ਉਤਪਾਦਕਤਾ ਦੀ ਹਿੰਸਕ ਭੂਮੀ

Submitted by kvm on Fri, 04/11/2014 - 22:10
Printer Friendly, PDF & Email
Source
ਗਾਂਧੀ ਮਾਰਗ
ਉਪਜਾਊ ਸ਼ਕਤੀ ਵਧਾਉਣ ਵਾਲੀ ਖਾਦ ਨੇ ਅਨਾਜ ਦਾ ਉਤਪਾਦਨ ਤਾਂ ਵਧਾਇਆ ਹੀ ਪਰ ਨਾਲ ਹੀ ਉਸਨੇ ਇੱਕ ਹੋਰ ਹਿੰਸਕ ਰੂਪ ਧਾਰਨ ਕਰ ਲਿਆ। ਹਿੰਸਾ ਦੀ ਜ਼ਮੀਨ ਵੀ ਉਸਨੇ ਪਹਿਲਾਂ ਨਾਲੋਂ ਕੁੱਝ ਜ਼ਿਆਦਾ ਹੀ ਉਪਜਾਊ ਬਣਾ ਦਿੱਤੀ ਹੈ।
ਸੰਨ 1908 ਵਿੱਚ ਹੋਈ ਇੱਕ ਵਿਗਿਆਨਕ ਖੋਜ਼ ਨੇ ਸਾਡੀ ਦੁਨੀਆ ਹੀ ਬਦਲ ਦਿੱਤੀ। ਇਸ ਤੋਂ ਪਹਿਲਾਂ ਸ਼ਾਇਦ ਹੀ ਕਿਸੇ ਇੱਕ ਵਿਗਿਆਨਕ ਖੋਜ ਨੇ ਸੰਸਾਰ 'ਤੇ ਇੰਨਾ ਗਹਿਰਾ ਅਸਰ ਛੱਡਿਆ ਹੋਵੇ! ਅੱਜ ਸਾਡੇ ਸਭਨਾਂ ਦੇ ਜੀਵਨ ਉੱਪਰ ਇਸ ਖੋਜ਼ ਦਾ ਸਿੱਧਾ ਅਸਰ ਦਿਖਾਈ ਦਿੰਦਾ ਹੈ। ਇਸ ਖੋਜ ਦੇ ਦਲਦਿਆਂ ਮਨੁੱਖ ਏਨਾ ਖਾਣਾ ਉਗਾਉਣ ਲੱਗਾ ਹੈ ਕਿ ਇੱਕ ਸਦੀ ਅੰਦਰ ਹੀ ਆਬਾਦੀ ਵਿੱਚ ਚਾਰ ਗੁਣਾ ਵਾਧੇ ਦੇ ਬਾਵਜੂਦ ਸੰਸਾਰ ਵਿੱਚ ਅਨਾਜ ਦੀ ਕੋਈ ਤੋਟ ਨਹੀਂ। ਹਾਲਾਂਕਿ ਇਸ ਅਵਿਸ਼ਕਾਰ ਨੇ ਹਿੰਸਾ ਦਾ ਇੱਕ ਅਜਿਹਾ ਤਾਂਡਵ ਵੀ ਰਚਿਆ ਹੈ, ਜਿਸ ਤੋਂ ਨਿਜ਼ਾਤ ਮਿਲਣ ਦੀ ਕੋਈ ਸੰਭਾਵਨਾ ਦੂਰ-ਦੂਰ ਤੱਕ ਨਜ਼ਰ ਨਹੀਂ ਪੈਂਦੀ। ਦੋ ਵਿਸ਼ਵ ਯੁੱਧਾਂ ਤੋਂ ਲੈ ਕੇ ਆਤੰਕਵਾਦੀ ਹਮਲਿਆਂ ਤੱਕ, ਜ਼ਮੀਨ ਦੀ ਪੈਦਾਵਾਰ ਵਧਾਉਣ ਵਾਲੇ ਇਸ ਅਵਿਸ਼ਕਾਰ ਨੇ ਕਈ ਪ੍ਰਕਾਰ ਦਾ ਵਿਨਾਸ਼ ਰਚਿਆ ਹੈ। ਅਸੀਂ ਹਰ ਸਮੇਂ, ਦੁਨੀਆਂ ਭਰ 'ਚ ਬਾਰੂਦ ਦੇ ਮਚਦੇ ਭਾਂਬੜਾ ਅਤੇ ਵਿਰਾਟ ਵਾਤਾਵਰਣ ਪ੍ਰਦੂਸ਼ਣ ਦੇ ਰੂਪ ਵਿੱਚ ਇਸ ਵਿਨਾਸ਼ ਨਾਲ ਦੋ-ਚਾਰ ਹਾਂ।ਇਸ ਸਾਲ 17 ਅਪ੍ਰੈਲ ਨੂੰ ਇੱਕ ਵੱਡਾ ਧਮਾਕਾ ਹੋਇਆ ਸੀ। ਇਸਦੀ ਗੂੰਜ ਕਈ ਦਿਨਾਂ ਤੱਕ ਦੁਨੀਆ ਭਰ ਵਿੱਚ ਸੁਣਾਈ ਦਿੰਦੀ ਰਹੀ ਸੀ। ਅਮਰੀਕਾ ਦੇ ਟੈਕਸਾਸ ਰਾਜ ਦੇ ਵੇਸਟ ਨਾਮਕ ਪਿੰਡ ਵਿੱਚ ਹੋਏ ਇਸ ਵਿਸਫ਼ੋਟ ਨਾਲ ਫੈਲੇ ਅੱਗ ਦੇ ਸੈਲਾਬ ਨੇ 15 ਲੋਕਾਂ ਨੂੰ ਮਾਰਿਆ ਸੀ ਅਤੇ ਕੋਈ 180 ਲੋਕ ਪ੍ਰਭਾਵਿਤ (ਹਤਾਹਤ) ਹੋਏ ਸਨ ਹਾਦਸੇ ਤਾਂ ਏਥੇ-ਓਥੇ ਹੁੰਦੇ ਹੀ ਰਹਿੰਦੇ ਹਨ ਅਤੇ ਨਾ ਜਾਣੇ ਕਿੰਨੇ ਲੋਕਾਂ ਨੂੰ ਮਾਰਦੇ ਵੀ ਰਹਿੰਦੇ ਹਨ। ਪਰ ਇਹ ਧਮਾਕਾ ਕਈ ਦਿਨਾਂ ਤੱਕ ਖਬਰ ਵਿੱਚ ਬਣਿਆ ਰਿਹਾ। ਇਸ ਧਮਾਕੇ ਕਾਰਨ ਹੋਏ ਨੁਕਸਾਨ ਕਰਕੇ ਨਹੀਂ, ਸਗੋਂ ਜਿਸ ਥਾਂ 'ਤੇ ਇਹ ਧਮਾਕਾ ਹੋਇਆ ਸੀ, ਉਸ ਥਾਂ ਕਰਕੇ।
ਇਸ ਧਮਾਕੇ ਪਿੱਛੇ ਕਿਸੇ ਆਤੰਕਵਾਦੀ ਸੰਗਠਨ ਦਾ ਹਮਲਾ ਨਹੀਂ ਸੀ। ਬਲਕਿ ਧਮਾਕੇ ਵਾਲੀ ਥਾਂ 'ਤੇ ਰਸਾਇਣਿਕ ਖਾਦ ਬਣਾਉਣ ਲਈ ਕੰਮ ਆਉਣ ਵਾਲੇ ਕੈਮੀਕਲਾਂ ਦੇ ਇੱਕ ਭੰਡਾਰ ਵਿੱਚ ਅੱਗ ਲੱਗ ਗਈ ਸੀ। ਕੁੱਝ ਵੈਸੀ ਹੀ ਜਿਹੋ ਜਿਹੀ ਕਾਰਖ਼ਾਨਿਆਂ ਵਿੱਚ ਇੱਥੇ-ਓਥੇ ਕਦੇ-ਕਦੇ ਲੱਗ ਜਾਂਦੀ ਹੈ। ਅੱਗ ਬੁਝਾਊ ਵਿਭਾਗ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ ਬੁਝਾਊ ਦਲ ਆਪਣੇ ਕੰਮ ਵਿੱਚ ਲੱਗ ਗਿਆ। ਪਰ ਉਸਤੋਂ ਬਾਅਦ ਜੋ ਧਮਾਕਾ ਹੋਇਆ, ਉਸਨੂੰ ਆਸ-ਪਾਸ ਰਹਿਣ ਵਾਲੇ ਲੋਕਾਂ ਨੇ ਕਿਸੇ ਇੱਕ ਭੂਚਾਲ ਦੀ ਤਰਾਂ ਮਹਿਸੂਸ ਕੀਤਾ। ਅਮਰੀਕਾ ਦੇ ਭੂ-ਗਰਭ ਸਰਵੇਖਣ ਯੰਤਰਾਂ ਉੱਪਰ ਇਹ ਧਮਾਕਾ 2.1 ਦੀ ਤੀਬਰਤਾ ਦੇ ਭੂਚਾਲ ਦੇ ਕੰਪਨ ਵਾਂਗੂੰ ਦਰਜ ਕੀਤਾ ਗਿਆ। ਧੂੰਏ ਨਾਲ ਇੱਥਂੋ ਦਾ ਜੀਵਨ ਕਈ ਦਿਨਾਂ ਤੱਕ ਲੀਹੋਂ-ਲੱਥਾ ਰਿਹਾ। ਧਮਾਕੇ ਉਪਰੰਤ ਏਨੀ ਗਰਮੀ ਪੈਦਾ ਹੋਈ ਕਿ ਨੇੜੇ-ਤੇੜੇ ਦੀਆਂ ਇਮਾਰਤਾਂ ਜਲੇ ਹੋਏ ਖੁੰਢ ਜਿਹੀਆਂ ਦਿਖਾਈ ਦੇਣ ਲੱਗੀਆਂ ਸਨ। ਇਹ ਕੋਈ ਅਣੂ ਬੰਬ ਨਹੀਂ ਸੀ ਫਟਿਆ!
ਇਸ ਕਾਰਖ਼ਾਨੇ ਵਿੱਚ ਅਮੋਨੀਅਮ ਨਾਈਟ੍ਰੇਟ ਨਾਮ ਦੇ ਰਸਾਇਣ ਦਾ ਭੰਡਾਰ ਸੀ, ਜਿਸਦਾ ਉਪਯੋਗ ਯੂਰੀਆ ਜਿਹੀ ਰਸਾਇਣਿਕ ਖਾਦ ਬਣਾਉਣ ਲਈ ਕੀਤਾ ਜਾਂਦਾ ਹੈ। ਇਸ ਖਾਦ ਨਾਲ ਫ਼ਸਲਾਂ ਦੀ ਪੈਦਾਵਾਰ ਵਿੱਚ ਧਮਾਕੇਦਾਰ ਵਾਧਾ ਹੁੰਦਾ ਹੈ। ਪਰ ਰਸਾਇਣਿਕ ਖਾਦਾਂ ਦੇ ਕਾਰਖ਼ਾਨੇ ਵਿੱਚ ਇਹ ਪਹਿਲਾ ਧਮਾਕਾ ਨਹੀਂ ਸੀ। ਸੰਨ 2009 ਵਿੱਚ ਟੈਕਸਾਸ ਰਾਜ ਵਿੱਚ ਹੀ 30 ਜੁਲਾਈ ਨੂੰ ਬ੍ਰਾਇਨ ਨਾਮਕ ਨਗਰ ਵਿੱਚ ਅਜਿਹੇ ਹੀ ਇੱਕ ਕਾਰਖਾਨੇ ਵਿੱਚ ਅਮੋਨੀਅਮ ਨਾਈਟ੍ਰੇਟ ਦੇ ਭੰਡਾਰ ਵਿੱਚ ਧਮਾਕਾ ਹੋਇਆ ਸੀ। ਕਿਸੇ ਦੀ ਜਾਨ ਨਹੀਂ ਸੀ ਗਈ ਪਰ ਜ਼ਹਿਰੀਲੇ ਧੂੰਏ ਦੀ ਮਾਰ ਤੋਂ ਬਚਾਉਣ ਲਈ 80 ਹਜ਼ਾਰ ਦੀ ਆਬਾਦੀ ਵਾਲਾ ਪੂਰਾ ਸ਼ਹਿਰ ਖਾਲੀ ਕਰਵਾਉਣਾ ਪਿਆ ਸੀ। ਸੰਨ 1947 ਵਿੱਚ ਟੈਕਸਾਸ ਸ਼ਹਿਰ ਵਿੱਚ ਹੀ ਅਜਿਹੇ ਹੀ ਇੱਕ ਹਾਦਸੇ ਵਿੱਚ 581 ਲੋਕਾਂ ਦੀਆਂ ਜਾਨਾਂ ਗਈਆਂ ਸਨ। ਅੱਗ ਬੁਝਾਊ ਵਿਭਾਗ ਦੇ ਕਰਮਚਾਰੀਆਂ ਵਿੱਚੋਂ ਕੇਵਲ ਇੱਕ ਜੀਵਿਤ ਬਚਿਆ ਸੀ। ਦੋ ਛੋਟੇ ਹਵਾਈ ਜ਼ਹਾਜ ਉੱਡਦੇ-ਉੱਡਦੇ ਹੇਠਾਂ ਡਿੱਗ ਪਏ ਸਨ। ਧਮਾਕਾ ਏਨਾ ਭਿਆਨਕ ਸੀ ਕਿ ਉਸਦੀਆਂ ਧਵਨੀ (ਆਵਾਜ਼) ਤਰੰਗਾਂ ਨਾਲ 65 ਕਿਲੋਮੀਟਰ ਦੂਰ ਤੱਕ ਦੇ ਘਰਾਂ ਦੇ ਸ਼ੀਸ਼ੇ ਟੁੱਟ ਗਏ ਸਨ। ਟੈਕਸਾਸ ਸਿਟੀ ਡਿਜਾਸਟਰ ਦੇ ਨਾਮ ਨਾਲ ਮਸ਼ਹੂਰ ਇਹ ਅਮਰੀਕਾ ਦੀ ਸਭ ਤੋਂ ਵੱਡੀ ਉਦੋਯੋਗਿਕ ਦੁਰਘਟਨਾ ਮੰੰਨੀ ਗਈ ਹੈ। ਇਸ ਨੂੰ ਅੱਜ ਤੱਕ ਦੇ ਸਭ ਤੋਂ ਸ਼ਕਤੀਸ਼ਾਲੀ ਧਮਾਕਿਆਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ।
ਦੁਨੀਆ ਦੇ ਕਈ ਹਿੱਸਿਆਂ ਵਿੱਚ ਅਜਿਹੇ ਹੀ ਹਾਦਸੇ ਛੋਟੇ-ਵੱਡੇ ਰੂਪ ਵਿੱਚ ਹੁੰਦੇ ਰਹਿੰਦੇ ਹਨ। ਇਹਨਾਂ ਨੂੰ ਜੋੜਨ ਵਾਲੀ ਕੜੀ ਹੈ ਰਸਾਇਣਿਕ ਖਾਦਾਂ ਦੇ ਕਾਰਖਾਨੇ ਵਿੱਚ ਅਮੋਨੀਅਮ ਨਾਈਟ੍ਰੇਟ। ਆਖਿਰ ਖੇਤੀ ਦੇ ਲਈ ਇਸਤੇਮਾਲ ਹੋਣ ਵਾਲੇ ਇਸ ਰਸਾਇਣ ਵਿੱਚ ਅਜਿਹਾ ਕੀ ਹੈ ਕਿ ਇਸ ਨਾਲ ਏਨੀ ਤਬਾਹੀ ਮੱਚ ਸਕਦੀ ਹੈ? ਇਸਦੇ ਲਈ ਥੋੜਾ ਪਿੱਛੇ ਜਾਣਾ ਪਏਗਾ ਉਹਨਾਂ ਕਾਰਨਾਂ ਨੂੰ ਜਾਣਨ ਲਈ ਜਿੰਨਾਂ ਕਾਰਨ ਹਰੀ ਕ੍ਰਾਂਤੀ ਲਈ ਰਸਾਇਣਿਕ ਖਾਦਾਂ ਤਿਆਰ ਹੋਈਆਂ ਸਨ।
ਇਹ ਕਿੱਸਾ ਸ਼ੁਰੂ ਹੁੰਦਾ ਹੈ ਵੀਹਵੀਂ ਸਦੀ ਦੀ ਸ਼ੁਰੂਆਤ ਨਾਲ। ਉਦਯੋਗਿਕ ਕ੍ਰਾਂਤੀ ਦੇ ਚਲਦਿਆਂ ਯੂਰਪ ਵਿੱਚ ਇਹ ਉਥਲ-ਪੁਥਲ ਦਾ ਸਮਾਂ ਸੀ। ਯੂਰਪ ਦੇ ਦੇਸ਼ਾਂ ਵਿੱਚ ਰਾਸ਼ਟਰਵਾਦ ਇੱਕ ਬਿਮਾਰੀ ਦੀ ਤਰ•ਾਂ ਫੈਲ ਚੱਲਿਆ ਸੀ ਅਤੇ ਗਵਾਂਢੀ ਦੇਸ਼ਾਂ ਵਿੱਚ ਜਨੂੰਨੀ ਹੋੜ ਪੈਦਾ ਕਰ ਰਿਹਾ ਸੀ। ਆਬਾਦੀ ਬਹੁਤ ਤੇਜ਼ੀ ਨਾਲ ਵਧੀ ਸੀ, ਜਿਸਦਾ ਇੱਕ ਕਾਰਨ ਇਹ ਸੀ ਕਿ ਵਿਗਿਆਨ ਨੇ ਕਈ ਜਟਿਲ ਬਿਮਾਰੀਆਂ ਦੇ ਇਲਾਜ ਲੱਭ ਲਏ ਸਨ। ਕਾਰਖਾਨਿਆਂ ਵਿੱਚ ਕੰਮ ਕਰਨ ਲਈ ਲੋਕ ਪਿੰਡਾਂ ਤੋਂ ਸ਼ਹਿਰਾਂ ਵੱਲ ਆ ਰਹੇ ਸਨ। ਏਨੇ ਲੋਕਾਂ ਨੂੰ ਖਵਾਉਣ ਜੋਕਰੀ ਪੈਦਾਵਾਰ ਤਦ ਯੂਰਪ ਦੇ ਖੇਤਾਂ ਵਿੱਚ ਨਹੀਂ ਸੀ ਹੁੰਦੀ। ਖੇਤੀ ਵਿਗਿਆਨਕਾਂ ਦੀਆਂ ਖੋਜ਼ਾਂ ਤੋਂ ਇਹ ਪਤਾ ਚੱਲ ਚੁੱਕਿਆ ਸੀ ਕਿ ਹਰ ਤਰਾਂ ਦੇ ਪੌਦਿਆਂ ਵਿੱਚ ਖ਼ਾਸ ਤੱਤ ਨਾਈਟ੍ਰੋਜਨ, ਫ਼ਾਸਫ਼ੋਰਸ ਅਤੇ ਪੋਟਾਸ਼ੀਅਮ ਹੁੰਦੇ ਹਨ। ਇਹ ਵੀ ਕਿ ਪੌਦਿਆਂ ਲਈ ਨਾਈਟਰੋਜ਼ਨ ਗ੍ਰਹਿਣ ਕਰਨਾ ਸਭ ਤੋਂ ਮੁਸ਼ਕਿਲ ਕਾਰਜ ਹੈ। ਨਾਈਟ੍ਰੋਜਨ ਦੀ ਹਵਾ ਵਿੱਚ ਤਾਂ ਖੂਬ ਭਰਮਾਰ ਹੈ। ਪਰ ਕਿਸੇ ਦੇ ਕੋਲ ਅਜਿਹਾ ਤਰੀਕਾ ਨਹੀਂ ਸੀ ਜੋ ਉਸਨੂੰ ਹਵਾ ਵਿੱਚੋਂ ਖਿੱਚ ਕੇ ਉਸਨੂੰ ਰਸਾਇਣਿਕ ਰੂਪ ਵਿੱਚ ਲੈ ਆਵੇ ਜੋ ਪੌਦਿਆਂ ਦੇ ਕੰਮ ਵਿੱਚ ਆਸਾਨੀ ਨਾਲ ਆ ਜਾਵੇ। ਪੌਦੇ ਉਸਨੂੰ ਆਪਣੀ ਖੁਰਾਕ ਦੀ ਤਰਾਂ ਸੋਖ ਲੈਣ।
ਖੇਤਾਂ ਵਿੱਚ ਉਪਜਾਊ ਸ਼ਕਤੀ ਵਧਾਉਣ ਦੇ ਲਈ ਨਾਈਟ੍ਰੋਜਨ ਤੱਤ ਪਾਉਣ ਲਈ ਯੂਰਪ ਦੁਨੀਆ ਦੇ ਕੋਨਾ-ਕੋਨਾ ਖੰਗਾਲ ਰਿਹਾ ਸੀ। ਅਜਿਹਾ ਇੱਕ ਸ੍ਰੋਤ ਸੀ-' ਗੁਆਨੋ।' ਇਹ ਆਉਂਦਾ ਸੀ ਦੱਖਣੀ ਅਮਰੀਕਾ ਦੇ ਪੱਛਮੀ ਸਿਰੇ ਤੋਂ ਦੂਰ, ਪ੍ਰਸ਼ਾਂਤ ਮਹਾਸਾਗਰ ਦੇ ਦੀਪਾਂ ਤੋਂ। ਗੁਆਨੋ ਅਸਲ ਵਿੱਚ ਚਿੜੀਆਂ ਦੀ ਬਿੱਠ ਹੈ। ਇਹਨਾਂ ਨਿਰਜਨ ਦੀਪਾਂ ਉੱਪਰ ਨਾ ਜਾਣੇ ਕਦੋਂ ਤੋਂ ਸਮੁੰਦਰੀ ਚਿੜੀਆਂ ਦਾ ਵਾਸਾ ਸੀ, ਜੋ ਸਮੁੰਦਰ ਵਿੱਚ ਮੱਛੀਆਂ ਅਤੇ ਦੂਸਰੇ ਪ੍ਰਾਣੀਆਂ ਦਾ ਸ਼ਿਕਾਰ ਕਰਦੀਆਂ ਹਨ। ਸਦੀਆਂ ਤੋਂ ਉਹਨਾਂ ਅਣਗਿਣਤ ਚਿੜੀਆਂ ਦੀਆਂ ਬਿੱਠਾਂ ਇਹਨਾਂ ਦੀਪਾਂ ਉੱਪਰ ਜੰਮਦੀਆਂ ਰਹੀਆਂ ਅਤੇ ਉੱਥੇ ਇਹਨਾਂ ਦੇ ਪਹਾੜ ਖੜੇ ਹੋ ਗਏ। ਘੱਟ ਬਾਰਿਸ਼ ਦੇ ਚਲਦਿਆਂ ਇਹ ਪਹਾੜ ਜਿਵੇਂ ਦੇ ਤਿਵੇਂ ਬਣੇ ਰਹੇ ਅਤੇ ਬਿੱਠਾਂ ਵਿਚਲੇ ਖਾਦ ਵਾਲੇ ਗੁਣ ਪਾਣੀ ਦੀ ਭੇਟ ਚੜਨੋ ਬਚ ਰਹੇ। ਕੁੱਝ ਥਾਂ ਤਾਂ ਬਿੱਠ ਦੇ ਇਹ ਪਹਾੜ 150 ਫ਼ੁੱਟ ਤੋਂ ਵੀ ਉੱਚੇ ਸਨ।
ਕੋਈ 1500 ਸਾਲ ਪਹਿਲਾਂ ਪੇਰੂ ਵਿੱਚ ਗੁਆਨੋ ਦਾ ਉਪਯੋਗ ਖੇਤੀ ਵਿੱਚ ਖਾਦ ਦੀ ਤਰਾਂ ਹੁੰਦਾ ਸੀ। ਇੰਕਾ ਸਾਮਰਾਜ ਦੇ ਸਮੇਂ ਸਮਾਰੋਹਾਂ ਵਿੱਚ ਇਸ ਗੁਆਨੋ ਬਿੱਠ ਦਾ ਸਥਾਨ ਸੋਨੇ ਦੇ ਬਰਾਬਰ ਸੀ। ਗੁਆਨੋ ਸ਼ਬਦ ਦੀ ਉਤਪਤੀ ਹੀ ਪੇਰੂ ਦੇ ਕੇਚੂਅ ਸਮਾਜ ਦੇ ਇੱਕ ਸ਼ਬਦ 'ਹੁਆਨੋ' ਤੋਂ ਹੋਈ ਹੈ। ਇੱਕ ਜਰਮਨ ਖੋਜਕਰਤਾ ਨੇ ਸੰਨ 1803 ਵਿੱਚ ਗੁਆਨੋ ਦੇ ਗੁਣ ਜਾਣੇ ਅਤੇ ਫਿਰ ਉਹਨਾਂ ਦੀਆਂ ਲਿਖਤਾਂ ਰਾਹੀ ਪੂਰੇ ਯੂਰਪ ਦਾ ਪਰਿਚੈ ਚਿੜੀ ਦੀ ਬਿੱਠ ਤੋਂ ਨਿਕਲਣ ਵਾਲੀ ਇਸ ਖਾਦ ਨਾਲ ਹੋਇਆ ਸੀ।
19ਵੀਂ ਸਦੀ ਵਿੱਚ ਯੂਰਪ ਦੀ ਗੁਆਨੋ ਦੀ ਜ਼ਰੂਰਤ ਹੀ ਦੱਖਣੀ ਅਮਰੀਕਾ ਵਿੱਚ ਯੂਰਪੀਨ ਰੁਚੀ ਦਾ ਖ਼ਾਸ ਕਾਰਨ ਬਣ ਗਈ। ਇਸ ਖੇਤਰ ਉੱਪਰ ਇਹਨਾਂ ਸਭ ਕਾਰਨਾਂ ਕਰਕੇ ਯੂਰਪ ਦੇ ਲੋਕਾਂ ਦਾ ਕਬਜ਼ਾ ਹੋਇਆ। ਇਸਤੋਂ ਬਾਅਦ ਗੁਆਨੋ ਦਾ ਖਨਨ ਅਤੇ ਨਿਰਯਾਤ ਬਹੁਤ ਤੇਜ਼ੀ ਨਾਲ ਹੋਇਆ। ਇਸ ਬਿੱਠ ਤੋਂ ਸੈਂਕੜੇ ਸਾਲਾਂ ਵਿੱਚ ਬਣੇ ਪਹਾੜ ਦੇਖਦੇ ਹੀ ਦੇਖਦੇ ਕੱਟੇ ਜਾਣ ਲੱਗੇ। ਸੰਨ 1840 ਦੇ ਦਸ਼ਕ ਵਿੱਚ ਗੁਆਨੋ ਦਾ ਵਪਾਰ ਪੇਰੂ ਦੀ ਸਰਕਾਰ ਦੀ ਆਮਦਨੀ ਦਾ ਸਭ ਤੋਂ ਵੱਡਾ ਸ੍ਰੋਤ ਬਣ ਗਿਆ ਸੀ। ਵਿਸ਼ਾਲ ਜਹਾਜਾਂ ਵਿੱਚ ਲੱਦ ਕੇ ਇਸਨੂੰ ਯੂਰਪ ਦੇ ਖੇਤਾਂ ਵਿੱਚ ਪਾਉਣ ਦੇ ਲਈ ਲੈ ਜਾਇਆ ਜਾਂਦਾ ਸੀ। ਫਿਰ ਦੁਨੀਆ ਦੇ ਕਈ ਹੋਰ ਹਿੱਸਿਆਂ ਵਿੱਚ ਇਸਦਾ ਨਿਰਯਾਤ ਹੋਣ ਲੱਗਿਆ। ਇਸ ਨੂੰ ਕੱਢਣ ਲਈ ਚੀਨ ਦੇ ਮਜ਼ਦੂਰ ਵੀ ਲਿਆਂਦੇ ਗਏ ਕਿਉਂਕਿ ਪੇਰੂ ਦੇ ਲੋਕ ਇਸ ਕੰਮ ਦੇ ਲਈ ਠੀਕ ਨਹੀਂ ਮੰਨੇ ਗਏ। ਗੁਆਨੋ ਉੱਪਰ ਕਬਜ਼ਾ ਬਣਾਏ ਰੱਖਣ ਲਈ ਯੁੱਧ ਤੱਕ ਲੜੇ ਗਏ ਸਨ।
ਇਹ ਪਦਾਰਥ ਜਵਲਨਸ਼ੀਲ ਹੁੰਦਾ ਹੈ, ਖ਼ਾਸ ਕਰਕੇ ਨਾਈਟ੍ਰੋਜਨ ਨਾਲ ਮਿਲਣ ਤੋਂ ਬਾਅਦ। ਗੁਫਾਵਾਂ ਵਿੱਚ ਚਮਗਿੱਦੜਾਂ ਦੀ ਬਿੱਠ ਵਿੱਚ ਅੱਗ ਲੱਗਣ ਦੇ ਪ੍ਰਮਾਣ ਵੀ ਮਿਲਦੇ ਹਨ। ਗੁਆਨੋ ਦਾ ਉਪਯੋਗ ਵਿਸਫ਼ੋਟਕ ਬਣਾਉਣ ਵਿੱਚ ਵੀ ਹੋਣ ਲੱਗਿਆ ਸੀ। ਪੇਰੂ ਅਤੇ ਗਵਾਂਢੀ ਦੇਸ਼ ਚਿੱਲੀ ਵਿੱਚ ਹੀ ਸਾਲਟਪੀਟਰ ਯਾਨੀ ਪੋਟਾਸ਼ੀਅਮ ਨਾਈਟ੍ਰੇਟ ਨਾਮ ਦੇ ਖਣਿਜ ਮਿਲ ਗਏ ਸਨ। ਹੁਣ ਗੁਆਨੋ ਅਤੇ ਸਾਲਟਪੀਟਰ ਯੂਰਪ ਦੇ ਲਈ ਖਾਦ ਹੀ ਨਹੀਂ, ਵਿਸਫ਼ੋਟਕ ਬਣਾਉਣ ਦੇ ਲਈ ਕੱਚੇ ਮਾਲ ਦਾ ਸ੍ਰੋਤ ਵੀ ਬਣ ਗਏ ਸਨ। ਦੋਵਾਂ ਲਈ ਨਾਈਟ੍ਰੋਜਨ ਲੱਗਦਾ ਹੈ, ਪਰ ਯੁੱਧ ਅਤੇ ਖਾਦ ਦੇ ਨਾਈਟ੍ਰੋਜਨ ਸੰਬੰਧ ਦੀ ਗੱਲ ਬਾਅਦ ਵਿੱਚ।
ਇਹਨਾਂ ਦੋਵੇਂ ਪਦਾਰਥਾਂ ਨੂੰ ਜਹਾਜ ਉੱਪਰ ਲੱਦ ਕੇ ਯੂਰਪ ਲੈ ਜਾਣਾ ਬਹੁਤ ਖਰਚੀਲਾ ਸੌਦਾ ਸੀ। ਅਤੇ ਹੌਲੀ-ਹੌਲੀ ਗੁਆਨੋ ਦੇ ਪਹਾੜ ਵੀ ਖਤਮ ਹੋਣ ਲੱਗੇ ਸਨ। ਚਿੜੀਆਂ ਬਿੱਠ ਆਪਣੇ ਲਈ ਕਰਦੀਆਂ ਸਨ, ਯੂਰਪ ਦੇ ਲਈ ਥੋੜੇ ਹੀ ਕਰਦੀਆਂ ਸਨ! ਇਸ ਲਈ 19ਵੀਂ ਸਦੀ ਦੇ ਅੰਤ ਵਿੱਚ ਯੂਰਪ ਵਿੱਚ ਹੋੜ ਲੱਗੀ ਹੋਈ ਸੀ ਖਾਦ ਅਤੇ ਵਿਸਫ਼ੋਟਕ ਬਣਾਉਣ ਦੇ ਕਈ ਨਵੇਂ ਤਰੀਕੇ ਖੋਜਣ ਦੀ, ਨਾਈਟ੍ਰੋਜਨ ਦੇ ਸ੍ਰੋਤ ਦੀ। ਕਈ ਦੇਸ਼ਾਂ ਦੇ ਵਿਗਿਆਨਕ ਇਸ ਉੱਪਰ ਖੋਜ ਕਰ ਰਹੇ ਸਨ। ਫਿਰ ਸੰਨ 1908 ਵਿੱਚ ਜਰਮਨ ਰਸਾਇਣ ਸ਼ਾਸਤਰੀ ਫ੍ਰਿਟਜ਼ ਹੇਬਰ ਨੇ ਹਵਾ ਤੋਂ ਨਾਈਟ੍ਰੋਜਨ ਖਿੱਚ ਕੇ ਅਮੋਨੀਆ ਬਣਾ ਕੇ ਦਿਖਾਇਆ। ਸੰਨ 1913 ਤੱਕ ਇਸ ਪ੍ਰਕਿਰਿਆ ਨੂੰ ਵੱਡੇ ਉਦਯੋਗਿਕ ਪੱਧਰ ਉੱਪਰ ਕਰਨ ਦਾ ਤਰੀਕਾ ਵੀ ਖੋਜ ਲਿਆ ਗਿਆ। ਬੀ ਏ ਐਸ ਐਫ ਨਾਮ ਦੇ ਇੱਕ ਜਰਮਨ ਉਦਯੋਗ ਵਿੱਚ ਕੰਮ ਕਰ ਰਹੇ ਕਾਰਲ ਬਾਸ਼ ਨੇ ਇਹ ਕਰ ਦਿਖਾਇਆ ਸੀ। ਪ੍ਰਸਿੱਧ ਇੰਜੀਨੀਅਰ ਅਤੇ ਗੱਡੀਆਂ ਵਿੱਚ ਲੱਗਣ ਵਾਲੇ ਸਪਾਰਕ ਪਲੱਗ ਦੇ ਅਵਿਸ਼ਕਾਰਕ ਰਾਬਰਟ ਬਾਸ਼ ਉਸਦੇ ਚਾਚਾ ਸਨ। ਕਈ ਤਰਾਂ ਦੀਆਂ ਮਸ਼ੀਨਾਂ ਉੱਪਰ ਅੱਜ ਵੀ ਉਹਨਾਂ ਦੇ ਚਾਚਾ ਬਾਸ਼ ਦਾ ਨਾਮ ਚੱਲਦਾ ਹੈ। ਅੱਜ ਇਹ ਕੰਪਨੀ ਭਾਰਤ ਵਿੱਚ ਵੀ ਆ ਗਈ ਹੈ। ਅੱਗੇ ਚੱਲ ਕੇ ਇਸ ਪ੍ਰਕਿਰਿਆ ਨੂੰ ਦੋਵਾਂ ਵਿਗਿਆਨਕਾਂ ਦੇ ਨਾਮ 'ਤੇ 'ਹੇਬਰ-ਬਾਸ਼ ਪ੍ਰੋਸੈਸ' ਕਿਹਾ ਗਿਆ।
ਇਸ ਸਮੇਂ ਪੂਰੇ ਯੂਰਪ ਵਿੱਚ ਰਾਸ਼ਟਰਵਾਦ ਦਾ ਬੋਲਬਾਲਾ ਸੀ ਅਤੇ ਜਰਮਨੀ ਅਤੇ ਇਟਲੀ ਜਿਹੇ ਦੇਸ਼ ਕਈ ਛੋਟੀਆਂ ਰਿਆਸਤਾਂ ਦੇ ਆਪਣੇ ਦੇਸ਼ ਵਿੱਚ ਮਿਲ ਜਾਣ ਕਾਰਨ ਤਾਕਤਵਰ ਬਣ ਚੁੱਕੇ ਸਨ। ਰਾਸ਼ਟਰਵਾਦ ਦੀ ਧੌਸ ਹੀ ਸੰਨ 1914 ਵਿੱਚ ਪਹਿਲੇ ਵਿਸ਼ਵ ਯੁੱਧ ਦਾ ਕਾਰਨ ਬਣੀ ਸੀ। ਇੰਗਲੈਂਡ ਦੀ ਨੌਸੈਨਾ ਨੇ ਜਰਮਨੀ ਦੀ ਨਾਕੇਬੰਦੀ ਕਰ ਲਈ ਸੀ ਇਸ ਲਈ ਜਰਮਨੀ ਨੂੰ ਹੁਣ ਗੁਆਨੋ ਅਤੇ ਸਾਲਟਪੀਟਰ ਮਿਲਣਾ ਬੰਦ ਹੋ ਗਿਆ ਸੀ। ਤਦ ਹਵਾ ਤੋਂ ਅਮੋਨੀਆ ਬਣਾਉਣ ਵਾਲੀ ਹੇਬਰ-ਬਾਸ਼ ਵਿਧੀ ਸਦਕਾ ਨਾ ਕੇਵਲ ਇਹ ਬਣਾਵਟੀ ਖਾਦ ਬਣਦੀ ਰਹੀ, ਬਲਕਿ ਯੁੱਧ ਵਿੱਚ ਇਸਤੇਮਾਲ ਹੋਣ ਵਾਲਾ ਉਹਨਾਂ ਦਾ ਅਸਲਾ ਅਤੇ ਵਿਸਫ਼ੋਟਕ ਵੀ ਇਸੇ ਅਮੋਨੀਆ ਤੋਂ ਬਣਨ ਲੱਗੇ। ਅਜਿਹਾ ਮੰਨਿਆ ਜਾਂਦਾ ਹੈ ਕਿ ਅਮੋਨੀਆ ਬਣਾਉਣ ਦਾ ਇਹ ਤਰੀਕਾ ਜੇਕਰ ਜਰਮਨੀ ਕੋਲ ਨਾ ਹੁੰਦਾ ਤਾਂ ਪਹਿਲਾ ਵਿਸ਼ਵ ਯੁੱਧ ਕਾਫ਼ੀ ਸਮਾਂ ਪਹਿਲਾ ਖਤਮ ਹੋ ਗਿਆ ਹੁੰਦਾ।
ਯੁੱਧ ਤੋਂ ਬਾਅਦ ਵਿਗਿਆਨਕ ਸ਼੍ਰੀ ਫ੍ਰਿਟਜ ਅਤੇ ਸ਼੍ਰੀ ਬਾਸ਼ ਨੂੰ ਉਹਨਾਂ ਦੀ ਖੋਜ ਲਈ ਨੋਬੇਲ ਪੁਰਸਕਾਰ ਦਿੱਤਾ ਗਿਆ ਸੀ। ਇਸ ਵਿੱਚ ਕੋਈ ਵਿਰੋਧਾਭਾਸ ਨਹੀਂ ਸੀ ਕਿਉਂਕਿ ਜਿਸ ਅਲਫ੍ਰੈਡ ਨੋਬੇਲ ਦੇ ਨਾਮ 'ਤੇ ਇਹ ਪੁਰਸਕਾਰ ਦਿੱਤਾ ਜਾਂਦਾ ਹੈ, ਉਹਨਾਂ ਨੇ ਖ਼ੁਦ ਡਾਈਨਾਮਾਈਟ ਦੀ ਖੋਜ ਕੀਤੀ ਸੀ ਅਤੇ ਬੋਫ਼ਰਸ ਨਾਮ ਦੀ ਕੰਪਨੀ ਨੂੰ ਇਸਪਾਤ ਦੇ ਕਾਰੋਬਾਰ ਤੋਂ ਹਟਾ ਕੇ ਵਿਸਫ਼ੋਟਕ ਦੇ ਉਤਪਾਦਨ ਵਿੱਚ ਲਗਾ ਦਿੱਤਾ ਸੀ। ਪੁਰਸਕਾਰ ਪ੍ਰਾਪਤ ਕਰਦੇ ਸਮੇਂ ਸ਼੍ਰੀ ਫ੍ਰਿਟਜ ਨੇ ਆਪਣੇ ਭਾਸ਼ਣ ਵਿੱਚ ਕਿਹਾ ਸੀ ਕਿ ਇਸ ਅਵਿਸ਼ਕਾਰ ਦੇ ਪਿੱਛੇ ਉਹਨਾਂ ਦਾ ਉਦੇਸ਼ ਉਸ ਨਾਈਟ੍ਰੋਜਨ ਨੂੰ ਮਿੱਟੀ ਵਿੱਚ ਵਾਪਸ ਪਹੁੰਚਾਉਣਾ ਸੀ ਜੋ ਫ਼ਸਲ ਦੇ ਨਾਲ ਬਾਹਰ ਨਿਕਲ ਆਉਂਦੀ ਹੈ। ਪਰ ਇਹ ਸਭ ਨੂੰ ਪਤਾ ਸੀ ਕਿ ਉਹਨਾਂ ਦਾ ਇੱਕ ਉਦੇਸ਼ ਹੋਰ ਵੀ ਸੀ। ਆਪਣੇ ਪ੍ਰਤੀਕਿਰਿਆਸ਼ੀਲ ਰੂਪ ਵਿੱਚ ਨਾਈਟ੍ਰੋਜਨ ਵਿਸਫ਼ੋਟਕ ਵੀ ਬਣਾਉਂਦੀ ਹੈ। ਇਸਦਾ ਕਾਰਨ ਸੀ ਸ਼੍ਰੀ ਫ੍ਰਿਟਜ ਦਾ ਰਾਸ਼ਟਰਵਾਦ। ਉਹਨਾਂ ਨੇ ਕਿਹਾ ਸੀ ਕਿ ਸ਼ਾਂਤੀ ਦੇ ਸਮੇਂ ਵਿਗਿਆਨਕ ਸਭ ਲੋਕਾਂ ਦੇ ਭਲੇ ਲਈ ਕੰਮ ਕਰਦਾ ਹੈ ਪਰ ਯੁੱਧ ਦੇ ਸਮੇਂ ਤਾਂ ਉਹ ਕੇਵਲ ਆਪਣੇ ਦੇਸ਼ ਦਾ ਹੀ ਹੁੰਦਾ ਹੈ।
ਸੰਨ 1871 ਵਿੱਚ ਜਰਮਨ ਭਾਸ਼ਾ ਬੋਲਣ ਵਾਲੇ ਦੇਸ਼ਾਂ ਵਿੱਚ ਸਭ ਤੋਂ ਵੱਡਾ ਖੇਤਰ ਪਰਸ਼ੀਆ ਫ੍ਰਾਂਸ ਦੇ ਨਾਲ ਯੁੱਧ ਲੜ• ਰਿਹਾ ਸੀ। ਇਸ ਯੁੱਧ ਦੇ ਦੌਰਾਨ ਦੂਸਰੇ ਜਰਮਨ ਭਾਸ਼ਾ ਬੋਲਣ ਵਾਲੇ ਦੇਸ਼ ਵੀ ਪਰਸ਼ੀਆ ਦੇ ਝੰਡੇ ਥੱਲੇ ਇੱਕ ਸਾਮਰਾਜ ਦੇ ਰੂਪ ਵਿੱਚ ਜੁੜ ਗਏ ਸਨ ਅਤੇ ਇਸ ਤਰ•ਾਂ ਜਰਮਨ ਰਾਸ਼ਟਰ ਦਾ ਉਦੈ ਹੋਇਆ ਸੀ। ਇਸ ਯੁੱਧ ਨੇ ਯੂਰਪ ਦੀ ਰਾਜਨੀਤੀ ਹੀ ਬਦਲ ਦਿੱਤੀ। ਇਕੱਠੇ ਹੋਣ ਕਰਕੇ ਜਰਮਨ ਰਾਜਾਂ ਵਿੱਚ ਰਾਸ਼ਟਰਵਾਦ ਦੀ ਲਹਿਰ ਚੱਲ ਰਹੀ ਸੀ। ਸ਼੍ਰੀ ਫ੍ਰਿਟਜ ਵੀ ਇਸ ਤੋਂ ਬਚੇ ਹੋਏ ਨਹੀਂ ਸਨ। ਉਹਨਾਂ ਦਾ ਖੋਜ ਕੰਮ ਕੇਵਲ ਹਵਾ ਤੋਂ ਨਾਈਟ੍ਰੋਜਨ ਖਿੱਚਣ ਤੱਕ ਹੀ ਸੀਮਿਤ ਨਹੀਂ ਸੀ। ਉਹਨਾਂ ਦੀ ਹੀ ਇੱਕ ਹੋਰ ਖੋਜ ਸੀ ਯੁੱਧ ਵਿੱਚ ਇਸਤੇਮਾਲ ਹੋਣ ਵਾਲੀ ਜ਼ਹਿਰੀਲੀ ਗੈਸ। ਉਹਨਾਂ ਦਾ ਕਹਿਣਾ ਸੀ ਕਿ ਉਹ ਅਜਿਹਾ ਹਥਿਆਰ ਬਣਾਉਣਾ ਚਾਹੁੰਦੇ ਹਨ ਜੋ ਉਹਨਾਂ ਦੇ ਦੇਸ਼ ਨੂੰ ਜਲਦੀ ਜਿੱਤ ਦਿਵਾ ਸਕੇ।
ਅਜਿਹਾ ਹੀ ਇੱਕ ਹਥਿਆਰ ਸੀ ਕਲੋਰੀਨ ਗੈਸ। ਇਸਦਾ ਇਸਤੇਮਾਲ ਕਰਕੇ ਸ਼੍ਰੀ ਫ੍ਰਿਟਜ ਨੇ ਰਸਾਇਣਿਕ ਯੁੱਧ ਦੀ ਸ਼ੁਰੂਆਤ ਕੀਤੀ ਸੀ। ਉਹਨਾਂ ਨੂੰ ਅੱਜ ਵੀ ਰਸਾਇਣਿਕ ਹਥਿਆਰਾਂ ਦੇ ਜਨਕ ਵਜੋਂ ਯਾਦ ਕੀਤਾ ਜਾਂਦਾ ਹੈ। ਪਹਿਲੀ ਵਾਰ ਯੁੱਧ ਦੌਰਾਨ ਜ਼ਹਿਰੀਲੀ ਗੈਸ ਦਾ ਪ੍ਰਯੋਗ 22 ਅਪ੍ਰੈਲ ਸੰਨ 1915 ਨੂੰ ਹੋਇਆ ਸੀ। ਅਤੇ ਇਸਦੇ ਨਿਰਦੇਸ਼ਨ ਦੇ ਲਈ ਸ਼੍ਰੀ ਫ੍ਰਿਟਜ ਖ਼ੁਦ ਬੈਲਜੀਅਮ ਗਏ ਸਨ। ਵਾਪਸ ਪਰਤਣ 'ਤੇ ਇਸਨੂੰ ਲੈ ਕੇ ਉਹਨਾਂ ਦੀ ਆਪਣੀ ਪਤਨੀ ਕਲੱਰਾ ਨਾਲ ਖੂਬ ਬਹਿਸ ਹੋਈ ਸੀ। ਕਲੱਰਾ ਰਸਾਇਣਿਕ ਹਥਿਆਰਾਂ ਨੂੰ ਅਮਨੁੱਖੀ ਮੰਨਦੀ ਸੀ ਅਤੇ ਇਸ ਲਈ ਉਹ ਇਹਨਾਂ ਨੂੰ ਬਣਾਉਣ ਅਤੇ ਦੂਸਰੇ ਪੱਖ ਉੱਪਰ ਇਸਦੇ ਪ੍ਰਯੋਗ ਨੂੰ ਇੱਕ ਨਾ ਮੁਆਫ਼ ਕੀਤਾ ਜਾ ਸਕਣ ਵਾਲਾ ਅਪਰਾਧ ਮੰਨਦੀ ਸੀ। ਇਸ ਘਟਨਾ ਦੇ 10 ਦਿਨ ਬਾਅਦ ਹੀ ਕਲੱਰਾ ਨੇ ਆਪਣੇ ਪਤੀ ਦੀ ਪਿਸਤੌਲ ਖ਼ੁਦ ਉੱਪਰ ਚਲਾ ਕੇ ਆਤਮਹੱਤਿਆ ਕਰ ਲਈ ਸੀ ਅਤੇ ਆਪਣੇ 13 ਸਾਲ ਦੇ ਬੇਟੇ ਹਰਮੱਨ ਦੀ ਗੋਦੀ ਵਿੱਚ ਪ੍ਰਾਣ ਤਿਆਗ ਦਿੱਤੇ ਸਨ। ਪਰ ਸ਼੍ਰੀ ਫ੍ਰਿਟਜ ਅਗਲੇ ਹੀ ਦਿਨ ਰਸਾਇਣਿਕ ਹਥਿਆਰਾਂ ਨੂੰ ਰੂਸੀ ਸੈਨਾ ਉੱਪਰ ਇਸਤੇਮਾਲ ਕਰਵਾਉਣ ਲਈ ਲੜਾਈ ਦੇ ਮੋਰਚੇ ਉੱਪਰ ਚਲੇ ਗਏ ਸਨ।
ਸੰਨ 1918 ਵਿੱਚ ਜਰਮਨੀ ਦੀ ਹਾਰ ਹੋ ਗਈ। ਵਿਸ਼ਵ ਯੁੱਧ ਖਤਮ ਹੋ ਗਿਆ। ਪਰ ਹੁਣ ਅਮੋਨੀਆ ਬਣਾਊਣ ਦੇ ਕਈ ਕਾਰਖ਼ਾਨੇ ਅਮਰੀਕਾ ਅਤੇ ਯੁਰਪ ਵਿੱਚ ਖੁੱਲ ਚੁੱਕੇ ਸਨ। ਯੂਰਪ ਦਾ ਮਾਹੌਲ ਰਾਸ਼ਟਰਵਾਦੀ ਹੀ ਬਣਿਆ ਰਿਹਾ ਅਤੇ ਫਿਰ 20 ਸਾਲ ਬਾਅਦ ਦੂਸਰਾ ਵਿਸ਼ਵ ਯੁੱਧ ਛਿੜ ਗਿਆ। ਹੇਬਰ-ਬਾਸ਼ ਵਿਧੀ ਨੂੰ ਹੁਣ ਤੱਕ ਹਰ ਕਿਤੇ ਅਪਣਾ ਲਿਆ ਗਿਆ ਸੀ ਅਤੇ ਵਿਸਫ਼ੋਟਕ ਬਣਾਉਣ ਲਈ ਢੇਰ ਸਾਰਾ ਅਮੋਨੀਆ ਹਰ ਦੇਸ਼ ਦੇ ਹੱਥ ਲੱਗ ਗਿਆ ਸੀ। ਦੂਸਰਾ ਵਿਸ਼ਵ ਯੁੱਧ ਵੀ ਸਮਾਪਤ ਹੋ ਗਿਆ। ਪਰ ਇਹਨਾਂ ਕਾਰਖਾਨਿਆਂ ਨੂੰ ਬੰਦ ਨਹੀਂ ਕੀਤਾ ਗਿਆ। ਇਹ ਤਾਂ ਸਭ ਨੂੰ ਪਤਾ ਹੀ ਸੀ ਕਿ ਅਮੋਨੀਆ ਤੋਂ ਬਣਾਵਟੀ ਖਾਦਾਂ ਬਣਾਈਆਂ ਜਾ ਸਕਦੀਆਂ ਹਨ। ਇਹਨਾਂ ਕਾਰਖਾਨਿਆਂ ਨੂੰ ਯੂਰੀਆ ਦੀ ਖਾਦ ਬਣਾਉਣ ਵਿੱਚ ਲਗਾ ਦਿੱਤਾ ਗਿਆ।
ਇਸੇ ਦੌਰਾਨ ਕਣਕ ਦੀ ਅਜਿਹੀਆਂ ਕਿਸਮਾਂ ਤਿਆਰ ਕੀਤੀਆ ਗਈਆਂ ਜੋ ਇਸ ਯੂਰੀਆ ਨੂੰ ਮਿੱਟੀ ਵਿੱਚੋਂ ਲੈ ਸਕਣ ਵਿੱਚ ਸਮਰੱਥ ਸਨ। ਇਹ ਫ਼ਸਲਾਂ ਬਹੁਤ ਤੇਜ਼ੀ ਨਾਲ ਵਧਦੀਆਂ ਸਨ ਅਤੇ ਇਹਨਾਂ ਵਿੱਚ ਅਨਾਜ ਦੀ ਪੈਦਾਵਾਰ ਬਹੁਤ ਜ਼ਿਆਦਾ ਸੀ। ਇਹਨਾਂ ਫ਼ਸਲਾਂ ਅਤੇ ਯੂਰੀਆ ਦੇ ਮੇਲ ਨਾਲ ਹੀ ਹਰੀ ਕ੍ਰਾਂਤੀ ਹੋਈ ਅਤੇ ਖੇਤੀ ਵਿੱਚ ਉਤਪਾਦਨ ਏਨਾ ਵਧ ਗਿਆ ਜਿੰਨਾ ਪਹਿਲਾਂ ਕਦੇ ਨਹੀਂ ਸੀ ਵਧ ਸਕਿਆ। ਇਹਨਾਂ ਫ਼ਸਲਾਂ ਨੂੰ ਤਿਆਰ ਕਰਨ ਵਾਲੇ ਖੇਤੀ ਵਿਗਿਆਨੀ ਨਾਰਮਨ ਬੋਰਲਾਗ ਨੂੰ ਵੀ ਫ੍ਰਿਟਜ ਦੀ ਹੀ ਤਰਾਂ ਨੋਬੇਲ ਪੁਰਸਕਾਰ ਦਿੱਤਾ ਗਿਆ ਸੀ।
ਇੱਕ ਮੋਟਾ ਅੰਦਾਜ਼ਾ ਦੱਸਦਾ ਹੈ ਕਿ ਹੇਬਰ-ਬਾਸ਼ ਵਿਧੀ ਨਾਲ ਜਿਸ ਜ਼ਮੀਨ ਵਿੱਚੋਂ ਕੋਈ 20 ਲੋਕਾਂ ਲਈ ਅਨਾਜ ਪੈਦਾ ਹੁੰਦਾ ਸੀ ਓਨੀ ਹੀ ਜ਼ਮੀਨ ਅੱਜ 40 ਲੋਕਾਂ ਦਾ ਅਨਾਜ ਪੈਦਾ ਕਰਦੀ ਹੈ। ਇੱਕ ਪ੍ਰਸਿੱਧ ਵਿਗਿਆਨਕ ਦਾ ਅਨੁਮਾਨ ਹੈ ਕਿ ਦੁਨੀਆ ਦੀ ਕੁੱਲ ਆਬਾਦੀ ਦਾ 40 ਫ਼ੀਸਦੀ ਅੱਜ ਇਸੇ ਵਿਧੀ ਨਾਲ ਉਗਾਇਆ ਖਾਣਾ ਖਾਂਦਾ ਹੈ। ਭੋਜਨ ਦੀ ਭਰਪੂਰ ਉਪਲਭਧਤਾ ਅਤੇ ਜਾਨਲੇਵਾ ਬਿਮਾਰੀਆਂ ਦੇ ਇਲਾਜਾਂ ਦੀ ਖੋਜ਼ ਹੋਣ ਨਾਲ ਮਨੁੱਖ ਨੂੰ ਏਨੀ ਸ਼ਕਤੀ ਮਿਲੀ ਜਿੰਨੀ ਉਸਨੂੰ ਪਹਿਲਾਂ ਕਦੇ ਨਹੀਂ ਸੀ ਮਿਲੀ। ਵੀਂਹਵੀਂ ਸਦੀ ਵਿੱਚ ਮਨੁੱਖੀ ਆਬਾਦੀ ਚੌਗੁਣੀ ਵਧ ਗਈ। ਬੀ ਏ ਐਸ ਐਫ ਨਾਮ ਦੀ ਜਿਸ ਕੰਪਨੀ ਲਈ ਸ਼੍ਰੀ ਕਾਰਲ ਬਾਸ਼ ਕੰਮ ਕਰਦੇ ਸਨ, ਉਹ ਅੱਜ ਦੁਨੀਆ ਦੀ ਸਭ ਤੋਂ ਵੱਡੀ ਰਸਾਇਣ ਬਣਾਉਣ ਵਾਲੀ ਕੰਪਨੀ ਮੰਨੀ ਜਾਂਦੀ ਹੈ।
ਸ਼੍ਰੀ ਫ੍ਰਿਟਜ ਦੀ ਇਸ ਖੋਜ਼ ਨੇ ਦੁਨੀਆ ਹੀ ਬਦਲ ਦਿੱਤੀ ਹੈ। ਕਾਰਖਾਨਿਆਂ ਵਿੱਚ ਪੈਦਾ ਹੋਣ ਵਾਲੇ ਯੂਰੀਆ ਦੇ ਅਸਰ ਨੂੰ ਕਈ ਵਿਗਿਆਨਕ ਵੀਂਹਵੀਂ ਸਦੀ ਦਾ ਸਭ ਤੋਂ ਮਹੱਤਵਪੂਰਨ ਅਵਿਸ਼ਕਾਰ ਮੰਨਦੇ ਹਨ। ਹਵਾ 'ਚੋਂ ਨਾਈਟ੍ਰੋਜਨ ਖਿੱਚਣ ਦੇ ਲਈ ਬਹੁਤ ਤੇਜ਼ ਤਾਪਮਾਨ ਅਤੇ ਦਬਾਅ ਵਿੱਚ ਪਾਣੀ 'ਚੋਂ ਹਾਈਡ੍ਰੋਜਨ ਕੱਢਿਆ ਜਾਂਦਾ ਸੀ। ਏਨਾ ਦਬਾਅ ਅਤੇ ਗਰਮੀ ਬਣਾਉਣ ਦੇ ਲਈ ਬਹੁਤ ਸਾਰੀ ਊਰਜਾ ਖਰਚ ਕਰਨੀ ਪੈਂਦੀ ਸੀ। ਅੱਜ ਇਸ ਵਿਧੀ ਨੂੰ ਹੋਰ ਸੁਧਾਰਿਆ ਗਿਆ ਹੈ ਅਤੇ ਹੁਣ ਪਾਣੀ ਦੀ ਜਗਾ ਕੁਦਰਤੀ ਗੈਸ ਦਾ ਇਸਤੇਮਾਲ ਹੁੰਦਾ ਹੈ।
ਪਰ ਅੱਜ ਨਾਈਟ੍ਰੋਜਨ ਦਾ ਜ਼ਿਕਰ ਪੈਦਾਵਾਰ ਦੇ ਸੰਦਰਭ ਵਿੱਚ ਘੱਟ ਅਤੇ ਪ੍ਰਦੂਸ਼ਣ ਦੇ ਕਾਰਨ ਜ਼ਿਆਦਾ ਹੁੰਦਾ ਹੈ। ਸਾਡੇ ਦੇਸ਼ ਵਿੱਚ ਹੀ ਸਸਤੇ ਯੂਰੀਆ ਦੇ ਅੰਧਾਧੁੰਦ ਇਸਤੇਮਾਲ ਨਾਲ ਜ਼ਮੀਨ ਦੇ ਰੇਤਲੀ ਅਤੇ ਤੇਜ਼ਾਬੀ ਹੋਣ ਦਾ ਖਤਰਾ ਵਧਦਾ ਜਾ ਰਿਹਾ ਹੈ। ਕਿਸਾਨਾਂ ਨੂੰ ਸਸਤੀਆਂ ਬਣਾਵਟੀ ਖਾਦਾਂ ਦਾ ਏਨਾ ਨਸ਼ਾ ਹੋ ਚੁੱਕਿਆ ਹੈ ਕਿ ਜ਼ਮੀਨ ਵਿਗੜਦੀ ਦਿਖਦੀ ਹੋਵੇ ਤਾਂ ਵੀ ਯੂਰੀਆ ਪਾਉਂਦੇ ਹੀ ਜਾਂਦੇ ਹਨ। ਯੂਰੀਆ ਨਾਲ ਲੰਬੇ ਹੋਏ ਪੌਦਿਆਂ ਉੱਪਰ ਫ਼ਸਲ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ ਜ਼ਿਆਦਾ ਆਉਂਦੇ ਹਨ। ਇਸ ਲਈ ਉਹਨਾਂ ਉੱਪਰ ਕੀਟਨਾਸ਼ਕਾਂ ਦਾ ਛਿੜਕਾਅ ਵੀ ਓਨਾ ਹੀ ਜ਼ਿਆਦਾ ਕੀਤਾ ਜਾਂਦਾ ਹੈ।
ਇਸ ਤਰਾਂ ਅਸੀਂ ਅੱਜ ਨਾਈਟ੍ਰੋਜਨ ਦੀ ਭਰਮਾਰ ਦੇ ਯੁੱਗ ਵਿੱਚ ਰਹਿ ਰਹੇ ਹਾਂ। ਵਿਗਿਆਨ ਸਾਨੂੰ ਦੱਸ ਰਿਹਾ ਹੈ ਕਿ ਨਾਈਟ੍ਰੋਜਨ ਦੇ ਕੁਦਰਤੀ ਚੱਕਰ ਵਿੱਚ ਮਨੁੱਖ ਨੇ ਏਨਾ ਬਦਲਾਵ ਲਿਆ ਦਿੱਤਾ ਹੈ ਕਿ ਇਹ ਕਾਰਬਨ ਦੇ ਉਸ ਚੱਕਰ ਤੋਂ ਵੀ ਜ਼ਿਆਦਾ ਵਿਗੜ ਗਿਆ ਹੈ, ਜਿਸਦੀ ਵਜ੍ਹਾ ਨਾਲ ਜਲਵਾਯੂ ਪਰਿਵਰਤਨ ਹੋ ਰਿਹਾ ਹੈ। ਜ਼ਮੀਨ ਉੱਪਰ ਛਿੜਕੇ ਨਾਈਟ੍ਰੋਜਨ ਦੀਆਂ ਯੂਰੀਆ ਜਿਹੀਆਂ ਖਾਦਾਂ ਦਾ ਜ਼ਿਆਦਾਤਰ ਹਿੱਸਾ ਪੌਦਿਆਂ ਵਿੱਚ ਨਹੀਂ ਜਾਂਦਾ। ਅੱਜ ਹੇਬਰ-ਬਾਸ਼ ਵਿਧੀ ਨਾਲ ਬਣੀਆਂ ਖਾਦਾਂ ਦਾ ਖੇਤੀ ਵਿੱਚ ਇਸਤੇਮਾਲ 10 ਕਰੋੜ ਟਨ ਹੈ। ਇਹਨਾਂ ਵਿੱਚੋਂ ਲੋਕਾਂ ਦੇ ਭੋਜਨ ਵਿੱਚ ਸਿਰਫ਼ 1.7 ਕਰੋੜ ਟਨ ਵਾਪਸ ਆਉਂਦਾ ਹੈ। ਬਾਕੀ ਹਿੱਸਾ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦਾ ਹੈ।
ਇਹ ਪਾਣੀ ਦੇ ਨਾਲ ਵਹਿ ਕੇ ਜਲ ਸ੍ਰੋਤਾਂ ਤੱਕ ਪਹੁੰਚਦਾ ਹੈ, ਜਿੱਥੇ ਇਸਦੀ ਮੌਜ਼ੂਦਗੀ ਜ਼ਹਿਰੀਲੀ ਕਾਈ ਦਾ ਰੂਪ ਲੈਂਦੀ ਹੈ। ਇਹ ਪਾਣੀ 'ਚੋਂ ਜੀਵਨ ਦੇਣ ਵਾਲੀ ਹਵਾ ਖਿੱਚ ਲੈਂਦੀ ਹੈ ਅਤੇ ਹੇਠਾਂ ਦੇ ਸਾਰੇ ਜੀਵਨ ਦਾ ਦਮ ਘੁਟਦਾ ਹੈ। ਅਜਿਹੇ ਹੀ ਬਰਬਾਦ ਹੋਣ ਵਾਲੇ ਨਾਈਟੋਜਨ ਦਾ ਇੱਕ ਅੰਸ਼ ਪ੍ਰਤੀਕਿਰਿਆਸ਼ੀਲ ਹੋ ਕੇ ਵਾਤਾਵਰਣ ਵਿੱਚ ਜਾਂਦਾ ਹੈ ਅਤੇ ਜਲਵਾਯੂ ਪਰਿਵਰਤਨ ਕਰਦਾ ਹੈ।
ਪਰ ਹੇਬਰ-ਬਾਸ਼ ਵਿਧੀ ਦਾ ਇੱਕ ਹੋਰ ਅਸਰ ਹੈ, ਅਮੋਨੀਆ ਦੇ ਕਾਰਖਾਨੇ ਬਣਾਉਣ ਵਿੱਚ ਹਰ ਦੇਸ਼ ਦਾ ਸੈਨਿਕ ਉਦੇਸ਼ ਵੀ ਹੁੰਦਾ ਹੈ। ਯੁੱਧ ਦੇ ਸਮੇਂ ਇਹੀ ਕਾਰਖਾਨੇ ਵਿਸਫ਼ੋਟਕ ਅਤੇ ਹਥਿਆਰ ਬਣਾਉਣ ਦੇ ਕੰਮ ਆ ਸਕਦੇ ਹਨ। ਹੇਬਰ-ਬਾਸ਼ ਵਿਧੀ ਈਜ਼ਾਦ ਕੀਤਿਆਂ ਹੁਣ 100 ਸਾਲ ਹੋ ਗਏ ਹਨ। ਇੱਕ ਵਿਗਿਆਨਕ ਅਨੁਮਾਨ ਕਹਿੰਦਾ ਹੈ ਕਿ ਇਸ ਸਦੀ ਵਿੱਚ ਵਿਸਫ਼ੋਟਕ ਬਣਾਉਣ ਦਾ ਆਧਾਰ ਵੀ ਹੇਬਰ-ਬਾਸ਼ ਵਿਧੀ ਹੀ ਰਹੀ ਹੈ। ਉਹ ਮੰਨਦੇ ਹਨ ਕਿ ਇਸ ਵਿਧੀ ਨਾਲ ਬਣੇ ਅਸਲੇ ਨੂੰ ਦੁਨੀਆ ਭਰ ਦੇ ਸ਼ਸ਼ਤਰ ਸੰਘਰਸ਼ਾਂ ਵਿੱਚ ਸਿੱਧੇ-ਸਿੱਧੇ ਕੋਈ 15 ਕਰੋੜ ਲੋਕਾਂ ਦੀਆਂ ਜਾਨਾਂ ਲੈ ਲਈਆਂ ਹਨ।
ਇਸ ਵਿਧੀ ਦੇ ਜਿੰਨੇ ਨਾਟਕੀ ਅਸਰ ਦੁਨੀਆ ਉੱਪਰ ਰਹੇ ਹਨ, ਉਹਨਾਂ ਤੋਂ ਸ਼੍ਰੀ ਫ੍ਰਿਟਜ ਵੀ ਬਚ ਨਹੀਂ ਪਾਏ। ਉਹਨਾਂ ਨੂੰ ਨੋਬੇਲ ਪੁਰਸਕਾਰ ਜਿਹੇ ਸਨਮਾਨ ਮਿਲੇ, ਉਹਨਾਂ ਨੇ ਫਿਰ ਤੋਂ ਵਿਆਹ ਕੀਤਾ, ਪਰ ਉਹ ਖੁਸ਼ ਨਹੀਂ ਰਹਿ ਪਾਏ। ਇਸ ਦੌਰਾਨ ਜਰਮਨ ਰਾਸ਼ਟਰਵਾਦ ਨੇ ਐਡਾਲਫ਼ ਹਿਟਲਰ ਦੀ ਨਾਜ਼ੀ ਪਾਰਟੀ ਦਾ ਰੂਪ ਲੈ ਲਿਆ ਸੀ। ਨਾਜ਼ੀ ਸ਼ਾਸਨ ਦੀ ਰਸਾਇਣਿਕ ਹਥਿਆਰਾਂ ਵਿੱਚ ਬਹੁਤ ਰੁਚੀ ਸੀ। ਉਸਨੇ ਸ਼੍ਰੀ ਫ੍ਰਿਟਜ ਸਾਹਮਣੇ ਹੋਰ ਜ਼ਿਆਦਾ ਖੋਜ ਦੇ ਲਈ ਧਨ ਅਤੇ ਸੁਵਿਧਾਵਾਂ ਦਾ ਪ੍ਰਸਤਾਵ ਰੱਖਿਆ। ਪਰ ਇਸ ਦੌਰਾਨ ਨਾਜ਼ੀ ਪਾਰਟੀ ਦੀ ਯਹੂਦੀਆਂ ਪ੍ਰਤਿ ਨਫ਼ਰਤ ਉਜਾਗਰ ਹੋ ਚੁੱਕੀ ਸੀ। ਕਈ ਪ੍ਰਸਿੱਧ ਵਿਗਿਆਨਕ ਜਰਮਨੀ ਛੱਡ ਕੇ ਇੰਗਲੈਂਡ ਅਤੇ ਅਮਰੀਕਾ ਜਾ ਰਹੇ ਸਨ। ਸ਼੍ਰੀ ਫ੍ਰਿਟਜ ਨੇ ਈਸਾਈ ਧਰਮ ਕਬੂਲ ਕਰ ਲਿਆ ਸੀ ਪਰ ਸਭ ਜਾਣਦੇ ਸਨ ਕਿ ਉਹ ਯਹੂਦੀ ਸਨ। ਸੰਨ 1933 ਵਿੱਚ ਉਹ ਜਰਮਨੀ ਛੱਡ ਕੇ ਇੰਗਲੈਂਡ ਵਿੱਚ ਕੈਂਬ੍ਰਿਜ ਆ ਗਏ। ਉੱਥੋਂ ਉਹ ਯਹੂਦੀਆਂ ਨੂੰ ਦਿੱਤੀ ਜ਼ਮੀਨ ਉੱਪਰ ਰਹਿਣ ਲਈ ਫਿਲਿਸਤੀਨ ਵੱਲ ਚੱਲ ਪਏ। ਰਸਤੇ ਵਿੱਚ ਹੀ ਸਵਿਟਜ਼ਰਲੈਂਡ ਵਿੱਚ ਉਹਨਾਂ ਦੀ ਮੌਤ ਹੋ ਗਈ।
ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਪਰਿਵਾਰ ਵੀ ਜਰਮਨੀ ਛੱਡ ਕੇ ਭੱਜ ਗਿਆ। ਉਹਨਾਂ ਦੀ ਦੂਸਰੀ ਪਤਨੀ ਅਤੇ ਦੋ ਬੱਚੇ ਇੰਗਲੈਂਡ ਆ ਗਏ ਸਨ। ਉਹਨਾਂ ਦਾ ਵੱਡਾ ਬੇਟਾ ਹਰਮੱਨ ਅਮਰੀਕਾ ਚਲਾ ਗਿਆ। ਉਸਨੇ ਵੀ ਸੰਨ 1946 ਵਿੱਚ ਆਤਮਹੱਤਿਆ ਕਰ ਲਈ। ਆਪਣੀ ਮਾਂ ਦੀ ਹੀ ਤਰਾਂ ਹਰਮੱਨ ਨੂੰ ਵੀ ਆਪਣੇ ਪਿਤਾ ਸ਼੍ਰੀ ਫ੍ਰਿਟਜ ਦੁਆਰਾ ਰਸਾਇਣਿਕ ਹਥਿਆਰ ਬਣਾਉਣ ਦੀ ਸ਼ਰਮਿੰਦਗੀ ਸੀ। ਰਸਾਇਣਿਕ ਹਥਿਆਰਾਂ ਉੱਪਰ ਸ਼੍ਰੀ ਫ੍ਰਿਟਜ ਦੇ ਖੋਜ ਕੰਮ ਨੂੰ ਨਾਜ਼ੀ ਸਰਕਾਰ ਨੇ ਬਹੁਤ ਅੱਗੇ ਵਧਾਇਆ। ਉਸੇ ਤੋਂ ਜਾਇਕਲਾਨ-ਬੀ ਨਾਮ ਦੀ ਗੈਸ ਬਣੀ, ਜਿਸਦਾ ਇਸਤੇਮਾਲ ਬਾਅਦ ਵਿੱਚ ਨਜ਼ਰਬੰਦੀ ਸ਼ਿਵਿਰਾਂ ਵਿੱਚ ਯਹੂਦੀਆਂ ਨੂੰ ਮਾਰਨ ਦੇ ਲਈ ਹੁੰਦਾ ਸੀ। ਅਜਿਹਾ ਕਿਹਾ ਜਾਂਦਾ ਹੈ ਕਿ ਸ਼੍ਰੀ ਫ੍ਰਿਟਜ ਦੇ ਪਰਿਵਾਰ, ਸਮਾਜ ਦੇ ਕਈ ਲੋਕ ਇਹਨਾਂ ਸ਼ਿਵਿਰਾਂ ਵਿੱਚ ਇਸੇ ਗੈਸ ਨਾਲ ਮਾਰੇ ਗਏ ਸਨ।
ਇਸ ਤਰਾਂ ਉਪਜਾਊ ਸ਼ਕਤੀ ਵਧਾਉਣ ਵਾਲੀ ਖਾਦ ਨੇ ਅਨਾਜ ਦਾ ਉਤਪਾਦਨ ਤਾਂ ਵਧਾਇਆ ਹੀ ਪਰ ਨਾਲ ਹੀ ਉਸਨੇ ਇੱਕ ਹੋਰ ਹਿੰਸਕ ਰੂਪ ਧਾਰਨ ਕਰ ਲਿਆ। ਹਿੰਸਾ ਦੀ ਜ਼ਮੀਨ ਵੀ ਉਸਨੇ ਪਹਿਲਾਂ ਨਾਲੋਂ ਕੁੱਝ ਜ਼ਿਆਦਾ ਉਪਜਾਊ ਬਣਾ ਹੀ ਦਿੱਤੀ ਹੈ।
ਲੇਖਕ ਸੁਤੰਤਰ ਪੱਤਰਕਾਰ ਹਨ ਅਤੇ ਗਾਂਧੀ ਸ਼ਾਂਤੀ ਪ੍ਰਤਿਸ਼ਠਾਨ, ਨਵੀਂ ਦਿੱਲੀ ਵਿੱਚ 'ਜਲ, ਥਲ ਅਤੇ ਮਲ' ਵਿਸ਼ੇ ਉੱਪਰ ਖੋਜ ਕਰ ਰਹੇ ਹਨ।

Add new comment

This question is for testing whether or not you are a human visitor and to prevent automated spam submissions.

9 + 5 =
Solve this simple math problem and enter the result. E.g. for 1+3, enter 4.

More From Author

Related Articles (Topic wise)

Related Articles (District wise)

About the author

नया ताजा