ਆਉ ਮੂਲ ਅਨਾਜਾਂ ਨੂੰ ਬਣਾਈਏ ਫਸਲ ਚੱਕਰ ਦਾ ਅਟੁੱਟ ਅੰਗ!

Submitted by kvm on Mon, 09/10/2012 - 16:59
ਮੂਲ ਅਨਾਜਾਂ ਨੂੰ ਆਮਤੌਰ 'ਤੇ ਮੋਟੇ ਅਨਾਜਾਂ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਅਤੇ ਅੱਜ ਤੱਕ ਇਹਨਾਂ ਨੂੰ ਇਸੇ ਨਾਮ ਨਾਲ ਹੀ ਪ੍ਰਚਾਰਿਆ ਜਾਂਦਾ ਰਿਹਾ ਹੈ। ਹਾਲਾਂਕਿ ਬਹੁਤ ਮੂਲ ਅਨਾਜ ਕਿਸੇ ਵੀ ਪੱਖੋਂ ਕਣਕ, ਚਾਵਲ ਆਦਿ ਅਨਾਜਾਂ ਤੋਂ ਵੱਡ ਅਕਾਰੀ ਜਾਂ ਮੋਟੇ ਨਹੀਂ ਹਨ। ਬਾਜ਼ਰਾ,ਜ਼ਵਾਰ, ਰਾਗੀ, ਕੰਗਣੀ, ਕੋਧਰਾ ਆਦਿ ਇਸਦੀਆਂ ਸਪਸ਼ਟ ਮਿਸਾਲਾਂ ਹਨ। ਵਿਗਿਆਨਕ ਰਪਟਾਂ ਦੱਸਦੀਆਂ ਹਨ ਕਿ ਪਾਣੀ ਦੀ ਖਖਤ ਤੋਂ ਲੈ ਕੇ ਵਾਤਾਵਰਨ ਤਬੀਦੀਲੀਆਂ ਅਤੇ ਸਿਹਤਾਂ ਦੀ ਦ੍ਰਿਸ਼ਟੀ ਤੋਂ ਮੂਲ ਅਨਾਜ ਹਰ ਪੱਖੋਂ ਕਣਕ ਅਤੇ ਚਾਵਲ ਤੋਂ ਵਧੇਰੇ ਲਾਭਕਾਰੀ ਹਨ। ਪਰੰਤੂ ਹਰੀ ਕਰਾਂਤੀ ਦੀ ਅੰਨੀ ਲੋਰ ਦੀਆਂ ਸ਼ਿਕਾਰ ਸਾਡੀਆਂ ਸਰਕਾਰਾਂ ਅਤੇ ਸਾਡੇ ਖੇਤੀ ਅਦਾਰਿਆਂ ਨੇ ਮੂਲ ਅਨਾਜਾਂ ਨੂੰ ਮੋਟੇ ਅਨਾਜਾਂ ਦੀ ਸੰਗਿਆ ਦੇ ਕੇ ਸਿਰੇ ਤੋਂ ਨਕਾਰ ਦਿੱਤਾ।

ਮੂਲ ਅਨਾਜਾਂ ਦੀਆਂ ਫਸਲਾਂ ਜਿੱਥੇ ਕਮਜ਼ੋਰ ਜਾਂ ਮਾਰੂ ਭੂਮੀ ਵਿੱਚ ਵਧੀਆ ਉਪਜ ਦੇਣ ਦੇ ਸਮਰਥ ਹੁੰਦੀਆਂ ਹਨ ਉੱਥੇ ਹੀ ਕਣਕ ਅਤੇ ਚੌਲਾਂ ਦੇ ਮੁਕਾਬਲੇ ਕਿਤੇ ਘੱਟ ਸਮੇਂ ਵਿੱਚ ਅਤੇ ਬਹੁਤ ਘੱਟ ਜਾਂ ਨਾਂਹ ਦੇ ਬਰਾਬਰ ਪਾਣੀ ਨਾਲ ਤਿਆਰ ਹੋ ਜਾਂਦੀਆਂ ਹਨ। ਜੇ ਦੇਖਿਆ ਜਾਵੇ ਤਾਂ ਮੂਲ ਅਨਾਜਾਂ ਦੀਆਂ ਜਿਆਦਾਤਰ ਫਸਲਾਂ 3 ਮਹੀਨੇ ਦੇ ਸਮੇਂ ਵਿੱਚ ਹੀ ਪੱਕ ਕੇ ਖੇਤੋਂ ਬਾਹਰ ਆ ਜਾਂਦੀਆਂ ਹਨ। ਮੂਲ ਅਨਾਜਾਂ ਦੇ ਖਿਲਾਫ਼ ਇਸ ਹੱਦ ਤੱਕ ਭੰਡੀ-ਪ੍ਰਚਾਰ ਕੀਤਾ ਗਿਆ ਕਿ ਲੋਕ ਨੇ ਇਹਨਾਂ ਨੂੰ ਗਰੀਬਾਂ ਦਾ ਖਾਣਾ ਕਹਿ ਠੁਕਰਾ ਦਿੱਤਾ। ਹਾਲਾਂਕਿ ਅੱਜ ਆਪਣੇ ਪੋਸ਼ਣ ਮੁੱਲ ਕਰਕੇ ਮੂਲ ਅਨਾਜ ਅਮੀਰਾਂ ਦੇ ਖਾਣੇ ਦਾ ਅਟੁੱਟ ਅੰਗ ਬਣਦੇ ਜਾ ਰਹੇ ਹਨ। ਵੱਡੇ-ਵੱਡੇ ਪੰਜ ਤਾਰਾ ਹੋਟਲਾਂ ਵਿੱਚ ਜਵਾਰ, ਬਾਜ਼ਰੇ, ਕੰਗਣੀ ਅਤੇ ਰਾਗੀ ਵਰਗੇ ਮੂਲ ਅਨਾਜਾਂ ਤੋਂ ਬਣੇ ਵਿਅੰਜਨ ਪੰਜ-ਪੰਜ ਸੌ ਰੁਪਏ ਪਲੇਟ ਪਰੋਸੇ ਜਾ ਰਹੇ ਹਨ। ਪਰ ਆਮ ਆਦਮੀ ਅੱਜ ਵੀ ਸਿਹਤਾਂ, ਵਾਤਾਵਰਨ ਅਤੇ ਭੂਮੀ-ਪਾਣੀ ਵਰਗੇ ਅਨਮੋਲ ਕੁਦਰਤੀ ਸੋਮਿਆਂ ਦੇ ਅਨੁਕੂਲ ਮੂਲ ਅਨਾਜਾਂ ਮਹੱਤਵ ਅਤੇ ਆਲੋਕਾਰੀ ਗੁਣਾਂ ਤੋਂ ਅਨਜਾਣ ਹੈ।

ਮੂਲ ਅਨਾਜਾਂ ਦੀਆਂ ਫਸਲਾਂ ਜਿੱਥੇ ਕਮਜ਼ੋਰ ਜਾਂ ਮਾਰੂ ਭੂਮੀ ਵਿੱਚ ਵਧੀਆ ਉਪਜ ਦੇਣ ਦੇ ਸਮਰਥ ਹੁੰਦੀਆਂ ਹਨ ਉੱਥੇ ਹੀ ਕਣਕ ਅਤੇ ਚੌਲਾਂ ਦੇ ਮੁਕਾਬਲੇ ਕਿਤੇ ਘੱਟ ਸਮੇਂ ਵਿੱਚ ਅਤੇ ਬਹੁਤ ਘੱਟ ਜਾਂ ਨਾਂਹ ਦੇ ਬਰਾਬਰ ਪਾਣੀ ਨਾਲ ਤਿਆਰ ਹੋ ਜਾਂਦੀਆਂ ਹਨ। ਜੇ ਦੇਖਿਆ ਜਾਵੇ ਤਾਂ ਮੂਲ ਅਨਾਜਾਂ ਦੀਆਂ ਜਿਆਦਾਤਰ ਫਸਲਾਂ 3 ਮਹੀਨੇ ਦੇ ਸਮੇਂ ਵਿੱਚ ਹੀ ਪੱਕ ਕੇ ਖੇਤੋਂ ਬਾਹਰ ਆ ਜਾਂਦੀਆਂ ਹਨ। ਇੰਨਾ ਹੀ ਨਹੀਂ ਮੂਲ ਅਨਾਜਾਂ ਦੀਆਂ ਫਸਲਾਂ ਵਿੱਚ ਚੋਖੀ ਮਾਤਰਾ ਵਿੱਚ ਸਹਿਜੀਵੀ ਤੇ ਭੂਮੀ ਵਿੱਚ ਨਾਈਟਰੋਜਨ ਦਾ ਉੱਚਿਤ ਪੱਧਰ ਬਣਾਈ ਰੱਖਣ ਵਾਲੀਆਂ ਅੰਤਰ ਫਸਲਾਂ ਵੀ ਲਈਆਂ ਜਾ ਸਕਦੀਆਂ ਹਨ। ਇਸ ਤਰ੍ਹਾ ਕਰਨ ਨਾਲ ਭੂਮੀ ਵਿੱਚ ਭਰਪੂਰ ਉਤਪਾਦਨ ਦਿੰਦੇ ਰਹਿਣ ਦੀ ਸਮਰਥਾ ਨਿਰੰਤਰ ਬਣੀ ਰਹਿੰਦੀ ਹੈ।

ਕੋਈ 40 ਕੁ ਵਰ੍ਹੇ ਪਹਿਲਾਂ ਪੰਜਾਬ ਵਿੱਚ ਮੂਲ ਅਨਾਜਾਂ ਦਾ ਖੂਬ ਪ੍ਰਚਲਨ ਸੀ। ਮੂਲ ਅਨਾਜ ਲੋਕਾਂ ਦੀ ਰੋਜ਼ਾਨਾ ਦੀ ਖ਼ਰਾਕ ਦਾ ਮੁੱਖ ਅੰਗ ਹੋਇਆ ਕਰਦੇ ਸਨ। ਪੰਜਾਬ ਦੇ ਹਰੇਕ ਘਰ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਮੂਲ ਅਨਾਜ ਖਾਧੇ ਜਾਂਦੇ ਸਨ। ਫਿਰ ਚਾਹੇ ਇਹ ਮੋਠ-ਬਾਜ਼ਰੇ ਦੀ ਖਿਚੜੀ, ਮੱਕੀ ਦੇ ਦਲੀਏ, ਬਾਜ਼ਰੇ-ਜਵਾਰ ਦੀ ਰੋਟੀ ਦੇ ਰੂਭ ਵਿੱਚ ਰੂਪ ਵਿੱਚ ਸਾਡੇ ਅੰਗ ਸੰਗ ਵਿਚਰਦੇ ਸਨ ਚਾਹੇ ਮੱਕੀ, ਬਾਜ਼ਰੇ ਤੇ ਜਵਾਰ ਦੇ ਭੂਤਪਿੰਨਿਆਂ ਦੇ ਰੂਪ ਵਿੱਚ। ਮੂਲ ਅਨਾਜਾਂ ਦੇ ਨਾਲ-ਨਾਲ ਬਰਾਨੀ ਖੇਤੀ ਦੇ ਰਾਜੇ ਛੋਲੇ ਅਤੇ ਜੌਂ ਵੀ ਸਾਡੀ ਭੋਜਨ ਲੜੀ ਦੇ ਅਨਿੱਖੜਵੇਂ ਅੰਗ ਵਜੋਂ ਸਾਡੀ ਰੋਜ਼ਾਨਾ ਖ਼ੁਰਾਕ ਵਿੱਚ ਸ਼ਾਮਿਲ ਸਨ। ਜੇ ਦੂਜੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਉਹਨਾਂ ਵੇਲਿਆਂ ਵਿੱਚ ਸਾਡੀ ਖੇਤੀ ਦੀ ਵਿਉਂਤਬੰਦੀ ਸਾਡੀ ਰਸੋਈ ਦੀਆਂ ਲੋੜਾਂ ਨਾਲ ਸਿੱਧੇ ਰੂਪ ਵਿੱਚ ਜੁੜੀ ਹੋਈ ਸੀ। ਅਸੀਂ ਖੇਤਾਂ ਵਿੱਚ ਉਹ ਹੀ ਉਗਾਂਉਦੇ ਸੀ ਜਿਹੜਾ ਕਿ ਘਰ ਅਤੇ ਸਮਾਜ ਵਿੱਚ ਖਾਧਾ ਜਾਂਦਾ ਸੀ, ਸਿਹਤ ਵਰਧਕ ਅਤੇ ਸਰੀਰ ਦੀਆਂ ਪੋਸ਼ਣ ਸਬੰਧੀ ਸਾਰੀਆਂ ਲੋੜਾਂ ਪੂਰੀਆਂ ਕਰਨ ਵਾਲਾ ਹੁੰਦਾ ਸੀ। ਉਹਨਾਂ ਵੇਲਿਆਂ 'ਚ ਲੋਕਾਂ ਦੇ ਸਰੀਰਾਂ ਵਿੱਚ ਅੱਜ ਵਾਂਗੂੰ ਆਇਰਨ, ਕੈਲਸੀਅਮ, ਜਿੰਕ ਆਦਿ ਘਾਟ ਨਹੀਂ ਸੀ ਪਾਈ ਜਾਂਦੀ। ਸਭ ਤੰਦਰੁਸਤ ਅਤੇ ਨੌ-ਬਰ-ਨੌ ਅਵਸਥਾ ਵਿੱਚ ਮਿਲਦੇ ਸਨ। ਇਸਤ੍ਰੀਆਂ ਨੂੰ ਗਰਭ ਅਵਸਥਾ ਵਿੱਚ ਆਇਰਨ ਤੇ ਕੈਲਸੀਅਮ ਦੀਆਂ ਗੋਲੀਆਂ ਨਹੀਂ ਸੀ ਖਾਣੀਆਂ ਪੈਂਦੀਆਂ ਅਤੇ ਸਮੇਂ ਤੋਂ ਪਹਿਲਾਂ ਬੱਚੇ ਦਾ ਜਨਮ ਤਾਂ ਕਿਤੇ ਸੁਣਨ ਨੂੰ ਵੀ ਨਹੀਂ ਸੀ ਮਿਲਦਾ। ਹਾਲਾਤ ਅੱਜ ਨਾਲੋਂ ਬਿਲਕੁੱਲ ਵੱਖਰੇ ਸਨ। ਕਾਰਨ ਸਿਰਫ ਇਹ ਕਿ ਅਸੀਂ ਖਾਂਦੇ ਹੀ ਐਸਾ ਸੀ ਜਿਹੜਾ ਕਿ ਪੋਸ਼ਣ ਅਤੇ ਤੰਦਰੁਸਤੀ ਸਬੰਧੀ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਸੀ।

ਅੱਜ ਵਿਗਿਆਨਕ ਤੌਰ 'ਤੇ ਇਹ ਸਿੱਧ ਹੋ ਚੁੱਕਿਆ ਹੈ ਕਿ ਬਾਜ਼ਰਾ, ਜਵਾਰ, ਮੱਕੀ, ਕੋਧਰਾ, ਰਾਗੀ ਅਤੇ ਕੰਗਣੀ ਵਰਗੇ ਜਿਹੜੇ ਅਨਾਜਾਂ ਨੂੰ ਅਸੀਂ ਗਰੀਬਾਂ ਦਾ ਖਾਣਾ ਕਹਿ ਕੇ ਛੁਟਿਆ ਦਿੱਤਾ ਸੀ, ਉਹਨਾਂ ਵਿੱਚ ਅਮੀਰਾਂ ਦਾ ਅਖੌਤੀ ਖਾਣੇ ਕਣਕ ਅਤੇ ਚੌਲਾਂ ਨਾਲੋਂ ਕਈ ਗੁਣਾ ਵੱਧ ਮਾਤਰਾ ਵਿੱਚ ਪੋਸ਼ਕ ਤੱਤ ਮੌਜੂਦ ਹਨ। ਉਦਾਹਰਣ ਵਜੋਂ ਕਣਕ ਅਤੇ ਚੌਲਾਂ ਦੇ ਮੁਕਾਬਲੇ ਬਾਜ਼ਰੇ ਵਿੱਚ 95 ਫੀਸਦੀ ਵਧੇਰੇ ਆਇਰਨ (ਲੋਹਾ), 92 ਫੀਸਦੀ ਵਧੇਰੇ ਕੈਲਸੀਅਮ ਪਾਇਆ ਜਾਂਦਾ ਹੈ। ਇਸੇ ਤਰਾਂ ਜਵਾਰ, ਰਾਗੀ, ਕੰਗਣੀ, ਮੱਕੀ ਅਤੇ ਕੋਧਰੇ ਵਰਗੇ ਮੂਲ ਅਨਾਜ ਵੀ ਇਸ ਪੱਖੋਂ ਕਣਕ ਅਤੇ ਚੌਲਾਂ ਦੇ ਮੁਕਾਬਲੇ ਸੈਂਕੜੇ ਗੁਣਾ ਬੇਹਤਰ ਹਨ।

ਪਰ ਵੱਧ ਝਾੜ ਅਤੇ ਪੈਸੇ ਕਮਾਉਣ ਦੇ ਝਾਂਸੇ ਵਿੱਚ ਆ ਕੇ ਪੰਜਾਬ ਦੇ ਕਿਸਾਨ ਸਰਕਾਰਾਂ ਅਤੇ ਖੇਤੀਬਾੜੀ ਯੂਨੀਵਰਸਿਟੀਆਂ ਦੇ ਮੰਗਰ ਲੱਗ ਕਣਕ-ਝੋਨੇ ਦੇ ਫਸਲ ਚੱਕਰ ਵਿੱਚ ਐਸਾ ਫਸਿਆ ਕਿ ਉਸਨੇ ਆਪਣਾ ਕਿਸਾਨੀ ਸਵੈਮਾਨ ਗਵਾਉਣ ਦੇ ਨਾਲ-ਨਾਲ ਸਮੁੱਚੇ ਵਾਤਾਵਰਣ, ਭੂਮੀ, ਪਾਣੀ ਅਤੇ ਸਿਹਤਾਂ ਦਾ ਨਾਸ਼ ਮਾਰ ਦਿੱਤਾ।

ਅੱਜ ਪੰਜਾਬ ਦੀ ਰਗ-ਰਗ ਵਿੱਚ ਜ਼ਹਿਰ ਦੌੜ ਰਹੇ ਹਨ। ਸਾਡੀ ਖ਼ਰਾਕ ਵਿੱਚ ਵੰਨ-ਸੁਵੰਨਤਾ ਬੀਤੇ ਦੀ ਗੱਲ ਹੋ ਗਈ ਹੈ। ਅਸੀਂ ਭਾਂਤ-ਭਾਂਤ ਦੇ ਨਾਮੁਰਾਦ ਰੋਗਾਂ ਦੇ ਸ਼ਿਕਾਰ ਹੋ ਚੁੱਕੇ ਹਾਂ। ਅਖੌਤੀ ਖੇਤੀ ਖੋਜ਼ ਕੇਂਦਰਾਂ ਦੀ ਦੇਣ ਇੱਕ ਭਾਂਤੀ ਤੇ ਜ਼ਹਿਰੀਲੀ ਖੇਤੀ ਸਾਨੂੰ ਮੌਤ ਦੇ ਮੁਹਾਣੇ ਤੱਕ ਲੈ ਆਈ ਹੈ। ਹੁਣ ਸਮਾਂ ਆ ਗਿਆ ਹੈ ਕਿ ਚਿਰਜੀਵੀ, ਤੰਦਰੁਸਤ ਤੇ ਖੁਸ਼ਹਾਲ ਪੰਜਾਬ ਦੀ ਪੁਨਰ ਸੁਰਜੀਤੀ ਲਈ ਜ਼ੋਰਦਾਰ ਹੰਭਲਾ ਮਾਰਿਆ ਜਾਵੇ। ਕੁਦਰਤੀ ਖੇਤੀ ਤਹਿਤ ਮੱਕੀ, ਬਾਜ਼ਰਾ, ਜਵਾਰ ਵਰਗੇ ਮੂਲ ਅਨਾਜਾਂ ਨੂੰ ਆਪਣੇ ਫਸਲ ਚੱਕਰ ਦਾ ਅਨਿੱਖੜਵਾਂ ਅੰਗ ਬਣਾ ਕੇ ਆਪਣੀ ਰੋਜ਼ਾਨਾਂ ਦੀ ਖ਼ੁਰਾਕ ਦਾ ਪ੍ਰਮੁੱਖ ਹਿੱਸਾ ਬਣਾਈਏ। ਅੰਤ ਅਸੀਂ ਸਮੂਹ ਕਿਸਾਨ ਵੀਰਾਂ ਨੂੰ ਇਸ ਵਾਰ ਸਾਉਣੀ ਰੁੱਤੇ ਮੂਲ ਅਨਾਜਾਂ ਨੂੰ ਆਪਣੀ ਖੇਤੀ ਵਿੱਚ ਬਣਦਾ ਥਾਂ ਦੇ ਕੇ ਚਿਰਜੀਵੀ ਪੰਜਾਬ ਦੀ ਪੁਨਰ ਸੁਰਜੀਤੀ ਵੱਲ ਠੋਸ ਉਪਰਾਲਾ ਕਰਨ ਦੀ ਅਪੀਲ ਕਰਦੇ ਹੋਏ ਕਲਮ ਨੂੰ ਇੱਥੇ ਹੀ ਰੋਕਦੇ ਹਾਂ।

ਆਮੀਨ!

Disqus Comment

Related Articles (Topic wise)

Related Articles (District wise)

About the author

नया ताजा