ਝੁੰਡਾਂ ਵਿਚਾਲੇ ਸਾਂਢਾਂ ਦਾ ਅਦਾਨ-ਪ੍ਰਦਾਨ ਕਰਦੇ ਹਨ। ਭਾਈਚਾਰੇ ਦੇ ਸਾਰੇ ਮੈਂਬਰ ਅਨਪੜ ਅਤੇ ਘੱਟ ਪੜੇ- ਲਿਖੇ ਹੋਣ ਦੇ ਬਾਵਜ਼ੂਦ ਬਿਲਾਹੀ ਦੀ ਬਿਹਤਰੀ ਲਈ ਕੰਮ ਕਰਦੇ ਹਨ ਅਤੇ ਆਪਸ ਵਿੱਚ ਤਾਲਮੇਲ ਰੱਖਦੇ ਹਨ। ਸਭ ਪਸ਼ੂਆਂ ਦੀ ਸਿਹਤ-ਸੰਭਾਲ ਬਾਰੇ, ਰੋਗਾਂ ਬਾਰੇ, ਨਸਲ ਦੀ ਬਿਹਤਰੀ ਲਈ ਜਾਣਕਾਰੀ ਸਾਂਝਾ ਕਰਦੇ ਹਨ। ਉਹ ਬਿਲਾਹੀ ਨਸਲ ਦੀ ਬਿਹਤਰੀ ਲਈ ਇਸਨੂੰ ਰਜਿਸਟਰ ਕਰਵਾਉਣ ਲਈ ਵੀ ਯਤਨਸ਼ੀਲ ਹਨ ਤਾਂਕਿ ਇਸਨੂੰ ਬਚਾਇਆ ਜਾ ਸਕੇ ਅਤੇ ਇਸਨੂੰ ਪਹਿਚਾਣ ਮਿਲ ਸਕੇ। ਉਹ ਬਿਲਾਹੀ ਬਰੀਡਰਜ਼ ਸੁਸਾਇਟੀ ਬਣਾਉਣ ਲਈ ਵੀ ਯਤਨਸ਼ੀਲ ਹਨ ਤਾਂਕਿ ਉਹ ਆਪਣੇ ਮੁੱਦੇ ਅਤੇ ਮੁਸ਼ਕਿਲਾਂ ਉਠਾ ਸਕਣ।
ਉਹ ਪ੍ਰਜਣਨ ਲਈ ਕੁਦਰਤੀ ਤਰੀਕਾ ਵਰਤਦੇ ਹਨ। ਉਹ ਝੁੰਡ ਦੀਆਂ 100 ਗਾਵਾਂ ਲਈ ਦੋ ਸਾਂਡ ਰੱਖਦੇ ਹਨ। ਇਹਨਾਂ ਸਾਂਢਾਂ ਨੂੰ ਗਾਵਾਂ ਨਾਲ ਝੁੰਡ ਵਿੱਚ ਖੁੱਲੇ ਘੁੰਮਦੇ ਹਨ। ਇਹ ਸਾਂਢ 3-4 ਸਾਲ ਲਈ ਰੱਖੇ ਜਾਂਦੇ ਹਨ। ਇਹਨਾਂ ਨੂੰ ਉਦੋਂ ਬਦਲ ਦਿੱਤਾ ਜਾਂਦਾ ਹੈ ਜਦ ਇਹਨਾਂ ਤੋਂ ਪੈਦਾ ਹੋਈਆਂ ਵੱਛੀਆਂ ਗਰਭਧਾਰਨ ਲਾਇਕ ਹੋ ਜਾਂਦੀਆਂ ਹਨ। ਤਾਂਕਿ ਨਜ਼ਦੀਕੀ ਰਿਸ਼ਤੇਦਾਰਾਂ ਵਿੱਚ ਪ੍ਰਜਣਨ ਨੂੰ ਟਾਲਿਆ ਜਾ ਸਕੇ। ਉਹ ਗਾਵਾਂ ਜੋ ਸਭ ਤੋਂ ਵਧੀਆ ਹੋਣ ਅਤੇ ਵੱਧ ਦੁੱਧ ਦਿੰਦੀਆਂ ਹੋਣ, ਦੇ ਵੱਛਿਆਂ ਨੂੰ ਹੀ ਭਵਿੱਖ ਵਿੱਚ ਪ੍ਰਜਣਨ ਲਈ ਰੱਖਦੇ ਹਨ। ਉਹਨਾਂ ਦਾ ਮੰਨਣਾ ਹੈ ਕਿ ਇਹ ਵੱਛੇ ਜ਼ਿਆਦਾ ਵਧੀਆ ਸਾਂਢ ਸਿੱਧ ਹੁੰਦੇ ਹਨ। ਅਜਿਹੇ ਸਾਂਢਾਂ ਦੀ ਪੈਦਾਇਸ ਅਗਲੀ ਪੀੜੀ ਦੇ ਪਸ਼ੂ ਦੁੱਧ ਉਤਪਾਦਨ ਅਤੇ ਸਿਹਤ ਦੇ ਮਾਮਲੇ ਵਿੱਚ ਹੋਰਾਂ ਦੇ ਮੁਕਾਬਲੇ ਕਿਤੇ ਬੇਹਤਰ ਸਾਬਿਤ ਹੁੰਦੇ ਹਨ। ਚੋਣਵੇ ਵੱਛਿਆਂ ਨੂੰ ਮਾਂ ਦਾ ਦੁੱਧ ਪੀਣ ਦੀ ਖੁੱਲ ਹੁੰਦੀ ਹੈ।ਗੁੱਜ਼ਰ ਭਾਈਚਾਰਾ ਸਿਰਫ ਉਹਨਾਂ ਝੁੰਡਾਂ ਨਾਲ ਹੀ ਸਾਂਢਾਂ ਦੀ ਅਦਲ ਬਦਲ ਕਰਦਾ ਹੈ ਜਿੰਨਾ ਨੂੰ ਉਹ ਚੰਗੀ ਤਰਾਂ ਜਾਣਦਾ ਹੋਵੇ। ਉਹ ਕਿਸੇ ਵੀ ਹੋਰ ਨਸਲ ਦੇ ਸਾਂਢ ਦਾ ਬਿਲਾਹੀ ਨਸਲ ਨਾਲ ਮੇਲ ਨਹੀਂ ਕਰਵਾਉਂਦੇ। ਆਮ ਤੌਰ 'ਤੇ ਇਹਨਾਂ ਗਾਵਾਂ ਦਾ ਦੁੱਧ 3-4 ਕਿੱਲੋ ਪ੍ਰਤਿ ਦਿਨ ਤੋਂ ਸ਼ੁਰੂ ਹੁੰਦਾ ਹੈ ਅਤੇ ਔਸਤ 5-6 ਕਿਲੋ ਤੱਕ ਚਲਾ ਜਾਂਦਾ ਹੈ। ਜੁਲਾਈ-ਅਗਸਤ ਦੇ ਮਹੀਨੇ ਸਭ ਤੋਂ ਵੱਧ ਦੁੱਧ ਮਿਲਦਾ ਹੈ। ਗਰਭ ਦੇ ਆਖਰੀ ਤਿੰਨ ਮਹੀਨਿਆਂ ਦੌਰਾਨ ਉਹ ਦੁੱਧ ਚੋਣਾ ਬੰਦ ਕਰ ਦਿੰਦੇ ਹਨ। ਵਛੜਿਆਂ ਨੂੰ ਖੇਤੀ ਵਿੱਚ ਕੰਮ ਕਰਨ ਲਈ ਹਿਮਾਚਲ ਦੇ ਕਿਸਾਨਾਂ ਨੂੰ ਵੇਚ ਦਿੱਤਾ ਜਾਂਦਾ ਹੈ।
ਬਿਲਾਹੀ ਨਸਲ ਨੂੰ ਆਮ ਤੌਰ 'ਤੇ ਬਹੁਤ ਹੀ ਘੱਟ ਬਿਮਾਰੀਆਂ ਲੱਗਦੀਆਂ ਹਨ। ਜੇਕਰ ਉਹਨਾਂ ਨੂੰ ਕੋਈ ਸਮੱਸਿਆ ਆਵੇ ਤਾਂ ਇਹ ਲੋਕ ਦੇਸੀ ਨੁਸਖ਼ੇ ਹੀ ਵਰਤਦੇ ਹਨ ਜਿਵੇਂ ਕਿ
• ਅਜਵਾਇਣ ਅਤੇ ਸਰੋਂ ਦਾ ਤੇਲ ਪੇਟ ਦੀਆਂ ਸਮੱਸਿਆਵਾਂ ਲਈ
• ਗੁੜ ਅਤੇ ਖਲ ( ਖੁੱਲੀ ਮਾਤਰਾ) ਗਰਭ ਦੌਰਾਨ
• ਗਲਘੋਟੂ ਲਈ ਟੀਕਾਕਰਣ। ਸਾਲ ਵਿੱਚ ਦੋ ਵਾਰ ਪੇਟ ਦੇ ਕੀੜਿਆਂ ਲਈ ਵੀ ਉਹ ਹਰ ਪਸ਼ੂ ਨੂੰ ਦਵਾਈ ਦਿੰਦੇ ਹਨ।
ਇਹਨਾਂ ਨੂੰ ਆਪਣੇ ਪ੍ਰਵਾਸ ਦੌਰਾਨ ਕਈ ਮੁਸ਼ਕਿਲਾਂ ਵੀ ਆਉਂਦੀਆਂ ਹਨ ਜਿਵੇਂ ਜਦ ਇਹ ਲੋਕ ਆਪਣੇ ਪਸ਼ੂ ਲੈ ਕੇ ਰੋਪੜ ਵਿੱਚ ਆਉਂਦੇ ਹਨ ਤਾਂ ਇਹਨਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਪ੍ਰੇਸ਼ਾਨ ਵੀ ਕੀਤਾ ਜਾਂਦਾ ਹੈ। ਪਰ ਅਜਿਹੀਆਂ ਔਕੜਾਂ ਇਹਨਾਂ ਦੇ ਨਿਸ਼ਚੈ ਨੂੰ ਨਹੀਂ ਡਿਗਾ ਸਕਦੀਆਂ।
ਅਜੋਕੇ ਸਮੇਂ ਜਿੱਥੇ ਕਿਸਾਨ ਪਸ਼ੂ ਪਾਲਣ ਤੋਂ ਕਿਨਾਰਾ ਕਰ ਰਹੇ ਹਨ, ਓਥੇ ਹੀ ਗੁੱਜਰ ਭਾਈਚਾਰੇ ਦੇ ਲੋਕਾਂ ਦਾ ਪੰਜਾਬ-ਹਰਿਆਣੇ ਦੀ ਇਸ ਦੇਸੀ ਨਸਲ ਬਿਲਾਹੀ ਨੂੰ ਸੰਭਾਲ ਕੇ ਰੱਖਣਾ ਅਤੇ ਵਧਾਉਣਾ ਸਚਮੁੱਚ ਇੱਕ ਸ਼ਲਾਘਾਯੋਗ ਕਦਮ ਹੈ। ਜੇਕਰ ਇਹਨਾਂ ਨੂੰ ਪ੍ਰਵਾਸ ਦੌਰਾਨ ਆਉਣ ਵਾਲੀਆਂ ਔਕੜਾਂ ਦਾ ਕੁੱਝ ਹੱਲ ਹੋ ਜਾਵੇ ਤਾਂ ਇਹ ਆਪਣਾ ਕੰਮ ਹੋਰ ਵੀ ਵਧੀਆ ਕਰ ਪਾਉਣਗੇ।
ਸੰਪਰਕ:-
ਸੋਮਨਾਥ ਗੁੱਜਰ - 8930284517
ਮਾਨ ਸਿੰਘ ਗੁੱਜਰ- 8930278517
Disqus Comment