ਪੰਜਾਬ ਦੀ ਜ਼ਹਿਰ ਮੁਕਤੀ ਵਿਚ ਔਰਤਾਂ ਦੀ ਭੂਮਿਕਾ

Submitted by kvm on Sat, 10/20/2012 - 02:06
Printer Friendly, PDF & Email
ਕੱਲ ਤੱਕ ਜੋ ਪੰਜਾਬ ਹਰੀ ਕ੍ਰਾਂਤੀ ਦੇ ਲਈ ਪੂਰੀ ਦੁਨੀਆ ਵਿਚ ਜਾਣਿਆ ਜਾ ਰਿਹਾ ਸੀ, ਓਹੀ ਪੰਜਾਬ ਅੱਜ ਕੈੰਸਰ ਦੀ ਰਾਜਧਾਨੀ ਵੱਜੋ ਜਾਣਿਆ ਜਾਣ ਲਗਿਆ ਹੈ। ਪੰਜਾਬੀ ਜੋ ਕੱਲ ਤੱਕ ਆਪਣੀ ਚੰਗੀ ਸਿਹਤ ਲਈ ਪ੍ਰਸਿਧ ਸਨ, ਅੱਜ ਓਹਨਾਂ ਦੀ ਪ੍ਰਜਨਨ ਸਿਹਤ ਲਗਾਤਾਰ ਡਿੱਗਦੀ ਜਾ ਰਹੀ ਹੈ। ਪੌਣ -ਪਾਣੀ ਜ਼ਹਿਰੀਲੇ ਹੋ ਰਹੇ ਹਨ। ਖੇਤੀ ਵਿਚ ਜ਼ਹਿਰੀਲੇ ਕੀਟਨਾਸ਼ਕ ਅਤੇ ਖਾਦਾਂ ਦੇ ਕਾਰਣ ਮਿੱਟੀ ਦੀ ਉਪਜਾਊ ਸ਼ਕਤੀ ਘਟਦੀ ਜਾ ਰਹੀ ਹੈ।

ਹਰੀ ਕ੍ਰਾਂਤੀ ਦੇ ਆਉਣ ਨਾਲ ਸਮਾਜਿਕ ਜੀਵਨ ਵਿਚ ਵੀ ਕਈ ਤਰ੍ਹਾ ਦੇ ਪਰਿਵਰਤਨ ਆਏ। ਪਹਿਲਾਂ ਜਿਥੇ ਨਮਕ ਅਤੇ ਚਾਹ ਨੂੰ ਛੱਡ ਕੇ ਬਾਕੀ ਚੀਜਾਂ ਖੇਤ ਤੋ ਘਰ ਆਉਂਦੀਆਂ ਸਨ, ਓਥੇ ਹੀ ਹੁਣ ਕਿਸਾਨ ਦੇ ਘਰ ਰਸੋਈ ਦੀ ਹਰ ਚੀਜ ਬਾਜ਼ਾਰ ਤੋ ਆ ਰਹੀ ਹੈ। ਖੇਤਾਂ ਵਿਚ ਮਸ਼ੀਨ ਦੇ ਆਉਣ ਕਰਕੇ ਅਤੇ ਜੈਵ- ਵਿਵਿਧਤਾ ਦੇ ਖਤਮ ਹੋਣ ਕਰਕੇ ਸਮਾਜਿਕ ਜੀਵਨ ਵਿਚ ਜੋ ਮਹੱਤਵਪੂਰਨ ਆਇਆ, ਓਹ ਸੀ ਖੇਤੀ ਵਿਚੋਂ ਔਰਤਾਂ ਦਾ ਬਾਹਰ ਹੋਣਾ।

ਖੇਤ ਵਿਚ ਔਰਤਾਂ ਦੀ ਘਟਦੀ ਭੂਮਿਕਾ ਨੂੰ ਸਿਰਫ਼ ਕੰਮ ਦੇ ਘਟਣ ਦੇ ਪਖ ਤੋ ਹੀ ਨਹੀ ਦੇਖਿਆ ਜਾਣਾ ਚਾਹੀਦਾ, ਸਗੋਂ ਇਸ ਨੂੰ ਉਸ ਗਿਆਨ ਦੇ ਖਤਮ ਹੋਣ ਦੇ ਰੂਪ ਵਿਚ ਦੇਖਿਆ ਜਾਣਾ ਚਾਹੀਦਾ ਹੈ, ਜੋ ਔਰਤਾਂ ਦੇ ਕੋਲ ਬੀਜਾਂ, ਫਸਲਾਂ, ਕੁਦਰਤ ਆਦਿ ਨਾਲ ਸਬੰਧਿਤ ਜਾਣਕਾਰੀ ਦੇ ਰੂਪ ਵਿਚ ਸੀ।ਜਦ ਮਸ਼ੀਨਾਂ ਨਹੀ ਆਈਆਂ ਸੀ, ਤਦ ਸਾਰਾ ਪਰਿਵਾਰ ਮਿਲ ਕੇ ਖੇਤ ਵਿਚ ਮਿਲ ਕੇ ਕੰਮ ਕਰਦਾ ਸੀ। ਖੇਤ ਵਿਚ ਕੀ ਬੀਜਣਾ ਹੈ, ਇਸ ਵਿਚ ਵੀ ਔਰਤ ਦੀ ਭੂਮਿਕਾ ਹੁੰਦੀ ਸੀ। ਅਕਸਰ ਜਦ ਮੈ ਬਜ਼ੁਰਗ ਔਰਤਾਂ ਤੋ ਓਹਨਾ ਦਿਨਾ ਬਾਰੇ ਪੁਛਦੀ ਹਾ ਤਾਂ ਓਹ ਦਸਦੀਆਂ ਹਨ ਕਿ ਜਦ ਮਰਦ ਬੀਜਣ ਲਈ ਜਾਂਦੇ ਤਾਂ ਘਰ ਦੀਆਂ ਔਰਤਾਂ ਨੇ ਜੋ ਵੀ ਬੀਜ਼ ਦੇਣੇ , ਓਹਨਾਂ ਨੇ ਮੁਖ ਫਸਲ ਦੇ ਨਾਲ ਓਹ ਵੀ ਬੀਜ ਦੇਣੇ। ਇਸ ਤਰ੍ਹਾ ਘਰ ਦੀ ਜ਼ਰੂਰਤ ਮੁਤਾਬਿਕ ਔਰਤਾਂ ਖੇਤ ਵਿਚ ਬੀਜ਼ ਲਗਵਾਉਦੀਆਂ। ਜਦ ਖੇਤ ਵਿਚ ਦਾਲਾਂ, ਸਬਜੀਆਂ ਲੱਗੀਆਂ ਹੋਣੀਆ ਤਾਂ ਓਹਨਾਂ ਨੇ ਤੁੜਾਈ ਕਰਨ ਜਾਣਾ।

ਇਸੇ ਤਰ੍ਹਾ ਬੀਜ਼ ਬਚਾਉਣ ਅਤੇ ਸੰਭਾਲਣ ਦਾ ਕੰਮ ਵੀ ਔਰਤਾਂ ਕਰਦੀਆਂ।ਔਰਤਾਂ ਚੰਗੇ ਪੌਦੇ, ਜਿੰਨਾਂ ਦੇ ਦਾਨੇ ਚੰਗੇ ਹੁੰਦੇ, ਫਲ ਵਧੀਆ ਹੁੰਦਾ, ਬਿਮਾਰੀ ਨਾ ਹੁੰਦੀ ਜਾਂ ਘੱਟ ਲਗਦੀ, ਛਾਂਟਦੀਆ ਅਤੇ ਫਿਰ ਬੱਲੀਆਂ ਵਿਚੋਂ ਦਾਨੇ ਕਢ ਕੇ ਜਾਂ ਬੱਲੀਆਂ ਸਮੇਤ ਹੀ ਬੀਜਾਂ ਨੂੰ ਸੁਕਾ ਕੇ ਸਵਾਹ ਅਤੇ ਗੋਬਰ ਆਦਿ ਦੀ ਵਰਤੋ ਕਰਕੇ ਮਿੱਟੀ ਦੇ ਬਰਤਨਾਂ ਵਿਚ ਸੰਭਾਲਦੀਆਂ।

ਇਸ ਤਰ੍ਹਾ ਓਹਨਾਂ ਦੀ ਖੇਤ ਅਤੇ ਖੇਤੀ ਨਾਲ ਇਕ ਸਾਂਝ ਹੁੰਦੀ, ਪਰ ਮਸ਼ੀਨਾਂ ਦੇ ਆ ਜਾਣ ਕਾਰਣ ਔਰਤਾਂ ਦੀ ਇਹ ਭੂਮਿਕਾ ਘਟਦੀ ਗਈ ਅਤੇ ਹੁਣ ਇਹ ਸਿਰਫ਼ ਨਰਮ੍ਹੇ ਦੀ ਚੁਗਾਈ ਤੱਕ ਸੀਮਿਤ ਰਹਿ ਗਈ ਹੈ। ਖੇਤ ਵਿਚ ਔਰਤਾਂ ਦੀ ਘਟਦੀ ਭੂਮਿਕਾ ਨੂੰ ਸਿਰਫ਼ ਕੰਮ ਦੇ ਘਟਣ ਦੇ ਪਖ ਤੋ ਹੀ ਨਹੀ ਦੇਖਿਆ ਜਾਣਾ ਚਾਹੀਦਾ, ਸਗੋਂ ਇਸ ਨੂੰ ਉਸ ਗਿਆਨ ਦੇ ਖਤਮ ਹੋਣ ਦੇ ਰੂਪ ਵਿਚ ਦੇਖਿਆ ਜਾਣਾ ਚਾਹੀਦਾ ਹੈ, ਜੋ ਔਰਤਾਂ ਦੇ ਕੋਲ ਬੀਜਾਂ, ਫਸਲਾਂ, ਕੁਦਰਤ ਆਦਿ ਨਾਲ ਸਬੰਧਿਤ ਜਾਣਕਾਰੀ ਦੇ ਰੂਪ ਵਿਚ ਸੀ। ਔਰਤਾਂ ਦੇ ਖੇਤੀ ਨਾਲੋਂ ਸਬੰਧ ਟੁੱਟਣ ਦੇ ਕਾਰਣ ਇਹ ਸਾਰਾ ਗਿਆਨ ਅਗਲੀ ਪੀੜ੍ਹੀ ਤੱਕ ਨਹੀ ਜਾ ਪਾ ਰਿਹਾ।

ਔਰਤਾਂ ਜਦ ਖੇਤ ਜਾਂਦੀਆਂ ਸੀ ਤਾਂ ਖੇਤ ਵਿਚ ਉੱਗਣ ਵਾਲੇ ਹਰ ਪੌਦੇ ਦੀ ਖਾਸੀਅਤ ਬਾਰੇ ਜਾਣਦੀਆਂ ਸਨ। ਅੱਜ ਦੇ ਨਦੀਨ ਅਖਵਾਉਣ ਵਾਲੇ ਪੌਦੇ ਉਸ ਸਮੇਂ ਓਹਨਾਂ ਲਈ ਸਾਗ-ਸਬਜ਼ੀ ਜਾਂ ਇਕ ਦਵਾਈ ਦਾ ਕੰਮ ਦੇਣ ਵਾਲੇ ਪੌਦੇ ਹੁੰਦੇ ਸਨ। ਪਰ ਜਦ ਔਰਤ ਖੇਤੀ ਤੋ ਬਾਹਰ ਹੋਈ ਤਾਂ ਇਹ ਗਿਆਨ ਵਿੱਸਰ ਗਿਆ ਅਤੇ ਓਹਨਾਂ ਪੌਦਿਆਂ ਨੂੰ ਹਰੀ ਕ੍ਰਾਂਤੀ ਨੇ ਨਦੀਨ ਬਣਾ ਦਿੱਤਾ। ਅੱਜ ਖੇਤ ਵਿਚ ਉਸ ਫ਼ਸਲ ਨੂੰ , ਜੋ ਕਿ ਕਿਸਾਨ ਨੇ ਆਪਣੇ ਹਥੀ ਬੀਜ਼ੀ ਹੈ, ਛੱਡ ਕੇ ਬਾਕੀ ਸਭ ਨਦੀਨ ਹੈ।

ਅੱਜ ਪੰਜਾਬ ਜਿਸ ਦੌਰ ਵਿਚੋਂ ਲੰਘ ਰਿਹਾ ਹੈ, ਉਸ ਵਿਚੋਂ ਕਢਣ ਵਿਚ ਔਰਤਾਂ ਹੀ ਮਹਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ। ਇਸੇ ਗੱਲ ਨੂੰ ਧਿਆਨ ਵਿਚ ਰਖਦਿਆ ਖੇਤੀ ਵਿਰਾਸਤ ਮਿਸ਼ਨ ਨੇ ਪੰਜਾਬ ਦੇ ਦੋ ਜਿਲ੍ਹਿਆਂ ਬਰਨਾਲਾ ਅਤੇ ਫਰੀਦਕੋਟ ਦੇ 10 ਪਿੰਡਾਂ ਵਿਚ ਜ਼ਹਿਰ ਮੁਕਤ ਘਰੇਲੂ ਬਗੀਚੀ ਦੀ ਮੁਹਿੰਮ ਆਰੰਭੀ ਹੈ ਜਿਸ ਨਾਲ ਜੁੜ ਕੇ ਲਗਭਗ 400 ਔਰਤਾਂ ਜ਼ਹਿਰ ਮੁਕਤ ਸਬਜ਼ੀਆਂ ਉਗਾ ਰਹੀਆਂ ਹਨ।

ਹਫ਼ਤੇ ਵਿਚ ਇਕ ਦਿਨ ਇਹ ਔਰਤਾਂ ਇਕਠੀਆਂ ਬੈਠਦੀਆਂ ਹਨ ਅਤੇ ਬਗੀਚੀ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਅਤੇ ਓਹਨਾਂ ਦੇ ਹੱਲ ਵਾਰੇ ਵਿਚਾਰ ਕਰਦੀਆਂ ਹਨ। ਇਹ ਔਰਤਾਂ ਇਸ ਮੁਹਿੰਮ ਨੂੰ ਆਪਣੇ ਤੱਕ ਹੀ ਸੀਮਿਤ ਨਹੀ ਰਖ ਰਹੀਆਂ, ਸਗੋਂ ਆਪਣੇ ਗਵਾਂਢ ਅਤੇ ਰਿਸ਼ਤੇਦਾਰਾਂ ਤੱਕ ਵੀ ਇਹ ਗੱਲ ਪਹੁੰਚਾ ਰਹੀਆਂ ਹਨ ਅਤੇ ਓਹਨਾਂ ਨੂੰ ਵੀ ਜ਼ਹਿਰ ਮੁਕਤ ਸਬਜੀਆਂ ਲਗਾਉਣ ਲਈ ਪ੍ਰੇਰ ਰਹੀਆਂ ਹਨ।

ਇਹਨਾਂ ਔਰਤਾਂ ਦਾ ਮੰਨਣਾ ਹੈ ਕਿ ਜ਼ਹਿਰੀਲੇ ਪੌਣ-ਪਾਣੀ ਅਤੇ ਖ਼ੁਰਾਕ ਕਾਰਣ ਲੋਕਾਂ ਦੀ ਸਿਹਤ ਪਹਿਲਾਂ ਵਾਲੀ ਨਹੀ ਰਹੀ ਅਤੇ ਲੋਕ ਬੀਮਾਰ ਹੋ ਰਹੇ ਹਨ। ਓਹ ਨਹੀ ਚਾਹੁੰਦੀਆਂ ਕਿ ਓਹਨਾਂ ਦੇ ਬੱਚੇ ਇਸ ਦਾ ਸ਼ਿਕਾਰ ਬਣਨ, ਇਸਲਈ ਜਿੰਨਾ ਓਹਨਾ ਦੇ ਹਥ ਹੈ ਓਹਨਾ ਓਹ ਜ਼ਰੂਰ ਕਰਨਗੀਆ।ਇਸੇ ਕਰਕੇ ਹੀ ਓਹ ਇਸ ਮੁਹਿੰਮ ਨਾਲ ਜੁੜੀਆਂ ਹਨ। ਓਹ ਹੁਣ ਆਪਣੇ ਪਤੀਆਂ ਨੂੰ ਵੀ ਕੁਦਰਤੀ ਖੇਤੀ ਸ਼ੁਰੂ ਕਰਨ ਲਈ ਪ੍ਰੇਰ ਰਹੀਆਂ ਹਨ। ਕੁਝ ਔਰਤਾਂ ਤਾਂ ਇਸ ਦੀ ਸ਼ੁਰੂਆਤ ਵੀ ਕਰ ਚੁਕੀਆਂ ਹਨ। ਓਹਨਾਂ ਨੂੰ ਵਿਸ਼ਵਾਸ ਹੈ ਕਿ ਘੱਟੋ-ਘੱਟ ਓਹ ਆਪਣੇ ਪਤੀਆਂ ਨੂੰ ਥੋੜੇ ਜਿਹੇ ਤੋ ਸ਼ੁਰੁਆਤ ਕਰਨ ਲਈ ਤਾਂ ਮਨਾ ਹੀ ਸਕਦੀਆਂ ਹਨ।

ਅੰਤ ਵਿਚ ਇਹੀ ਉਮੀਦ ਕੀਤੀ ਜਾ ਸਕਦੀ ਹੈ ਕਿ ਇਹਨਾਂ ਔਰਤਾਂ ਦੀ ਆਪਣੇ ਬਚਿਆਂ ਨੂੰ ਜ਼ਹਿਰ ਮੁਕਤ ਖਵਾਉਣ ਅਤੇ ਬਿਮਾਰੀਆਂ ਤੋ ਬਚਾਉਣ ਦੀ ਇਹ ਪਹਿਲ ਪੰਜਾਬ ਦੀਆਂ ਹੋਰਨਾਂ ਔਰਤਾਂ ਨੂੰ ਵੀ ਪ੍ਰੇਰਿਤ ਕਰੇਗੀ ਅਤੇ ਪੰਜਾਬ ਦੀ ਜ਼ਹਿਰ ਮੁਕਤੀ ਦੇ ਰਾਹ ਵਿਚ ਮੀਲ ਪਥਰ ਸਾਬਿਤ ਹੋਵੇਗੀ।

Comments

Submitted by Rachael Fuller (not verified) on Tue, 07/03/2018 - 20:38

Permalink

ਚਾਹੀਦਾ, ਸਗੋਂ ਇਸ ਨੂੰ ਉਸ ਗਿਆਨ ਦੇ ਖਤਮ ਹੋਣ ਦੇ ਰੂਪ ਵਿਚ ਦੇਖਿਆ ਜਾਣਾ ਚਾਹੀਦਾ ਹੈ, ਜੋ ਔਰਤਾਂ ਦੇ ਕੋਲ ਬੀਜਾਂ, ਫਸਲਾਂ, ਕੁਦਰਤ ਆਦਿ ਨਾਲ ਸਬੰਧਿਤ ਜਾਣਕਾਰੀ ਦੇ ਰੂਪ ਵਿਚ ਸੀ। ਔਰਤਾਂ ਦੇ ਖੇਤੀ ਨਾਲੋਂ ਸਬੰਧ ਟੁੱਟਣ ਦੇ ਕਾਰਣ ਇਹ ਸਾਰਾ ਗਿਆਨ ਅਗਲੀ ਪੀੜ੍ਹੀ ਤੱਕ ਨਹੀ ਜਾ ਪਾ ਰਿਹਾ। Geometry Dash

Add new comment

This question is for testing whether or not you are a human visitor and to prevent automated spam submissions.

1 + 0 =
Solve this simple math problem and enter the result. E.g. for 1+3, enter 4.

More From Author

Related Articles (Topic wise)

Related Articles (District wise)

About the author

नया ताजा