ਸਿਹਤਮੰਦ ਮਿੱਟੀ ਲਈ ਬਾਇਓਚਾਰ


ਪੋਸ਼ਕ ਤੱਤਾਂ ਦੀ ਕਮੀ ਵਾਲੀ ਮਿੱਟੀ ਵਿੱਚ ਕਾਰਬਨ ਦੀ ਮਾਤਰਾ ਵਧਾਉਣ ਲਈ ਤਾਮਿਲਨਾਡੂ ਦੇ ਕਿਸਾਨਾਂ ਨੇ ਪਰੀਖਣ ਦੇ ਆਧਾਰ ਤੇ ਬਾਇਓਚਾਰ ਦਾ ਇਸਤੇਮਾਲ ਕਰਕੇ ਦੇਖਿਆ| ਉਹਨਾਂ ਨੇ ਪਾਇਆ ਕਿ ਮਿੱਟੀ ਵਿੱਚ ਬਾਇਓਆਚਾਰ ਪਾਉਣ ਨਾਲ, ਮਿੱਟੀ ਦੇ ਭੌਤਿਕ ਢਾਂਚੇ ਅਤੇ ਰਸਾਇਣਿਕ ਗੁਣਾਂ ਵਿੱਚ ਸੁਧਾਰ ਆਇਆ ਹੈ ਅਤੇ ਇਹ ਅਸਰ ਤਿੰਨ ਫਸਲ ਚੱਕਰਾਂ ਤੱਕ ਬਣਿਆ ਰਿਹਾ| ਇਸ ਪ੍ਰਕ੍ਰਿਆ ਵਿੱਚ, ਉਹਨਾਂ ਨੂੰ ਵਿਲਾਇਤੀ ਕਿੱਕਰ ਨੂੰ ਇਸਤੇਮਾਲ ਕਰਨ ਦਾ ਵੀ ਤਰੀਕਾ ਮਿਲ ਗਿਆ ਜੋ ਕਿ ਓਹਨਾਂ ਦੇ ਖੇਤਾਂ ਵਿੱਚ ਤੇਜ਼ੀ ਨਾਲ ਫੈਲ ਰਹੀ ਸੀ|ਅਰਧ- ਖੁਸ਼ਕ ਖੇਤਰਾਂ ਵਿੱਚ ਖੇਤੀ ਉਤਪਾਦਨ ਨੂੰ ਬਣਾਏ ਰੱਖਣ ਲਈ ਬੜੀ ਹੀ ਘੱਟ ਵਰਖਾ ਹੁੰਦੀ ਹੈ| ਦੇਸੀ ਬਨਸਪਤੀ ਵਿੱਚ ਕਈ ਤਰ੍ਹਾਂ ਦੀਆਂ ਪ੍ਰਜਾਤੀਆਂ ਜਿਵੇਂ ਘਾਹ ਅਤੇ ਘਾਹ ਜਿਹੇ ਹੋਰ ਪੌਦੇ, ਝਾੜੀਆਂ ਅਤੇ ਰੁੱਖ ਆਦਿ ਪਾਏ ਜਾਂਦੇ ਹਨ|ਸਾਲਾਨਾ ਵਰਖਾ 200-250 ਤੋਂ ਲੈ ਕੇ 500-600 ਮਿਲੀਮੀਟਰ ਤੱਕ ਹੁੰਦੀ ਹੈ|ਪਿਛਲੇ ਤਿੰਨ ਦਹਾਕਿਆਂ ਵਿੱਚ, ਵਿਰੁਧੂਨਗਰ, ਰਾਮਨਾਥਪੁਰਮ ਅਤੇ ਸਿਵਾਗੰਗਈ ਜਿਲ੍ਹਿਆਂ ਵਿੱਚ ਅਨਿਯਮਿਤ ਵਰਖਾ ਅਤੇ ਵਿਲਾਇਤੀ ਕਿੱਕਰ ਦੇ ਲਗਾਤਾਰ ਫੈਲਾਅ ਕਰਕੇ ਖੇਤੀ ਯੋਗ ਭੂਮੀ ਘਟਦੀ ਗਈ ਅਤੇ ਖਾਲੀ ਜ਼ਮੀਨ ਵਿੱਚ ਵਾਧਾ ਹੋਇਆ|ਸਾਂਝੀਆਂ ਚਰਾਗਾਹਾਂ ਵਿੱਚ ਭਾਰੀ ਕਮੀ ਆਉਣ ਕਰਕੇ ਸਥਾਨਕ ਪਸ਼ੂਧਨ ਵਿੱਚ ਵੀ ਕਮੀ ਆਈ ਜੋ ਕਿ ਖੇਤੀ ਵਿੱਚ ਕੰਮ ਆਉਂਦਾ ਸੀ|ਇਸਦੇ ਕਰਕੇ ਗੋਬਰ ਦੀ ਖਾਦ ਦੇ ਉਤਪਾਦਨ ਅਤੇ ਖੇਤ ਵਿੱਚ ਪਾਉਣ ਦੀ ਮਾਤਰਾ ਵਿੱਚ ਕਮੀ ਆਈ ਜੋ ਕਿ ਪ੍ਰੰਪਰਿਕ ਤੌਰ ਤੇ ਜੈਵਿਕ ਖੇਤੀ ਵਿੱਚ ਪਾਈ ਜਾਂਦੀ ਸੀ|

ਬਾਇਓਚਾਰ ਕੀ ਹੈ? ਬਾਇਓਚਾਰ ਬਾਇਓਮਾਸ ਦੇ ਕਾਰਬਨੀਕਰਨ ਤੋਂ ਪ੍ਰਾਪਤ ਇੱਕ ਠੋਸ ਸਮੱਗਰੀ ਹੈ|ਬਾਇਓਚਾਰ ਮਿੱਟੀ ਦੇ ਕੰਮਾਂ ਵਿੱਚ ਸੁਧਾਰ ਕਰਨ ਦੇ ਇਰਾਦੇ ਨਾਲ ਮਿੱਟੀ ਵਿੱਚ ਪਾਇਆ ਜਾਂਦਾ ਹੈ ਅਤੇ ਇਸਦੇ ਨਾਲ ਹੀ ਇਹ ਬਾਇਓਮਾਸ ਵਿੱਚੋਂ ਗਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ ਵੀ ਘੱਟ ਕਰਦਾ ਹੈ|

ਆਰਗਨਾਈਜੇਸ਼ਨ ਆਫ ਡਿਵਲਪਮੈਂਟ ਐਕਸ਼ਨ ਐਂਡ ਮੈਂਟੇਨਨੈਂਸ (ਓ ਡੀ ਏ ਐਮ), ਇੱਕ ਐਨ ਜੀ ਓ ਜੋ ਇਸ ਖੇਤਰ ਵਿੱਚ ਕੰਮ ਕਰ ਰਹੀ ਸੀ, ਨੂੰ ਟੈਰਾ ਪਰੇਟਾ, ਜਿਸਦਾ ਪੁਰਤਗਾਲੀ ਭਾਸ਼ਾ ਵਿਚ ਅਰਥ ਹੈ ਕਾਲੀ ਮਿੱਟੀ, ਬਾਰੇ ਪਤਾ ਸੀ ਅਤੇ ਇਸ ਨੂੰ ਇਸ ਗੱਲ ਬਾਰੇ ਜਾਣਕਾਰੀ ਸੀ ਕਿ ਇਸਦਾ ਇਸਤੇਮਾਲ ਖੇਤ ਵਿੱਚ ਮਿੱਟੀ ਦੇ ਉਪਜਾਊ ਸ਼ਕਤੀ ਵਧਾਉਣ ਲਈ ਬਹੁਤ ਵਧੀਆ ਹੋ ਸਕਦਾ ਹੈ|ਇਸਦੇ ਇਲਾਵਾ ਇਹ ਵੀ ਮਹਿਸੂਸ ਕੀਤਾ ਗਿਆ ਕਿ ਇਸ ਵਿਕਲਪ ਰਾਹੀ ਵਿਲਾਇਤੀ ਕਿੱਕਰ ਨੂੰ ਕੋਲੇ ਵਿੱਚ ਬਦਲ ਕੇ ਉਸਦੇ ਪਸਾਰ ਨੂੰ ਰੋਕਿਆ ਜਾ ਸਕਦਾ ਹੈ|

ਜਾਪਾਨ ਦੀ ਦਹਾਕਿਆਂ ਦੀ ਖੋਜ ਅਤੇ ਅਮਰੀਕਾ ਵਿੱਚ ਹੋਏ ਹਾਲ ਹੀ ਦੇ ਅਧਿਐਨ ਇਹ ਦੱਸਦੇ ਹਨ ਕਿ ਬਾਇਓਚਾਰ ਮਿੱਟੀ ਵਿੱਚ ਖੇਤੀ ਦੇ ਲਈ ਵਿਭਿੰਨ ਸੂਖ਼ਮ ਜੀਵਾਂ ਦੀਆਂ ਗਤੀਵਿਧੀਆਂ ਨੂੰ ਵਧਾਵਾ ਦਿੰਦਾ ਹੈ|ਬਾਇਓਚਾਰ ਵਿਚਲੇ ਮੁਸਾਮ ਸੂਖ਼ਮ ਜੀਵਾਂ ਨੂੰ ਸ਼ਿਕਾਰ ਅਤੇ ਗਰਮੀ ਤੋਂ ਬਚਾ ਕੇ ਉਹਨਾਂ ਨੂੰ ਉੱਚਿਤ ਨਿਵਾਸ ਪ੍ਰਦਾਨ ਕਰਨ ਦੇ ਨਾਲ-ਨਾਲ ਓਹਨਾਂ ਦੀ ਜਰੂਰਤ ਦੇ ਪੌਸ਼ਟਿਕ ਤੱਤ ਵੀ ਪ੍ਰਦਾਨ ਕਰਦੇ ਹਨ|ਸੀਮੇਨਪੂ ਫਾਊਂਡੇਸ਼ਨ ਦੇ ਪ੍ਰਤੀਨਿਧੀਆਂ ਦੁਆਰਾ ਕੀਤੇ ਇਹਨਾਂ ਅਧਿਐਨਾਂ, ਪ੍ਰਯੋਗਾਂ ਅਤੇ ਵਿਚਾਰ-ਵਟਾਂਦਰੇ ਨੇ ਓਡੀਏਐਮ ਨੂੰ ਅਲੱਗ-ਅਲੱਗ ਸੁਧਾਰ ਕਰਕੇ ਕੋਲੇ ਨੂੰ ਮਿੱਟੀ ਵਿੱਚ ਸੁਧਾਰ ਕਰਨ ਲਈ ਵਰਤਣ ਦੇ ਆਪਣੇ ਟ੍ਰਾਇਲ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ|

ਫੀਲਡ ਟ੍ਰਾਇਲ


ਫੀਲਡ ਟ੍ਰਾਇਲ ਓਡੀਏਐਮ ਦੁਆਰਾ ਸਥਾਪਿਤ ਬਾਇਓਡੀਜ਼ਲ ਪ੍ਰਦਰਸ਼ਨ ਇਕਾਈ ਦੇ ਨੇੜੇ ਤ੍ਰਿਚੁਲੀ ਦੇ ਉੱਤਰ ਪੂਰਬ ਤੋਂ 8 ਕਿ.ਮੀ. ਦੂਰ ਇੱਕ ਖੇਤ ਵਿੱਚ ਕੀਤੇ ਗਏ| ਇਹ ਖੇਤਰ ਅਰਧ ਖੁਸ਼ਕ ਸੀ ਅਤੇ ਇੱਕ ਵਰਖਾ 500 ਤੋਂ 600 ਮਿ.ਮੀਂ ਹੁੰਦੀ ਸੀ ਅਤੇ ਉਹ ਵੀ ਜ਼ਿਆਦਾਤਰ ਮੱਧ ਅਕਤੂਬਰ ਅਤੇ ਮੱਧ ਦਸੰਬਰ ਦੇ ਵਿਚਕਾਰ| ਮਿੱਟੀ ਨੂੰ ਘੱਟ ਪਾਣੀ ਸੋਖਣ ਵਾਲੀ ਅਤੇ ਪੋਸ਼ਕ ਤੱਤਾਂ ਨੂੰ ਧਾਰਣ ਕਰਨ ਦੀ ਘੱਟ ਸਮਰੱਥਾ ਵਾਲੀ, ਮੋਟੇ ਜਾਂ ਮੱਧਮ ਬਣਾਵਟ ਵਾਲੀ, ਥੋੜੀ ਰੇਤ ਵਾਲੀ ਔਕਸੀਸੋਲ ਲਾਲ ਮਿੱਟੀ ਦੀ ਸ਼੍ਰੇਣੀ ਵਿੱਚ ਰੱਖਿਆ ਜਾ ਸਕਦਾ ਹੈ|

ਓਡੀਏਐਮ ਦੁਆਰਾ ਆਯੋਜਿਤ ਬਾਇਓਚਾਰ ਦੇ ਟ੍ਰਾਇਲਾਂ ਲਈ ਵਿਲਾਇਤੀ ਕਿੱਕਰ ਦੀ ਲੱਕੜੀ ਦਾ ਕੋਲਾ ਸਥਾਨਕ ਕੋਲਾ ਬਣਾਉਣ ਵਾਲਿਆਂ ਤੋਂ ਖਰੀਦਿਆ ਗਿਆ| ਕੋਲੇ ਦੇ ਟੁਕੜਿਆਂ ਦੀ ਬਣਾਵਟ ਦੇ ਅਨੁਸਾਰ ਉਸਨੂੰ ਅਲੱਗ-ਅਲੱਗ ਕ੍ਰਮ ਵਿੱਚ ਵੰਡਿਆ ਗਿਆ ਅਤੇ ਧਿਆਨ ਨਾਲ ਨਿਰੀਖਣ ਕਰਨ ਤੋਂ ਬਾਅਦ ਇਹ ਯਕੀਨੀ ਬਣਾਇਆ ਗਿਆ ਕਿ ਇਹ ਕੋਲਾ ਪਾਊਡਰ ਬਣਾਉਣ ਲਈ ਸਹੀ ਹੋਵੇਗਾ| ਪੀਸਿਆ ਹੋਇਆ ਲੱਕੜੀ ਦਾ ਕੋਇਲਾ ਪਾਲੀਥੀਨ ਸ਼ੀਟ ਦੇ ਆਵਰਣ ਵਾਲੇ ਏਅਰ ਟਾਈਟ ਬਰਦਾਨਿਆਂ ਵਿੱਚ ਰੱਖਿਆ ਗਿਆ| ਨਹੀਂ ਤਾਂ ਨਮੀ ਨੂੰ ਸੋਖਣ ਕਰਕੇ ਚਾਰਕੋਲ ਪਾਊਡਰ ਦੀ ਗੁਣਵੱਤਾ ਉੱਪਰ ਅਸਰ ਕਰੇਗਾ|

ਕਈ ਤਰ੍ਹਾ ਦੇ ਪਰੀਖਣ ਕੀਤੇ ਗਏ| (ਬਾਕਸ ਨੰ: 1 ਦੇਖੋ) 2*2*1.5 (ਲੰਬਾਈ*ਚੌੜਾਈ*ਡੂੰਘਾਈ) ਦੇ ਟੋਏ ਪੁੱਟੇ ਗਏ| ਟੋਏ ਪੁੱਟਣ ਤੋਂ ਬਾਅਦ, ਅੱਧੀ ਡੂੰਘਾਈ ਤੱਕ ਓਹਨਾਂ ਨੂੰ ਮਿੱਟੀ (ਮਿੱਟੀ ਦੀ ਉੱਪਰਲੀ ਪਰਤ) ਨਾਲ ਭਰਿਆ ਗਿਆ, ਫਿਰ 2 ਤੋਂ 3 ਇੰਚ ਤੱਕ ਖਾਦ ਭਰੀ ਗਈ| ਫਿਰ ਦੁਬਾਰਾ 2 ਇੰਚ ਤੱਕ ਮਿੱਟੀ ਪਾਈ ਗਈ| ਖਾਦ ਨੂੰ ਟੇਰਾ ਪਰੇਟਾ ਮਿੱਟੀ ਨਾਲ ਸੋਧਿਆ ਗਿਆ ਸੀ|

ਟ੍ਰਾਇਲਾਂ ਅਤੇ ਟੇਰਾ ਪਰੇਟਾ ਸੰਯੋਜਨਾਂ ਦੇ ਪ੍ਰਕਾਰ


1. ਕਰੰਜ, ਰਤਨਜੋਤ, ਨਿੰਮ, ਸਿਲਕ ਕਾਟਨ ਦੀ ਛੋਟੇ-ਛੋਟੇ ਟੁਕੜਿਆਂ ਵਾਲੀ ਖਲ ਬਣਾਈ ਗਈ ਅਤੇ ਟੋਏ ਵਿੱਚ ਸਭ ਤੋਂ ਹੇਠਾਂ ਮਿੱਟੀ ਪਾ ਕੇ ਉਸ ਉੱਪਰ ਇਹ ਖਲ ਪਾਈ ਗਈ| ਇਹ ਖਲ ਪਾਉਣ ਤੋਂ ਬਾਅਦ ਉਸ ਉੱਪਰ ਫਿਰ ਮਿੱਟੀ ਪਾਈ ਗਈ|
2. 1:1 ਦੇ ਅਨੁਪਾਤ ਵਿੱਚ ਦੋ ਤਰ੍ਹਾਂ ਦੀਆਂ ਖਲਾਂ ਦੇ ਮਿਸ਼ਰਣ ਨਾਲ 8 ਸੰਯੋਜਨ ਬਣਾਏ ਗਏ ਉਦਾਹਰਣ ਲਈ ਇੱਕ ਹਿੱਸਾ ਰਤਨਜੋਤ ਦੀ ਖਲ ਦਾ ਅਤੇ ਇੱਕ ਹਿੱਸਾ ਨਿੰਮ ਦੀ ਖਲ ਦਾ| ਖਲ ਛੋਟੇ-ਛੋਟੇ ਟੁਕੜਿਆਂ ਵਿੱਚ ਤਿਆਰ ਕੀਤੀ ਗਈ ਅਤੇ ਚੰਗੀ ਤਰ੍ਹਾਂ ਮਿਲਾਈ ਗਈ|ਬਾਕੀ ਪ੍ਰਕ੍ਰਿਆ ਪਹਿਲਾ ਵਾਲੀ ਦੀ ਤਰ੍ਹਾ ਹੀ ਸੀ| ਇਸ ਤਰ੍ਹਾ ਦੇ ਮਿਸ਼ਰਣ ਵਿੱਚ, ਇੱਕ ਹੋਰ ਪ੍ਰਜਾਤੀ ਸੁਲਤਾਨ ਚੰਪਾ ਜਿਸ ਨੂੰ ਸੰਸਕ੍ਰਿਤ ਵਿੱਚ ਨਾਗ ਚੰਪਾ ਵੀ ਕਹਿੰਦੇ ਹਨ ਦੀ ਖਲ ਵੀ ਇਸਤੇਮਾਲ ਕੀਤੀ ਗਈ|
3. ਚਾਰ ਤਰ੍ਹਾਂ ਦੀ ਖਲ ਨੂੰ ਮਿਲਾ ਕੇ ਇੱਕ ਸੰਯੋਜਨ ਬਣਾਇਆ ਗਿਆ| ਇਸ ਸੰਸ਼ੋਧਨ ਲਈ ਉਹਨਾਂ ਸਭ ਬੀਜਾਂ ਦਾ ਇਸਤੇਮਾਲ ਕੀਤਾ ਗਿਆ ਜੋ ਏਕਲ ਸੰਯੋਜਨ ਵਿੱਚ ਵਰਤੇ ਗਏ ਸਨ|
4. ਵਿਲਾਇਤੀ ਕਿੱਕਰ ਦੇ ਕੋਲੇ ਦੇ ਵੱਡੇ ਟੁਕੜੇ ਵੀ ਪਹਿਲੀ ਲਾਈਨ ਦੇ ਇਹਨਾਂ ਟੋਇਆਂ ਵਿੱਚੋਂ ਇੱਕ ਟੋਏ ਵਿੱਚ ਪਾਏ ਗਏ|
5. ਕੋਲੇ ਦੇ ਪਾਊਡਰ ਨੂੰ ਛਾਣਨ ਤੋਂ ਬਾਅਦ ਕੋਲੇ ਦੇ ਇਕੱਠੇ ਹੋਏ ਛੋਟੇ ਟੁਕੜੇ (0.5 ਸੈਮੀਂ ਤੋਂ ਲੈ ਕੇ ਇੱਕ ਸੈਮੀਂ ਤੱਕ ਦੇ ਛੋਟੇ ਟੁਕੜੇ) ਵੀ ਪਹਿਲੀ ਲਾਈਨ ਦੇ ਇਹਨਾਂ ਟੋਇਆਂ ਵਿੱਚੋਂ ਇੱਕ ਟੋਏ ਵਿੱਚ ਪਾਏ ਗਏ|
6. ਕੋਲੇ ਦਾ ਸੁੱਕਾ ਪਾਊਡਰ ਪਹਿਲੀ ਲਾਈਨ ਦੇ ਦੋ ਟੋਇਆਂ ਵਿੱਚ ਪਾਇਆ ਗਿਆ|
7. ਟੋਏ ਵਿੱਚ ਪਾਉਣ ਤੋਂ ਪਹਿਲਾਂ ਕੋਲੇ ਨੂੰ ਪਾਣੀ ਨਾਲ ਸੰਤ੍ਰਿਪਤ ਕਰਕੇ 15 ਦਿਨ ਰੱਖਿਆ ਗਿਆ|
8. ਨਿੰਮ, ਸਿਲਕ ਕਾਟਨ, ਸੁਲਤਾਨ ਚੰਪਾ ਅਤੇ ਕਰੰਜ ਦੀ ਖਲ ਨੂੰ ਕੋਲੇ ਦੇ ਪਾਊਡਰ ਨਾਲ 1:1:1:1 ਵਿੱਚ ਮਿਕਸ ਕੀਤਾ ਗਿਆ|
9. ਰਤਨਜੋਤ ਦੀ ਖਲ ਨੂੰ 1:2 ਅਨੁਪਾਤ ਵਿੱਚ ਕੋਲੇ ਦੇ ਪਾਊਡਰ ਵਿੱਚ ਮਿਲਾਇਆ ਗਿਆ ਅਤੇ ਪਾਣੀ ਨਾਲ ਸੰਤ੍ਰਿਪਤ ਕੀਤਾ ਗਿਆ| ਇਹ ਸੰਤ੍ਰਿਪਤ ਪ੍ਰਕ੍ਰਿਆ ਪਹਿਲੇ ਮਹੀਨੇ ਵਿੱਚ 3 ਤੋਂ 4 ਦਿਨਾਂ ਦੇ ਅੰਤਰਾਲ ਤੇ ਸਮੇਂ-ਸਮੇਂ ਤੇ ਕੀਤੀ ਗਈ ਅਤੇ ਅਗਲੇ ਮਹੀਨੇ ਹਫਤੇ ਵਿੱਚ ਇੱਕ ਦਿਨ ਕੀਤੀ ਗਈ ਅਤੇ ਖਮੀਰਣ ਲਈ ਇਸਨੂੰ ਬੰਦ ਹਾਲਾਤਾਂ ਵਿੱਚ ਰੱਖਿਆ ਗਿਆ|
10. ਖੇਤੀ ਦੀ ਰਹਿੰਦ-ਖੂੰਹਦ ਜਿਵੇਂ ਕੇਲੇ ਦੇ ਸੁੱਕੇ ਪੱਤੇ, ਗਵਾਰਾ ਫਲੀ, ਰਤਨਜੋਤ ਦੀਆਂ ਫਲੀਆਂ ਦੇ ਛਿਲਕੇ, ਗੰਨੇ ਦੇ ਸੁੱਕੇ ਪੱਤੇ ਅਤੇ ਗੰਨੇ ਦੀ ਰਹਿੰਦ-ਖੂੰਹਦ (ਜੂਸ ਕੱਢਣ ਤੋਂ ਬਾਅਦ) ਤੋਂ ਬਣਾਇਆ ਕੋਲੇ ਦਾ ਪਾਊਡਰ ਪਾਈਰੋਲਾਈਸਿਸ ਵਿਧੀ ਦੁਆਰਾ ਤਾਰ ਡਰੰਮ ਵਰਤ ਕੇ ਚਾਰ ਬਣਾਉਣ ਲਈ ਵਰਤਿਆ ਗਿਆ| ਬੀਜ ਬੀਜਣੇ ਅਤੇ ਪੌਦੇ ਲਗਾਉਣੇ
ਭਿੰਡੀ, ਟਮਾਟਰ ਅਤੇ ਬੈਂਗਣ ਦੇ ਬੀਜ ਟੋਏ ਵਿੱਚ ਲਗਾਏ ਗਏ|ਹਰੇਕ ਟੋਏ ਵਿੱਚ ਹਰੇਕ ਪ੍ਰਜਾਤੀ ਦੇ 4-4 ਬੀਜ ਲਗਾਏ ਗਏ| ਬਾਅਦ ਵਿੱਚ ਦੇ ਦਿਨਾਂ ਦੌਰਾਨ, ਟਮਾਟਰ ਅਤੇ ਬੈਂਗਣ ਦੇ ਬੀਜ ਖਰਾਬ ਹੋ ਗਏ| ਭਿੰਡੀ ਦੇ ਬੀਜ ਉੱਗ ਗਏ ਅਤੇ ਬਚ ਗਏ| 15 ਦਿਨਾਂ ਬਾਅਦ, ਟਮਾਟਰ ਅਤੇ ਬੈਂਗਣ ਦੀ ਪਨੀਰੀ ਸਬਜੀਆਂ ਬੀਜਣ ਵਾਲੇ ਗਵਾਂਢੀ ਕਿਸਾਨ ਤੋਂ ਲੈ ਕੇ ਲਗਾਏ ਗਏ|ਪਨੀਰੀ ਲਗਾਉਣ ਤੋਂ ਬਾਅਦ, ਹਰ ਟੋਏ ਵਿੱਚ ਕੁੱਲ ਮਿਲਾ ਕੇ 12 (ਟਮਾਟਰ, ਬੈਂਗਣ, ਭਿੰਡੀ ਦੇ 4^4 ਪੌਦੇ) ਪੌਦੇ ਸਨ|

ਲਗਭਗ 21 ਰੁਪਏ ਸਭ ਸਬਜੀਆਂ ਜਿਵੇਂ ਲਾਲ ਮਿਰਚ, ਪਿਆ੦, ਟਮਾਟਰ, ਭਿੰਡੀ, ਬੈਂਗਣ, ਰਾਜ ਮਾਂਹ ਅਤੇ ਗਵਾਰਾ ਫਲੀ ਉੱਪਰ ਖਰਚ ਕੀਤੇ ਗਏ|ਇਸ ਬਾਰਿਸ਼ ਤੋਂ ਇਲਾਵਾ, ਬਾਇਓਚਾਰ ਮਿੱਟੀ ਸੰਸ਼ੋਧਨ ਦੇ ਨਾਲ ਸੁਹੰਜਨਾ ਦੇ ਪੌਦੇ ਵੀ ਲਗਾਏ ਗਏ|ਸਮੇਂ-ਸਮੇਂ ਤੇ ਪੌਦਿਆਂ ਨੂੰ ਹੱਥੀਂ ਪਾਣੀ ਦਿੱਤਾ ਗਿਆ| ਪੌਦਿਆਂ ਦੇ ਵਾਧੇ ਅਤੇ ਵਿਕਾਸ ਨੂੰ ਨੇੜਿਓਂ ਪਰਖਿਆ ਗਿਆ ਅਤੇ ਸ਼ੁਰੂਆਤੀ ਚਰਣਾਂ ਵਿੱਚ ਹੀ ਅੰਤਰ ਨੂੰ ਦੂਰ ਕਰਨ ਲਈ ਕੰਮ ਕੀਤਾ ਗਿਆ| ਆਰੰਭ ਵਿੱਚ, ਕੱਚੇ ਕੋਲੇ ਦੇ ਪਾਊਡਰ ਨੂੰ ਮਿੱਟੀ ਵਿੱਚ ਪਾਉਣ ਕਾਰਨ ਪਨੀਰੀ ਖਤਮ ਹੋ ਗਈ ਸੀ|ਬਾਅਦ ਵਿੱਚ, ਕੋਲੇ ਦੇ ਪਾਊਡਰ ਨੂੰ ਗੋਬਰ ਖਾਦ ਅਤੇ ਨਾ ਖਾਧੇ ਜਾਣ ਵਾਲੇ ਤੇਲਾਂ ਤੋਂ ਨਿਕਲਣ ਵਾਲੀ ਖਲ ਵਿੱਚ ਪਾਣੀ ਮਿਲਾ ਕੇ ਸੰਤ੍ਰਿਪਤ ਕੀਤਾ ਗਿਆ|ਮ੍ਹਿਰਣ ਨੂੰ ਸਮੇਂ-ਸਮੇਂ ਤੇ ਹਿਲਾਇਆ ਗਿਆ ਅਤੇ ਖਮੀਰਨ ਲਈ ਬੋਰੀ ਨਾਲ ਢਕ ਕੇ ਰੱਖਿਆ ਗਿਆ|

ਝਾੜ ਅਤੇ ਵਾਢੀ


ਭਿੰਡੀ ਦੀ ਕੁੱਲ ਉਪਜ ਤਿੰੰਨ ਮਹੀਨੇ ਦੇ ਸਮੇਂ ਦੌਰਾਨ ਲਈ ਗਈ ਪ੍ਰੰਤੂ ਟਮਾਟਰ ਅਤੇ ਬੈਂਗਣ ਦੀ ਉਪਜ ਦੋ ਮਹੀਨੇ ਤੋਂ ਵੀ ਘੱਟ ਸਮੇਂ ਦੌਰਾਨ ਲਈ ਗਈ| ਕੋਲੇ ਆਧਾਰਿਤ ਉਪਚਾਰ ਵਿੱਚ, ਪੀਕ ਸੀਜ਼ਨ ਦੌਰਾਨ ਟਮਾਟਰ ਦਾ ਵੱਧ ਤੋਂ ਵੱਧ ਝਾੜ 4.70 ਕਿਲੋ ਰਿਹਾ ਅਤੇ ਕਟਾਈ ਦੇ ਅਖੀਰ ਵਿੱਚ 1.4 ਕਿਲੋ ਸੀ| ਭਿੰਡੀ ਦਾ ਦੂਸਰੀ ਕਟਾਈ ਦੌਰਾਨ ਝਾੜ ਵੱਧ ਸੀ ਅਤੇ ਉਸ ਤੋਂ ਬਾਅਦ ਹੌਲੀ-ਹੌਲੀ ਝਾੜ ਘਟਦਾ ਗਿਆ|

ਗੈਰ-ਕੋਲਾ ਮਿੱਟੀ ਸੰਸ਼ੋਧਨ ਵਿੱਚ, ਰਤਨਜੋਤ ਅਤੇ ਨਿੰਮ ਦੀ ਖਲ ਵਾਲੇ ਮਿਸ਼ਰਣ ਨੇ ਕ੍ਰਮਵਾਰ ਭਿੰਡੀ ਦਾ 1.32 ਕਿਲੋ ਅਤੇ ਟਮਾਟਰ ਦਾ 2.5 ਕਿਲੋ ਵੱਧ ਤੋਂ ਵੱਧ ਝਾੜ ਦਿੱਤਾ| ਰਤਨਜੋਤ ਦੀ ਖਲ ਵਾਲੇ ਸੰਸ਼ੋਧਨ ਨੇ ਬੈਂਗਣ ਦਾ ਵੱਧ ਤੋਂ ਵੱਧ ਝਾੜ 1.5 ਕਿਲੋ ਦਿੱਤਾ| ਕੰਟਰੋਲ ਪਲਾਟ ਵਿੱਚ ਭਿੰਡੀ, ਟਮਾਟਰ ਅਤੇ ਬੈਂਗਣ ਦਾ ਕ੍ਰਮਵਾਰ ਝਾੜ 338, 100 ਅਤੇ 55 ਗ੍ਰਾਮ ਸੀ|

ਜਿਵੇਂ ਕਿ ਉਮੀਦ ਸੀ, ਕੋਲੇ ਦੇ ਪਾਊਡਰ ਵਾਲੇ ਮਿੱਟੀ ਸੰਸ਼ੋਧਨ ਵਾਲੇ ਪਲਾਟ ਨੇ ਕੰਟਰੋਲ ਪਲਾਟ ਦੀ ਤੁਲਨਾ ਵਿੱਚ ਸਬਜੀਆਂ ਦਾ ਜ਼ਿਆਦਾ ਝਾੜ ਦਿੱਤਾ| ਕੋਲੇ ਦੇ ਪਾਊਡਰ ਨਾਲ ਸੰਸ਼ੋਧਿਤ ਮਿੱਟੀ ਵਿੱਚ ਪੋਸ਼ਕ ਤੱਤਾਂ ਨੂੰੰ ਧਾਰਨ ਕਰਨ ਦੀ ਸਮਰੱਥਾ ਵਧੀ ਅਤੇ ਇਸਦੇ ਨਾਲ ਹੀ ਪਾਣੀ ਨੂੰ ਰੋਕਣ ਦੀ ਵੀ|

ਕੋਲੇ ਨੂੰ ਪਾਣੀ ਦੇ ਮਾਧਿਅਮ ਰਾਹੀ ਰਤਨਜੋਤ ਦੀ ਖਲ ਨਾਲ ਸੰਤ੍ਰਿਪਤ (ਸਿੰਜਣ) ਕਰਨ ਵਾਲੇ ਸੰਸ਼ੋਧਨ ਨੇ ਕਿਸੇ ਵੀ ਹੋਰ ਮਿੱਟੀ ਸੰਸ਼ੋਧਨ ਨਾਲੋਂ ਵਧੀਆ ਨਤੀਜੇ ਦਿੱਤੇ| ਇਸ ਦੇ ਉਲਟ, ਬਿਨਾ ਸੰਤ੍ਰਿਪਤ ਕੀਤਿਆਂ ਖਲ ਨੂੰ ਕੋਲੇ ਦੇ ਪਾਊਡਰ ਵਿੱਚ ਮਿਕਸ ਕਰਨ ਵਾਲੇ ਮਿਸ਼ਰਣ ਨੇ ਦਰਮਿਆਨੇ ਨਤੀਜੇ ਦਿੱਤੇ|ਪ੍ਰੰਤੂ ਕੁੱਝ ਸੰਸ਼ੋਧਨ ਜਿਵੇਂ ਕੋਲੇ ਅਤੇ ਖਲ ਦਾ ਮਿਸ਼ਰਣ ਨੇ ਖਾਸ ਕਰਕੇ ਟਮਾਟਰ ਅਤੇ ਬੈਂਗਣ ਦੇ ਮਾਮਲੇ ਵਿੱਚ ਘੱਟ ਜਾਂ ਬਿਲਕੁਲ ਹੀ ਨਤੀਜੇ ਨਹੀਂ ਦਿੱਤੇ|ਇਹ ਸ਼ਾਇਦ ਇਹਨਾਂ ਦੇ ਜ਼ਹਿਰੀਲੇ ਮਾਦੇ ਨੂੰ ਆਪਣੇ ਵਿੱਚ ਇਕੱਠਾ ਕਰਨ ਕਰਕੇ ਜਾਂ ਖਲ ਦੀ ਓਵਰ ਡੋਜ਼ ਦੇਣ ਕਰਕੇ ਹੋਇਆ|

ਇਸ ਤੋਂ ਬਾਅਦ, ਸੰਤ੍ਰਿਪਤ ਬਾਇਓਚਾਰ ਮਿੱਟੀ ਸੰਸ਼ੋਧਨ ਹੋਰ ਵੀ ਕਈ ਸਬਜੀਆਂ ਜਿਵੇਂ ਪਿਆਜ਼, ਮਿਰਚ, ਰਾਜ ਮਾਂਹ ਅਤੇ ਸੁਹੰਜਨਾ, ਤਿਲਹਨ ਜਿਵੇਂ ਮੂੰਗਫਲੀ ਅਤੇ ਫਲ ਜਿਵੇਂ ਚੀਕੂ ਅਤੇ ਆਂਵਲਾ ਅਤੇ ਚਮੇਲੀ ਦੇ ਪੌਦਿਆਂ ਉੱਪਰ ਇਸਤੇਮਾਲ ਕੀਤਾ ਗਿਆ| ਰਸਾਇਣਿਕ ਖਾਦਾਂ ਅਤੇ ਗੋਬਰ ਖਾਦ ਨਾਲ ਹੋਣ ਵਾਲੀ ਸਬਜੀਆਂ ਦੀ ਖੇਤੀ ਦੀ ਤੁਲਨਾ ਵਿੱਚ ਬਾਇਓਆਚਾਰ ਮਿੱਟੀ ਸੰਸ਼ੋਧਨ ਦੇ ਪ੍ਰਯੋਗ ਤੋਂ ਬਾਅਦ, ਸਾਰੀਆਂ ਪ੍ਰਜਾਤੀਆਂ ਵਿੱਚ ਵਾਧਾ ਅਤੇ ਵਿਕਾਸ ਹੋਇਆ, ਪੌਦਿਆਂ ਦੀ ਉਚਾਈ ਵਧੀ ਅਤੇ ਜ਼ਿਆਦਾ ਜੜ੍ਹਾਂ ਬਣੀਆਂ|

ਮੂੰਗਫਲੀ ਵਾਲੇ ਪ੍ਰਯੋਗ ਵਾਲੇ ਪਲਾਟ ਵਿੱਚ, ਮਿੱਟੀ ਦੀ ਸਰੰਚਨਾ ਵਿੱਚ ਵੀ ਬਦਲਾਅ ਦੇਖਿਆ ਗਿਆ ਅਤੇ ਬਾਇਓਚਾਰ ਸੰਸ਼ੋਧਨ ਵਾਲੀ ਮਿੱਟੀ ਵਿੱਚੋਂ ਗੈਰ ਬਾਇਓਚਾਰ ਸੰਸ਼ੋਧਨ ਵਾਲੀ ਮਿੱਟੀ ਦੀ ਤੁਲਨਾ ਵਿੱਚ ਮੂੰਗਫਲੀ ਕੱਢਣੀ ਆਸਾਨ ਰਹੀ|ਬਾਇਓਚਾਰ ਨੂੰ ਮਿੱਟੀ ਵਿੱਚ ਤਿੰਨ ਵਾਰੀ ਪਾਊਣ ਤੋਂ ਬਾਅਦ ਮਿੱਟੀ ਦੀ ਸਥਿਤੀ ਵਿੱਚ ਸੁਧਾਰ ਆਉਣ ਕਾਰਨ ਮੂੰਗਫਲੀ ਦੀਆਂ ਫਲੀਆਂ ਦੇ ਹੋਣ ਵਾਲੇ ਨੁਕਸਾਨ ਵਿੱਚ ਬਹੁਤ ਕਮੀ ਆਈ|ਇਹ ਮਿੱਟੀ ਦੀ ਘਣਤਾ ਦੇ ਘਟਣ ਕਾਰਨ ਅਤੇ ਮਿੱਟੀ ਦੇ ਪਾਣੀ ਨੂੰ ਪਕੜਨ ਦੀ ਸਮਰੱਥਾ ਵਿੱਚ ਸੁਧਾਰ ਆਉਣ ਕਰਕੇ ਹੋਇਆ ਹੋ ਸਕਦਾ ਹੈ|ਜਦ ਇਸਨੂੰ ਮਿੱਟੀ ਦੀ ਉਪਰਲੀ ਸਤ੍ਹਾ ਵਿੱਚ ਮਿਲਾਇਆ ਗਿਆ ਤਾਂ ਬਾਇਓਚਾਰ ਅਤੇ ਸਥਾਨਕ ਜੈਵਿਕ ਖਾਦ ਨੇ ਮਿੱਟੀ ਦੀ ਭੌਤਿਕ ਸਰੰਚਨਾ ਵਿੱਚ ਬਦਲਾਅ ਲਿਆਂਦਾ ਅਤੇ ਮਿੱਟੀ ਦੀਆਂ ਰਸਾਇਣਿਕ ਵਿਸ਼ੇਸ਼ਤਾਵਾਂ (ਪੀ ਐਚ, ਸੀ ਈ ਸੀ ਅਤੇ ਪੋਸ਼ਕ ਤੱਤਾਂ ਦੀ ਪੂਰਤੀ) ਵਿੱਚ ਸੋਧ ਕੀਤੀ ਅਤੇ ਇਹ ਅਸਰ ਤਿੰਨ ਫਸਲੀ ਚੱਕਰ ਤੱਕ ਰਿਹਾ|

ਬਾਇਓਚਾਰ ਵਾਲੇ ਪਿਆਜ਼ ਵਾਲੇ ਪਲਾਟ ਵਿੱਚ ਕੰਟਰੋਲ ਪਲਾਟ ਦੀ ਤੁਲਨਾ ਵਿੱਚ 25% ਝਾੜ ਵੱਧ ਨਿਕਲਿਆ| ਕੰਟਰੋਲ ਵਾਲੇ ਪਲਾਟਾਂ ਦੀ ਤੁਲਨਾ ਵਿੱਚ ਬਾਇਓਚਾਰ ਵਾਲੇ ਪਲਾਟਾਂ ਵਿੱਚੋਂ ਫਲੀਆਂ ਦਾ ਝਾੜ 30 ਤੋਂ 50 ਪ੍ਰਤੀਸ਼ਤ ਅਤੇ ਟਮਾਟਰ ਦਾ ਝਾੜ 30 ਤੋਂ 40 ਪ੍ਰਤੀਸ਼ਤ ਤੱਕ ਵਧਿਆ| ਇਸ ਤੋਂ ਇਲਾਵਾ ਕਿਸਾਨਾਂ ਨੇ ਦੱਸਿਆ ਕਿ ਚਮੇਲੀ ਦੇ ਫੁੱਲ੍ਹਾਂ ਦਾ ਆਕਾਰ ਅਤੇ ਭਾਰ ਵੀ ਵਧਿਆ ਹੈ|

ਸ਼ੁਰੂਆਤ ਵਿੱਚ, ਪ੍ਰਯੋਗ ਵਾਲੇ ਪਲਾਟ ਦੇ ਨੇੜੇ ਵਾਲੇ ਮੂੰਗਫਲੀ ਉਗਾਉਣ ਵਾਲੇ ਇੱਕ ਕਿਸਾਨ ਨੂੰ ਮੂੰਗਫਲੀ ਦੀ ਖੜ੍ਹੀ ਫਸਲ ਵਿੱਚ ਬਾਇਓਚਾਰ ਮਿੱਟੀ ਸੰਸ਼ੋਧਨ ਪਾਉਣ ਲਈ ਦਿੱਤਾ ਗਿਆ|ਉਸਨੇ ਫੁੱਲ ਬਣਨ ਵੇਲੇ ਇਸ ਨੂੰ ਖੇਤ ਵਿੱਚ ਪਾਇਆ| ਵਾਢੀ ਤੋਂ ਬਾਅਦ, ਕਿਸਾਨ ਨੇ ਖੁਦ ਦੱਸਿਆ ਕਿ ਜਿੱਥੇ ਬਾਇਓਚਾਰ ਨਹੀਂ ਪਾਇਆ ਗਿਆ ਸੀ ਉਸ ਹਿੱਸੇ ਦੀ ਤੁਲਨਾ ਵਿੱਚ ਜਿੱਥੇ ਬਾਇਓਚਾਰ ਪਾਇਆ ਗਿਆ ਸੀ, ਉੱਥੇ ਫਲੀਆਂ ਦੀ ਗਿਣਤੀ ਜ਼ਿਆਦਾ ਸੀ|ਇੱਕ ਹੋਰ ਕਿਸਾਨ ਜੋ ਚਮੇਲੀ ਦੇ ਫੁੱਲ੍ਹਾਂ ਦੀ ਖੇਤੀ ਕਰਦਾ ਸੀ ਉਸਦੇ ਤਜ਼ਰਬੇ ਵੀ ਮੂੰਗਫਲੀ ਵਾਲੇ ਕਿਸਾਨ ਵਾਲੇ ਹੀ ਰਹੇ| ਚਮੇਲੀ ਦੇ ਫੁੱਲ੍ਹਾਂ ਦੀ ਖੇਤੀ ਕਰਨ ਵਾਲੇ ਕਿਸਾਨ ਨੇ ਦੇਖਿਆ ਕਿ ਜਿੱਥੇ ਬਾਇਓਚਾਰ ਪਾਇਆ ਗਿਆ ਓਥੇ ਕਲੀਆਂ ਦਾ ਆਕਾਰ ਵੱਡਾ ਸੀ ਅਤੇ ਆਖਰੀ ਪੜਾਅ ਦੌਰਾਨ, ਪਰਿਪੱਕ ਫੁੱਲ੍ਹਾਂ ਦਾ ਆਕਾਰ ਅਤੇ ਭਾਰ ਵੀ ਵਧ ਸੀ ਅਤੇ ਦੂਸਰੇ ਫੁੱਲ੍ਹਾਂ ਦੇ ਮੁਕਾਬਲੇ ਇਹਨਾਂ ਫੁੱਲ੍ਹਾਂ ਦੀ ਖੁਸ਼ਬੂ ਜ਼ਿਆਦਾ ਬਿਹਤਰ ਸੀ| ਇਹਨਾਂ ਦੋ ਕਾਰਕਾਂ ਤੋਂ ਪ੍ਰੇਰਿਤ ਹੋ ਕੇ ਕਿਸਾਨਾਂ ਨੇ ਇਸਨੂੰ ਆਪਣੀਆਂ ਦੂਸਰੀਆਂ ਫ਼ਸਲਾਂ ਵਿੱਚ ਵੀ ਪਾਉਣ ਦਾ ਫੈਸਲਾ ਕੀਤਾ|

ਕਿਸਾਨਾਂ ਵੱਲੋਂ ਬਾਇਓਚਾਰ ਦਾ ਪ੍ਰਸਾਰ


ਨਤੀਜਿਆਂ ਦੇ ਆਧਾਰ ਤੇ, ਕਿਸਾਨਾਂ ਨੂੰ ਟ੍ਰਾਇਲ ਵਾਲੇ ਪਲਾਟਾਂ ਵਿੱਚ ਝਾੜ ਦਾ ਨਿਰੀਖਣ ਕਰਨ ਲਈ ਸੱਦਿਆ ਗਿਆ|ਕਿਉਂਕਿ ਅਰਧ-ਖੁਸ਼ਕ ਖੇਤਰਾਂ ਵਿੱਚ ਲਾਲ ਦੋਮਟ ਮਿੱਟੀ ਦੀ ਪਾਣੀ ਧਾਰਣ ਕਰਨ ਦੀ ਸਮਰੱਥਾ ਬੜੀ ਘੱਟ ਹੁੰਦੀ ਹੈ, ਕਿਸਾਨਾਂ ਨੂੰ ਖੁਦ ਕਾਲੀ ਅਤੇ ਲਾਲ ਮਿੱਟੀ ਦੀ ਪਾਣੀ ਧਾਰਨ ਕਰਨ ਦੀ ਸਮਰੱਥਾ ਦੀ ਤੁਲਨਾ ਕਰਨ ਲਈ ਕਿਹਾ ਗਿਆ| ਉਹ ਇਸ ਗੱਲ ਨੂੰ ਸਮਝਣ ਦੇ ਸਮਰੱਥ ਸਨ ਕਿ ਜੇਕਰ ਕੋਲੇ ਨੂੰ ਲਾਲ ਮਿੱਟੀ ਵਿੱਚ ਦਬਾਇਆ ਜਾਂਦਾ ਹੈ ਤਾਂ ਉਹ ਕਾਲੀ ਮਿੱਟੀ ਦੀ ਤਰ੍ਹਾ ਹੀ ਮਿੱਟੀ ਦੀ ਉੱਪਰਲੀ ਸਤ੍ਹਾ ਵਿੱਚ ਪਾਣੀ ਧਾਰਨ ਦਾ ਕੰਮ ਕਰੇਗਾ|

ਨਤੀਜੇ ਦੇਖਣ ਤੋਂ ਬਾਅਦ, ਉਹ ਆਪਣੀ ਜ਼ਮੀਨ ਉੱਪਰ ਟ੍ਰਾਇਲ ਕਰਨ ਲਈ ਤਿਆਰ ਹੋਏ|10 ਪਿੰਡਾਂ ਦੇ 50 ਕਿਸਾਨਾਂ ਨੂੰ ਇਸ ਮਾਨਦੰਡ ਦੇ ਆਧਾਰ ਤੇ ਚੁਣਿਆ ਗਿਆ - ਪਰਿਵਾਰਿਕ ਕਿਸਾਨ, ਲਾਲ ਦੋਮਟ ਮਿੱਟੀ ਵਾਲੀ ਖੁਦ ਦੀ ਜ਼ਮੀਨ, ਸਿੰਚਾਈ ਦਾ ਪ੍ਰਬੰਧ, ਸਬਜੀਆਂ ਉਗਾਉਣ ਵਾਲੇ, ਜੈਵਿਕ ਤਰੀਕੇ ਨਾਲ ਖੇਤੀ ਕਰਨ ਵਿੱਚ ਦਿਲਚਸਪੀ ਰੱਖਣ ਵਾਲੇ ਅਤੇ ਉਸ ਖੇਤਰ ਦੇ ਨੇੜੇ ਰਹਿਣ ਵਾਲੇ ਜਿੱਥੇ ਕੋਲਾ ਉਪਲਬਧ ਹੋਵੇ|

ਇਹਨਾਂ ਕਿਸਾਨਾਂ ਨੂੰ ਸਬਜੀਆਂ ਅਤੇ ਫੁੱਲਾਂ ਦੀ ਕਾਸ਼ਤ ਦੌਰਾਨ ਆਪਣੀਆਂ ਜ਼ਮੀਨਾਂ ਵਿੱਚ ਪਾਉਣ ਲਈ ਬਾਇਓਚਾਰ ਮਿੱਟੀ ਸੰਸ਼ੋਧਨ ਦੇ ਨਮੂਨੇ ਦਿੱਤੇ ਗਏ| ਇਹਨਾਂ 50 ਕਿਸਾਨਾਂ ਵਿੱਚੋਂ, 26 ਕਿਸਾਨਾਂ ਨੂੰ ਆਪਣੀ ਜ਼ਮੀਨ ਦੇ 2 ਵਰਗ ਮੀਟਰ ਟ੍ਰਾਇਲ ਪਲਾਟ ਵਿੱਚ ਪਾਉਣ ਦੇ ਲਈ 10 ਕਿਲੋ ਬਾਇਓਚਾਰ ਦਿੱਤਾ ਗਿਆ| ਇਹਨਾਂ 26 ਵਿੱਚੋਂ, 3 ਕਿਸਾਨ ਚਮੇਲੀ ਦੇ ਫੁੱਲਾਂ ਦੀ ਖੇਤੀ ਕਰਨ ਵਾਲੇ ਅਤੇ ਬਾਕੀ ਸਬਜੀਆਂ ਦੀ ਖੇਤੀ ਕਰਨ ਵਾਲੇ ਕਿਸਾਨ ਸਨ| ਇਹਨਾਂ ਨੂੰ ਆਪਣੇ ਖੇਤ ਵਿੱਚ ਬਾਇਓਚਾਰ ਪਾਉਣ ਤੋਂ ਬਾਅਦ ਬੜੇ ਵਧੀਆ ਨਤੀਜੇ ਮਿਲੇ|

ਭਵਿੱਖ ਵਿੱਚ ਪ੍ਰਸਾਰ


ਜੇਕਰ ਪ੍ਰਗਤੀਸ਼ੀਲ ਜਾਂ ਨਵਾਂ ਸਿੱਖਣ ਦੀ ਚਾਹ ਰੱਖਣ ਵਾਲੇ ਕਿਸਾਨਾਂ ਨੂੰ ਹੋਰ ਫਸਲਾਂ ਵਿੱਚ ਬਾਇਓਚਾਰ ਨੂੰ ਪਾਉਣ ਲਈ ਪ੍ਰੋਤਸ਼ਾਹਿਤ ਕੀਤਾ ਜਾਵੇ ਅਤੇ ਉਹ ਇਸਦੇ ਨਤੀਜਿਆਂ ਨੂੰ ਹੋਰ ਕਿਸਾਨਾਂ ਨਾਲ ਸਾਂਝਾ ਕਰਨ, ਇਹ ਨਵੀਂ ਤਕਨੀਕ ਹੋਰ ਕਿਸਾਨਾਂ ਵਿਚਕਾਰ ਵੀ ਫੈਲ ਜਾਵੇਗੀ| ਹਾਲਾਂਕਿ, ਛੋਟੇ ਕਿਸਾਨਾਂ ਵੱਲੋਂ ਬਾਇਓਚਾਰ ਨਾਲ ਭੂਮੀ ਸੁਧਾਰ ਦਾ ਘੱਟ ਖਰਚੀਲਾ ਤਰੀਕਾ ਵੱਡੇ ਪੱਧਰ 'ਤੇ ਅਪਣਾਏ ਜਾਣ ਵਿੱਚ ਕੋਈ ਸ਼ੱਕ ਨਹੀਂ ਫਿਰ ਵੀ ਇਸ ਸੰਬੰਧ ਵਿੱਚ ਜੈਵਿਕ ਕਿਸਾਨ ਐਸੋਸੀਏਸ਼ਨ ਬਣਾਉਣ ਦੀ ਪ੍ਰਕ੍ਰਿਆ ਜਾਰੀ ਹੈ| ਮਿਲ ਕੇ ਸਿੱਖਣ ਦੀ ਪ੍ਰਕ੍ਰਿਆ ਜਿਵੇਂ ਕਿਸਾਨ ਖੇਤ ਸਕੂਲ ਨੂੰ ਬਾਇਓਚਾਰ ਦੇ ਪ੍ਰਯੋਗ ਨੂੰ ਉਤਸ਼ਾਹਿਤ ਕਰਨ ਲਈ ਵਰਤੇ ਜਾ ਰਹੇ ਹਨ|

ਸ੍ਰੋਤ ਸਾਭਾਰ- ਯੋਜਨਾ

Posted by
Get the latest news on water, straight to your inbox
Subscribe Now
Continue reading