ਪੰਜਾਬ ਦੇ ਪਾਣੀ ਹੋ ਗਏ ਨੇ ਜ਼ਹਿਰੀ

Submitted by admin on Thu, 11/07/2013 - 10:18
Printer Friendly, PDF & Email
ਮਨੁੱਖ ਹੋਂਦ ਲਈ ਪਾਣੀ ਦੀ ਜ਼ਰੂਰਤ ਤੇ ਸਵੱਛਤਾ ਲਾਜ਼ਮੀ ਹੈ। ਇਸ ਤੋਂ ਬਿਨਾਂ ਜੀਵਨ ਨਹੀਂ ਚਿਤਵਿਆ ਜਾ ਸਕਦਾ, ਕਿਉਂਕਿ ਪਾਣੀ ਆਰਥਿਕ ਤਰੱਕੀ, ਸੱਭਿਆਚਾਰਕ ਉੱਨਤੀ, ਤੰਦਰੁਸਤ ਸਿਹਤ ਤੇ ਅਧਿਆਤਮਕ ਵਿਕਾਸ ਦਾ ਆਧਾਰ ਹੈ। ਗੁਰਬਾਣੀ ਵਿੱਚ ਇਸ ਪ੍ਰਸੰਗ 'ਚ ਪ੍ਰਮਾਣ ਵੀ ਮਿਲਦੇ ਹਨ,ਪਵਣੁ ਗੁਰੂ ਪਾਣੀ ਪਿਤਾ

ਮਾਤਾ ਧਰਤਿ ਮਹਤੁ
ਜਾਂ
ਜਲ ਬਿਨੁ ਸਾਖ ਕੁਮਲਾਵਤੀ
ਉਪਜਹਿ ਨਾਹੀ ਦਾਮ
ਪਹਿਲਾ ਪਾਣੀ ਜਿਉ ਹੈ
ਜਿਤੁ ਹਰਿਆ ਸਭ ਕੋਇ
ਗੁਰਬਾਣੀ ਵਿੱਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ। ਜਿਵੇਂ ਪਿਤਾ ਤੋਂ ਬਿਨਾਂ ਸੰਤਾਨ ਹੋਂਦ ਵਿੱਚ ਨਹੀਂ ਆ ਸਕਦੀ, ਉਸੇ ਤਰ੍ਹਾਂ ਜੀਵਨ ਦਾ ਵਿਕਾਸ ਵੀ ਪਾਣੀ ਤੋਂ ਬਿਨਾਂ ਅਸੰਭਵ ਹੈ।

ਵਿਸ਼ਵ ਪੱਧਰ 'ਤੇ ਪਾਣੀ ਦਾ ਸੰਕਟ
ਵਿਸ਼ਵ ਵਿੱਚ ਪਾਣੀ ਦਾ ਸੰਕਟ ਬੁਰੀ ਤਰ੍ਹਾਂ ਵੱਧਦਾ ਜਾ ਰਿਹਾ ਹੈ, ਪਰ ਅਸੀਂ ਪਾਣੀ ਨੂੰ ਅਣਚਾਹੀ ਵਸਤੂ ਸਮਝ ਕੇ ਇਸ ਦੀ ਦੁਰਵਰਤੋਂ ਕਰ ਰਹੇ ਹਾਂ ਤੇ ਇਸ ਨੂੰ ਮਲੀਨ ਕਰ ਰਹੇ ਹਾਂ। ਅਮਰੀਕਾ ਦੇ ਟਕਸਨ ਇਲਾਕੇ ਵਿੱਚ ਪਾਣੀ ਦੀ ਦੁਰਵਰਤੋਂ ਕਾਰਨ ਪਾਣੀ ਦਾ ਜ਼ਮੀਨਦੋਜ਼ ਪੱਧਰ 1500 ਫੁੱਟ ਤੱਕ ਹੇਠਾਂ ਚਲਾ ਗਿਆ ਹੈ, ਜਿਸ ਕਾਰਨ ਹੁਣ ਇਹ ਸ਼ਹਿਰ ਆਪਣੇ ਲੋਕਾਂ ਨੂੰ ਖੇਤੀ ਅਤੇ ਪੀਣ ਲਈ ਪਾਣੀ ਕੋਲਰਾਡੋ ਨਦੀ ਤੋਂ ਖ਼ਰੀਦ ਕੇ ਦੇ ਰਿਹਾ ਹੈ। ਮੈਕਸੀਕੋ ਸ਼ਹਿਰ ਪਾਣੀਆਂ ਦਾ ਸੋਮਾ ਸੀ, ਜੋ ਕਿ ਟਾਪੂ ਦੀ ਤਰ੍ਹਾਂ ਨਜ਼ਰ ਆਉਂਦਾ ਸੀ, ਪਰ ਪਾਣੀ ਦੀ ਦੁਰਵਰਤੋਂ ਕਾਰਨ ਸ਼ਹਿਰ ਦੇ ਆਲੇ-ਦੁਆਲੇ ਪਾਣੀ ਦੀ ਬੁਰੀ ਤਰ੍ਹਾਂ ਘਾਟ ਮਹਿਸੂਸ ਹੋ ਰਹੀ ਹੈ। ਜ਼ਮੀਨਦੋਜ਼ ਪਾਣੀ ਦੇ ਪਹਿਲੇ ਪੱਤਣ ਦੇ ਖ਼ਤਮ ਹੋ ਜਾਣ ਕਾਰਨ ਅੱਜ ਇਹ ਸ਼ਹਿਰ 30 ਫੁੱਟ ਜ਼ਮੀਨ ਵਿੱਚ ਧੱਸ ਚੁੱਕਿਆ ਹੈ।ਇਜ਼ਰਾਈਲ ਦੀ ਹੁਲੇ ਘਾਟੀ ਵਿੱਚ ਜ਼ਮੀਨਦੋਜ਼ ਪਾਣੀ ਖ਼ਤਮ ਹੋ ਚੁੱਕਿਆ ਹੈ। ਇਸ ਕਾਰਨ ਇੱਥੋਂ ਦੇ ਘਰ ਜ਼ਮੀਨ ਵਿੱਚ ਧੱਸ ਰਹੇ ਹਨ। ਜੋਰਡਨ ਵਿੱਚ ਇੱਕ ਅਜਰਾਕ ਨਾਂ ਦਾ ਨਖਲਿਸਤਾਨ ਹੋਇਆ ਕਰਦਾ ਸੀ। 1980 ਵਿੱਚ ਜੋਰਡਨ ਵੱਲੋਂ ਇੱਥੋਂ ਪਾਣੀ ਕੱਢਣ ਕਰਕੇ ਇਹ ਗੰਦਗੀ ਦੇ ਢੇਰ ਵਿੱਚ ਬਦਲ ਚੁੱਕਿਆ ਹੈ। ਲਿਬੀਆ ਵਿੱਚ ਵੀ ਜ਼ਮੀਨਦੋਜ਼ ਪਾਣੀ ਖ਼ਤਮ ਹੈ, ਜੋ ਕਿ ਕੁਫਰਾ ਬੋਸਨ ਤੋਂ ਪੀਣ ਲਈ ਪਾਈਪਾਂ ਰਾਹੀਂ ਪਾਣੀ ਮੰਗਵਾ ਰਿਹਾ ਹੈ।

ਭਾਰਤ 'ਚ ਪਾਣੀ ਦਾ ਸੰਕਟ
ਭਾਰਤ ਦੇ ਕਈ ਪ੍ਰਾਂਤਾਂ-ਰਾਜਸਥਾਨ, ਉੜੀਸਾ, ਬਿਹਾਰ ਵਿੱਚ ਪਾਣੀ ਕਰਕੇ ਦਿੱਕਤਾਂ ਵੱਧ ਰਹੀਆਂ ਹਨ। ਇੱਥੋਂ ਤੱਕ ਹਿੰਦੂ ਭਾਈਚਾਰੇ ਦੀ ਪਾਵਨ ਨਦੀ ਗੰਗਾ ਵੀ ਅਪਵਿੱਤਰ ਹੋ ਚੁੱਕੀ ਹੈ, ਕਿਉਂਕਿ ਸਨਅਤੀਕਰਨ ਨੇ ਉਸ ਨੂੰ ਪ੍ਰਦੂਸ਼ਿਤ ਕਰ ਦਿੱਤਾ ਹੈ। ਕਈ ਸੰਤ ਤੇ ਸਾਮਾਜਿਕ ਸੰਸਥਾਵਾਂ ਉਸ ਨੂੰ ਪ੍ਰਦੂਸ਼ਣ ਮੁਕਤ ਕਰਨ ਦੇ ਲਈ ਜੱਦੋ ਜਹਿਦ ਕਰ ਰਹੀਆਂ ਹਨ। ਪੰਜ ਦਰਿਆਵਾਂ ਦੀ ਧਰਤੀ ਦੇ ਨਾਮ 'ਤੇ ਪ੍ਰਸਿੱਧ ਪ੍ਰਾਂਤ ਪੰਜਾਬ ਵੀ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ।

ਜ਼ਮੀਨਦੋਜ ਪਾਣੀ ਖਤਰੇ 'ਚ
ਪੰਜਾਬ ਵਿੱਚ ਜ਼ਮੀਨਦੋਜ਼ ਪਾਣੀ 145 ਫੀਸਦੀ ਦਰ ਨਾਲ ਕੱਢਿਆ ਜਾ ਰਿਹਾ ਹੈ, ਜਿਸ ਕਾਰਨ ਪਾਣੀ ਦਾ ਪੱਧਰ ਖ਼ਤਰੇ ਦੀ ਹੱਦ ਪਾਰ ਕਰਦਾ ਜਾ ਰਿਹਾ ਹੈ। ਪੰਜਾਬ 'ਚ ਕੁੱਲ 138 ਬਲਾਕ ਹਨ। ਇਨ੍ਹਾਂ ਵਿੱਚੋਂ 103 ਅਜਿਹੇ ਹਨ, ਜਿੱਥੇ ਖ਼ਤਰੇ ਦੀ ਹੱਦ ਤੋਂ ਵੱਧ ਪਾਣੀ ਕੱਢਿਆ ਜਾ ਚੁੱਕਾ ਹੈ। 5 ਬਲਾਕ ਖ਼ਤਰੇ ਦੀ ਸਥਿਤੀ ਵਿੱਚ ਹਨ ਤੇ 4 ਬਲਾਕ ਖ਼ਤਰੇ ਵੱਲ ਵੱਧ ਰਹੇ ਹਨ। ਬਾਕੀ ਬਲਾਕਾਂ ਵਿੱਚ ਖ਼ਤਰੇ ਵਾਲੀ ਹਾਲਤ ਨਹੀਂ, ਪਰ ਉਨ੍ਹਾਂ ਦਾ ਪਾਣੀ ਵੀ ਪੀਣਯੋਗ ਨਹੀਂ। ਜ਼ਮੀਨਦੋਜ਼ (ਭਾਰਤ ਸਰਕਾਰ) ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਕੋਈ ਜ਼ਿਲ੍ਹਾ ਅਜਿਹਾ ਨਹੀਂ, ਜਿਸ ਦਾ ਪਾਣੀ ਮਲੀਨ ਨਾ ਹੋਵੇ। ਮਾਲਵੇ ਦੀ ਜ਼ਮੀਨ ਵਿੱਚ ਸੰਖਿਆ (ਆਰਸੈਨਿਕ) ਵੱਡੀ ਮਾਤਰਾ 'ਚ ਸ਼ਾਮਲ ਹੈ। ਇਸ ਕਾਰਨ ਇਲਾਕੇ ਵਿੱਚ ਕੈਂਸਰ, ਕਾਲਾ ਪੀਲੀਆ, ਬੇਔਲਾਦਪਨ ਤੇ ਕਿਡਨੀ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ।

ਪੰਜਾਬ ਦੇ ਪ੍ਰਦੂਸ਼ਿਤ ਜਲ ਸਰੋਤ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਬੁੱਢਾ ਨਾਲਾ ਇਸ ਸਮੇਂ ਭਾਰਤ ਦਾ ਸਭ ਤੋਂ ਵੱਧ ਦੂਸ਼ਿਤ ਨਾਲਾ ਹੈ। ਇਹ ਨਾਲਾ ਵਲੀਪੁਰ ਕਲਾਂ ਨੇੜੇ ਸਤਲੁਜ ਦਰਿਆ 'ਚ ਮਿਲ ਜਾਂਦਾ ਹੈ। ਇਸ ਥਾਂ ਤੋਂ ਦਰਿਆ ਦਾ ਰੰਗ ਪੂਰੇ ਤੌਰ 'ਤੇ ਕਾਲਾ ਹੋ ਜਾਂਦਾ ਹੈ। ਅੱਗਿਉਂ ਜਾ ਕੇ ਵੀ ਸਤਲੁਜ 'ਚ ਫਗਵਾੜਾ ਡਰੇਨ, ਜਮਸ਼ੇਰ ਡਰੇਨ, ਕਾਲਾ ਸੰਘਿਆਂ ਡਰੇਨ ਚਿੱਟੀ ਵੇਈਂ ਰਾਹੀਂ ਸਤਲੁਜ 'ਚ ਆ ਪੈਂਦੀਆਂ ਹਨ। ਇਨ੍ਹਾਂ ਡਰੇਨਾਂ ਰਾਹੀਂ ਵੀ ਨਿਰੀਆਂ ਜ਼ਹਿਰਾਂ ਹੀ ਇਸ ਦਰਿਆ 'ਚ ਪੈ ਰਹੀਆਂ ਹਨ। ਸਤਲੁਜ ਦਰਿਆ ਹਰੀਕੇ ਪੱਤਣ 'ਤੇ ਬਿਆਸ ਨਾਲ ਮਿਲ ਜਾਂਦਾ ਹੈ ਜਿਥੋਂ ਦੋ ਨਹਿਰਾਂ ਰਾਹੀਂ ਇਸ ਦਾ ਜ਼ਹਿਰੀਲਾ ਪਾਣੀ ਮਾਲਵੇ ਤੇ ਰਾਜਸਥਾਨ ਜਾਂਦਾ ਹੈ। ਜਿਥੇ-ਜਿਥੇ ਲੋਕ ਇਹ ਪਾਣੀ ਪੀਣ ਲਈ ਵਰਤਦੇ ਹਨ, ਉਥੇ-ਉਥੇ ਕੈਂਸਰ ਤੇ ਕਾਲੇ ਪੀਲੀਏ ਦੇ ਮਰੀਜ਼ਾਂ ਦੀ ਗਿਣਤੀ ਦੂਜੇ ਥਾਵਾਂ ਦੇ ਮੁਕਾਬਲੇ ਵਧੇਰੇ ਹੈ।
ਲੁਧਿਆਣੇ 'ਚ ਗੰਦੇ ਨਾਲੇ ਦੇ ਆਸ-ਪਾਸ ਪਾਣੀ ਵੀ ਜ਼ਹਿਰੀਲਾ ਹੋ ਚੁੱਕਿਆ ਹੈ। ਮਲੇਰਕੋਟਲੇ ਕੋਲ ਵਗਦੀ ਡਰੇਨ ਵੀ ਇਸੇ ਨਾਲੇ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਕਿਸਾਨ ਇਸ ਰਾਹੀਂ 'ਜ਼ਹਿਰ ਦੀ ਖੇਤੀ' ਕਰ ਰਹੇ ਹਨ ਜੋ ਕਿ ਕੈਂਸਰ ਤੇ ਕਾਲਾ ਪੀਲੀਆ ਲੋਕਾਂ ਨੂੰ ਵੰਡ ਰਹੀ ਹੈ।
ਮਲੇਰਕੋਟਲਾ ਭਾਰਤ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਮੰਨੀ ਜਾਂਦੀ ਹੈ, ਜਿੱਥੋਂ ਸਾਰੇ ਭਾਰਤ ਵਿੱਚੋਂ ਸਬਜ਼ੀਆਂ ਸਪਲਾਈ ਹੁੰਦੀਆਂ ਹਨ, ਉਹ ਸਬਜ਼ੀਆਂ ਗੰਦੇ ਨਾਲੇ ਦੇ ਪਾਣੀ ਤੇ ਪ੍ਰਦੂਸ਼ਿਤ ਪਾਣੀ ਕਾਰਨ ਹੀ ਉਪਜ ਰਹੀਆਂ ਹਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੋਕ ਮਲੀਨ ਪਾਣੀ, ਹਵਾ ਤੇ ਸਬਜ਼ੀਆਂ ਖਾ ਰਹੇ ਹਨ ਤੇ ਮੌਤ ਨੂੰ ਜੱਫਾ ਪਾ ਰਹੇ ਹਨ। ਪਾਣੀ ਦੇ ਮਲੀਨ ਹੋਣ ਦਾ ਕਾਰਨ ਸਨਅੱਤ ਤੇ ਨਗਰ ਨਿਗਮ ਵੱਲੋਂ ਦਰਿਆਵਾਂ, ਵੇਈਆਂ ਵਿੱਚ ਮਿਲਾਈ ਜਾ ਰਹੀ ਗੰਦਗੀ ਹੈ ਤੇ ਇਸੇ ਕਾਰਨ ਜ਼ਮੀਨਦੋਜ਼ ਪਾਣੀ ਵੀ ਜ਼ਹਿਰੀਲਾ ਹੋ ਰਿਹਾ ਹੈ, ਖੇਤੀਬਾੜੀ ਵੀ ਜ਼ਹਿਰੀਲੀ ਹੋ ਰਹੀ ਹੈ। ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਤੇ ਨਾ ਹੀ ਅਜਿਹੀਆਂ ਸਨਅੱਤਾਂ ਵਿਰੁੱਧ ਕਾਰਵਾਈ ਕਰ ਰਹੀ ਹੈ, ਜੋ ਕਿ ਪੰਜਾਬ ਵਿੱਚ ਕੈਂਸਰ ਕਾਲਾ ਪੀਲੀਆ ਤੇ ਹੋਰ ਬਿਮਾਰੀਆਂ ਦੇ ਜ਼ਿੰਮੇਵਾਰ ਹਨ। ਇਸ ਤੋਂ ਇਲਾਵਾ ਲੱਗਭੱਗ 30 ਕੀਟਨਾਸ਼ਕ ਦਵਾਈਆਂ, ਜਿਨ੍ਹਾਂ ਉੱਪਰ ਭਾਰਤ ਪਾਬੰਦੀ ਲਗਾ ਚੁੱਕਿਆ ਹੈ, ਉਹ ਪੰਜਾਬ ਵਿੱਚ ਵਰਤੀਆਂ ਜਾ ਰਹੀਆਂ ਹਨ। ਕਿਸਾਨ ਬਿਨਾਂ ਖੇਤੀਬਾੜੀ ਮਾਹਿਰਾਂ ਦੀਆਂ ਹਦਾਇਤਾਂ 'ਤੇ ਕੀੜੇਮਾਰ ਦਵਾਈਆਂ ਫ਼ਸਲਾਂ 'ਤੇ ਛਿੜਕ ਰਿਹਾ ਹੈ।ਵਾਤਾਵਰਨ ਮਾਹਿਰ ਵਾਰ-ਵਾਰ ਕਹਿੰਦੇ ਹਨ ਕਿ ਸਰਕਾਰ ਪਹਿਲਾਂ ਪ੍ਰਦੂਸ਼ਣ ਫੈਲਾਉਣ ਤੇ ਪਾਣੀ ਨੂੰ ਗੰਦਾ ਕਰਨ ਵਾਲੇ ਉਦਯੋਗਾਂ ਨੂੰ ਵਧਾਉਂਦੀ ਹੈ ਤੇ ਫਿਰ ਕੂੜਾ ਹਟਾਉਣ ਦੀ ਯੋਜਨਾ ਬਣਾਉਂਦੀ ਹੈ। ਇਨ੍ਹਾਂ ਦੋਵਾਂ ਕੰਮਾਂ 'ਚ ਰਾਸ਼ਟਰੀ ਖ਼ਜ਼ਾਨੇ ਦਾ ਉਜਾੜਾ ਹੁੰਦਾ ਹੈ। ਭ੍ਰਿਸ਼ਟ ਅਫਸਰਸ਼ਾਹੀ ਤਾਂ ਮਾਲੋਮਾਲ ਹੋ ਜਾਂਦੀ ਹੈ, ਪਰ ਜ਼ਿਆਦਾਤਰ ਲੋਕ ਇਸ ਨਾਲ ਬੇਕਾਰ, ਬਿਮਾਰ, ਕੰਗਾਲ ਹੋ ਜਾਂਦੇ ਹਨ।

ਵਿਗਿਆਨੀ ਤੇ ਵਾਤਾਵਰਨ ਪ੍ਰੇਮੀ ਵਾਰ-ਵਾਰ ਚਿਤਾਵਨੀ ਦੇ ਰਹੇ ਹਨ ਕਿ ਜ਼ਮੀਨਦੋਜ਼ ਪਾਣੀ ਖ਼ਤਰੇ ਦੀ ਸਥਿਤੀ ਵਿੱਚ ਹੈ। ਜੇਕਰ ਝੋਨੇ ਦੀ ਖੇਤੀ ਇਸੇ ਤਰ੍ਹਾਂ ਜਾਰੀ ਰਹੀ, ਤਾਂ ਪੰਜਾਬ ਨੂੰ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪਵੇਗਾ। ਪੰਜਾਬ ਵਿੱਚ ਝੋਨੇ ਦੀ ਖੇਤੀ ਹੇਠ ਰਕਬਾ 27 ਲੱਖ ਹੈਕਟੇਅਰ ਤੋਂ ਉੱਪਰ ਪੁੱਜ ਚੁੱਕਾ ਹੈ। ਇਸ ਸਮੇਂ 11.68 ਲੱਖ ਟਿਊਬਵੈੱਲ ਧਰਤੀ ਦੀ ਹਿੱਕ 'ਚੋਂ ਪਾਣੀ ਖਿੱਚ ਰਹੇ ਹਨ ਤੇ ਇਨ੍ਹਾਂ ਦੀ ਗਿਣਤੀ ਵਿੱਚ ਦਿਨੋ-ਦਿਨ ਇਜ਼ਾਫਾ ਹੁੰਦਾ ਜਾ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇੱਕ ਕਿਲੋ ਝੋਨਾ ਉਗਾਉਣ ਲਈ 3500 ਲੀਟਰ ਪਾਣੀ ਦੀ ਲੋੜ ਪੈਂਦੀ ਹੈ। ਅੰਦਾਜ਼ਨ 150 ਲੱਖ ਟਨ ਝੋਨਾ ਉਗਾਉਣ ਲਈ 4100 ਕਰੋੜ ਕਿਊਬਕ ਪਾਣੀ ਬਰਬਾਦ ਕੀਤਾ ਜਾ ਰਿਹਾ ਹੈ। ਸੈਂਟਰਲ ਗਰਾਊਂਡ ਵਾਟਰ ਬੋਰਡ ਨੇ ਵੀ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ 10 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਫ਼ਸਲ ਘਟਾਉਣ ਦਾ ਸੁਝਾਅ ਦਿੱਤਾ ਹੈ।

ਹੱਲ ਕੀ ਹੈ?
ਲੋੜ ਤਾਂ ਇਸ ਗੱਲ ਦੀ ਹੈ ਪਾਣੀ ਦੇ ਪ੍ਰਦੂਸ਼ਣ, ਧਰਤੀ ਹੇਠਲੇ ਪਾਣੀ ਦੀ ਬਰਬਾਦੀ ਰੋਕਣ ਲਈ ਕਾਨੂੰਨ ਬਣਨ। ਕੁਦਰਤੀ ਸਾਧਨਾਂ ਦੇ ਨੁਕਸਾਨ ਦਾ ਹਿਸਾਬ-ਕਿਤਾਬ ਵਿਧਾਨ ਸਭਾ ਤੇ ਸੰਸਦ 'ਚ ਰੱਖ ਕੇ ਵਿਕਾਸ ਦੇ ਨਾਮ 'ਤੇ ਚੱਲ ਰਹੇ ਚੱਲ ਰਹੇ ਨਦੀ-ਜਲ ਪ੍ਰਦੂਸ਼ਣ ਤੇ ਬਰਬਾਦੀ ਨੂੰ ਪੂਰੇ ਦੇਸ 'ਚ ਰੁਕਵਾਉਣਾ ਜ਼ਰੂਰੀ ਹੈ। ਜੇ ਇਹ ਨਾ ਹੋਇਆ, ਤਾਂ ਜ਼ਿੰਦਗੀ ਜਿਉਣੀ ਮੁਸ਼ਕਲ ਹੋ ਜਾਵੇਗੀ ਤੇ ਇਹ ਅਖੌਤੀ ਵਿਕਾਸ ਮਨੁੱਖੀ ਹੋਂਦ ਲਈ ਵਿਨਾਸ਼ ਬਣ ਜਾਵੇਗਾ। ਜਿੱਥੇ ਲੋਕ ਬਿਮਾਰ ਹੋਣਗੇ, ਉੱਥੇ ਫਿਰ ਕੌਣ ਉਦਯੋਗ ਲਗਾਏਗਾ। ਫਿਰ ਉੱਥੇ ਕਿਹੋ ਜਿਹਾ ਵਿਕਾਸ ਹੋਵੇਗਾ, ਇਹ ਤੁਸੀਂ ਭਲੀਭਾਂਤ ਜਾਣ ਸਕਦੇ ਹੋ। ਜਿਨ੍ਹਾਂ ਵਿਕਾਸ ਪ੍ਰਾਜੈਕਟਾਂ ਨੇ ਦੇਸ ਤੇ ਮਨੁੱਖਤਾ ਨੂੰ ਤਬਾਹ ਕੀਤਾ ਹੈ, ਉਨ੍ਹਾਂ ਨੂੰ ਰੁਕਵਾਉਣਾ ਤੇ ਲੋਕਾਂ, ਪਾਣੀ, ਜ਼ਮੀਨ, ਜੰਗਲ, ਜੰਗਲੀ ਜੀਵਨ ਨੂੰ ਖੁਸ਼ਹਾਲ ਬਣਾਉਣ ਦਾ ਰਸਤਾ ਸੁਝਾਉਣਾ ਜ਼ਰੂਰੀ ਹੈ। ਇਸ ਸੰਬੰਧੀ ਲੋਕਾਂ ਨੂੰ ਜਾਗ੍ਰਿਤ ਹੋਣਾ ਜ਼ਰੂਰੀ ਹੈ ਤੇ ਇਹ ਮੁੱਦਾ ਸਭ ਸਿਆਸੀ ਪਾਰਟੀਆਂ ਦਾ ਏਜੰਡਾ ਬਣਨਾ ਚਾਹੀਦਾ ਹੈ। ਇਹ ਤਾਂ ਹੀ ਸੰਭਵ ਹੈ ਜੇ ਲੋਕ ਆਪਣੀ ਜ਼ਿੰਦਗੀ ਪ੍ਰਤੀ ਸੁਚੇਤ ਹੋਣਗੇ।

Add new comment

This question is for testing whether or not you are a human visitor and to prevent automated spam submissions.

11 + 0 =
Solve this simple math problem and enter the result. E.g. for 1+3, enter 4.

Related Articles (Topic wise)

Related Articles (District wise)

About the author

नया ताजा