ਕਣਕ ਦੀ ਫ਼ਸਲ 'ਚ ਪੀਲੀ ਕੂੰਗੀ ਤੇ ਚੇਪਾ : ਕਾਰਣ ਅਤੇ ਇਲਾਜ਼!
ਕਿਸਾਨ ਵੀਰੋ ਕਣਕ ਦੀ ਫ਼ਸਲ ਨੂੰ ਪੀਲੀ ਕੂੰਗੀ ਅਤੇ ਚੇਪਾ ਅਕਸਰ ਹੀ ਬੁਰੀ ਤਰਾ ਪ੍ਰਭਾਵਿਤ ਕਰਦੇ ਹਨ। ਕਣਕ ਦੀ ਫ਼ਸਲ ਉੱਤੇ ਪੀਲੀ ਕੂੰਗੀ ਅਤੇ ਚੇਪੇ ਦੇ ਤੀਬਰ ਹਮਲੇ ਕਾਰਣ ਕਿਸਾਨ ਲਈ ਇਹਨਾਂ ਦੀ ਰੋਕਥਾਮ ਲਾਜ਼ਮੀ ਹੋ ਜਾਂਦੀ ਹੈ। ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕਿਸਾਨ ਮਹਿੰਗੀਆਂ ਤੋਂ ਮਹਿੰਗੀਆਂ ਕੀਟ ਅਤੇ ਉੱਲੀਨਾਸ਼ਕ ਜ਼ਹਿਰਾਂ ਦਾ ਇਸਤੇਮਾਲ ਕਰਦਾ ਹੈ। ਨਤੀਜੇ ਵਜੋਂ ਖੇਤੀ ਲਾਗਤਾਂ ਵਧਣ ਦੇ ਨਾਲ-ਨਾਲ ਕਣਕ ਦੀ ਗੁਣਵੱਤਾ ਉੱਤੇ ਵੀ ਮਾੜਾ ਅਸਰ ਪੈਂਦਾ ਹੈ। ਕਣਕ ਅੰਦਰ ਵੱਡੀ ਮਾਤਰਾ 'ਚ ਜ਼ਹਿਰੀਲੇ ਮਾਦੇ ਸਮਾ ਜਾਂਦੇ ਹਨ। ਦੂਜੇ ਸ਼ਬਦਾਂ 'ਚ ਕਿਹਾ ਜਾਵੇ ਤਾਂ ਇਹ ਵਰਤਾਰਾ ਜਿੱਥੇ ਇੱਕ ਪਾਸੇ ਕਿਸਾਨਾਂ ਦੀ ਆਰਥਿਕਤਾ ਨੂੰ ਵੱਡਾ ਖੋਰਾ ਲਾ ਰਿਹਾ ਹੈ ਉੱਥੇ ਹੀ ਸਾਡੀ ਭੋਜਨ ਲੜੀ 'ਚ ਜ਼ਹਿਰ ਭਰ ਕੇ ਲੋਕਾਂ ਦੀ ਸਿਹਤ ਨੂੰ ਵੀ ਖਰਾਬ ਕਰ ਰਿਹਾ ਹੈ।
ਇਸ ਲੇਖ ਰਾਹੀਂ ਅਸੀਂ ਕਣਕ ਦੀ ਫ਼ਸਲ ਵਿੱਚ ਪੀਲੀ ਕੂੰਗੀ ਅਤੇ ਚੇਪੇ ਦੀ ਆਮਦ, ਆਮਦ ਦੇ ਕਾਰਣ ਅਤੇ ਇਲਾਜ਼ ਬਾਰੇ ਵਿਸਥਾਰ ਸਹਿਤ ਵਿਚਾਰ ਕਰਾਂਗੇ। ਇੱਥੇ ਇਹ ਜ਼ਿਕਰਯੋਗ ਹੈ ਕਿ ਕਣਕ ਨੂੰ ਆਧਾਰ ਬਣਾ ਕੇ ਲਿਖੇ ਗਏ ਇਸ ਲੇਖ ਵਿਚਲੀ ਜਾਣਕਾਰੀ ਸਾਡੀਆਂ ਸਮੁੱਚੀਆਂ ਫ਼ਸਲਾਂ 'ਤੇ ਲਾਗੂ ਹੁੰਦੀ ਹੈ।ਕਿਸਾਨ ਵੀਰੋ ਅਸੀਂ ਅਕਸਰ ਹੀ ਫ਼ਸਲ ਉੱਤੇ ਕਿਸੇ ਬਿਮਾਰੀ ਜਾਂ ਕੀਟ ਦੀ ਆਮਦ ਉਪਰੰਤ ਉਸਦੇ ਪੁਖਤਾ ਇਲਾਜ਼ ਲਈ ਯਤਨਸ਼ੀਲ ਹੋ ਜਾਂਦੇ ਹਾਂ। ਪਰੰਤੂ ਇਸ ਦੌਰਾਨ ਅਸੀਂ ਕਦੇ ਵੀ ਫ਼ਸਲ ਉੱਤੇ ਸਬੰਧਤ ਕੀਟ ਜਾਂ ਰੋਗ ਦੀ ਆਮਦ ਦੇ ਕਾਰਣਾਂ ਉੱਤੇ ਗੌਰ ਨਹੀਂ ਕਰਦੇ। ਇਹ ਮੰਨੀ-ਪ੍ਰਮੰਨੀ ਸੱਚਾਈ ਹੈ ਕਿ ਕੁਦਰਤ ਵਿੱਚ ਕਿਸੇ ਵਰਤਾਰੇ ਦੇ ਵਾਪਰਨ ਲਈ ਮਾਹੌਲ, ਕਾਰਣ ਅਤੇ ਕਾਰਕ ਹੋਂਦ ਲਾਜ਼ਮੀ ਹੈ। ਇਹਨਾਂ ਤਿੰਨਾਂ ਦੀ ਅਣਹੋਂਦ ਵਿੱਚ ਕੋਈ ਵਰਤਾਰਾ ਨਹੀਂ ਵਾਪਰ ਸਕਦਾ। ਇਸਦਾ ਸਿੱਧਾ ਜਿਹਾ ਅਰਥ ਇਹ ਹੋਇਆ ਕਿ ਸਾਡੀ ਕਣਕ ਦੀ ਫ਼ਸਲ ਵਿੱਚ ਵੀ ਪੀਲੀ ਕੂੰਗੀ ਅਤੇ ਚੇਪੇ ਦੀ ਆਮਦ ਅਕਾਰਣ ਹੀ ਨਹੀਂ ਹੁੰਦੀ। ਮਾਹੌਲ ਜਾਂ ਵਾਤਾਵਰਣ ਦੋ ਪ੍ਰਕਾਰ ਦਾ ਹੁੰਦਾ ਹੈ ਕੁਦਰਤੀ ਅਤੇ ਗ਼ੈਰ-ਕੁਦਰਤੀ। ਕੁਦਰਤੀ ਮਾਹੌਲ ਹਮੇਸ਼ਾ ਹੀ ਸਾਫ-ਸੁਥਰਾ ਅਤੇ ਸਿਹਤ ਭਰਪੂਰ ਹੁੰਦਾ ਹੈ। ਪਰੰਤੂ ਜਿਵੇਂ ਹੀ ਇਸ ਕੁਦਰਤੀ ਮਾਹੌਲ ਅੰਦਰ ਵੱਡੇ ਪੱਧਰ 'ਤੇ ਗ਼ੈਰ ਕੁਦਰਤੀ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ, ਕੁਦਰਤੀ ਮਾਹੌਲ ਖ਼ਰਾਬ ਹੋ ਕੇ ਗ਼ੈਰ ਕੁਦਰਤੀ ਮਾਹੌਲ 'ਚ ਤਬਦੀਲ ਹੋ ਜਾਂਦਾ ਹੈ। ਕਣਕ ਦੀ ਖੇਤੀ ਵਿਚ ਸਾਡੇ ਵੱਲੋਂ ਨਿਰਮਤ ਗ਼ੈਰ ਕੁਦਰਤੀ ਮਾਹੌਲ ਹੀ ਕਣਕ ਦੀ ਫ਼ਸਲ 'ਚ ਪੀਲੀ ਕੂੰਗੀ ਅਤੇ ਚੇਪੇ ਵਰਗੀਆਂ ਸਮੱਸਿਆਵਾਂ ਨੂੰ ਜਨਮ ਦਿੰਦਾ ਹੈ।
ਆਓ ਸਮਝੀਏ ਅਜਿਹਾ ਕਿਵੇਂ ਹੁੰਦਾ ਹੈ?
ਕਿਸਾਨ ਵੀਰੋ ਕਣਕ ਦੀ ਸੰਘਣੀ ਬਿਜਾਈ, ਜਿਸਦੇ ਚਲਦਿਆਂ ਖੇਤ ਵਿੱਚ ਹਵਾ ਅਤੇ ਰੌਸ਼ਨੀ ਦਾ ਉੱਚਿਤ ਸੰਚਾਰ ਨਹੀਂ ਹੁੰਦਾ ਅਤੇ ਫ਼ਸਲ ਨੂੰ ਛੋਟੀ ਉਮਰੇ ਹੀ ਦਿੱਤਾ ਜਾਣ ਵਾਲਾ ਬੇਲੋੜਾ ਪਾਣੀ, ਯੂਰੀਆ ਅਤੇ ਉਸ ਪਾਣੀ ਕਾਰਣ ਭੂਮੀ 'ਚ ਪੈਦਾ ਹੋਣ ਵਾਲੀ ਬੇਲੋੜੀ ਗਿੱਲ ਆਦਿ ਸਭ ਕਾਰਣ ਮਿਲ ਕੇ ਕਣਕ ਦੇ ਖੇਤ ਅੰਦਰ ਇੱਕ ਅਜਿਹਾ ਗ਼ੈਰ ਕੁਦਰਤੀ ਮਾਹੌਲ ਪੈਦਾ ਕਰਦੇ ਹਨ ਜਿਹਦੇ ਨਤੀਜੇ ਵਜੋਂ ਕਣਕ ਦੇ ਪੌਦਿਆਂ ਵਿੱਚ ਰਸ ਅਤੇ ਨਾਈਟ੍ਰੇਟਸ ਇੰਨੀ ਕੁ ਮਾਤਰਾ 'ਚ ਵਧ ਜਾਂਦੇ ਹਨ ਕਿ ਪੌਦੇ ਇੱਕ ਦਮ ਫ਼ੁੱਲ ਕੇ ਗੂੜੇ ਹਰੇ ਰੰਗ ਦੇ ਹੋ ਜਾਂਦੇ ਹਨ। ਸਹੀ ਮਾਅਨਿਆਂ 'ਚ ਇਹ ਫ਼ਸਲ ਦੇ ਤੰਦਰੁਸਤ ਹੋਣ ਦੀ ਨਹੀਂ ਬਲਕਿ ਬਿਮਾਰ ਹੋਣ ਦੀ ਨਿਸ਼ਾਨੀ ਹੈ। ਦਰਅਸਲ ਕਣਕ ਦੀ ਫ਼ਸਲ ਵਿੱਚ ਸਾਡੇ ਵੱਲੋਂ ਪੈਦਾ ਕੀਤਾ ਗਿਆ ਗ਼ੈਰ ਕੁਦਰਤੀ ਮਾਹੌਲ ਫ਼ਸਲ ਦੀ ਰੋਗ ਅਤੇ ਕੀਟ ਪ੍ਰਤਿਰੋਧੀ ਸ਼ਕਤੀ 'ਤੇ ਮਾਰੂ ਅਸਰ ਕਰਦਾ ਹੈ। ਨਤੀਜੇ ਵਜੋਂ ਸਾਡੀ ਫ਼ਸਲ ਕਮਜ਼ੋਰ ਹੋ ਜਾਂਦੀ ਹੈ। ਕਮਜ਼ੋਰ ਫ਼ਸਲ ਆਪਣੇ ਆਪ ਨੂੰ ਕੀਟਾਂ ਅਤੇ ਰੋਗਾਂ ਤੋਂ ਬਚਾਉਣ ਦੇ ਸਮਰਥ ਨਹੀਂ ਹੁੰਦੀ।
ਇਸੇ ਗੱਲ ਨੂੰ ਇਸ ਤਰਾ ਵੀ ਸਮਝਿਆ ਜਾ ਸਕਦਾ ਹੈ ਕਿ ਜਿਸ ਪ੍ਰਕਾਰ ਫਾਸਟ ਫੂਡ (ਬਰਗਰ, ਪੀਜੇ, ਚਿਪਸ, ਬਾਜ਼ਾਰੂ ਠੰਡੇ) ਖਾ-ਪੀ ਕੇ ਅਸੀਂ ਮੋਟਾਪੇ ਦੇ ਸ਼ਿਕਾਰ ਹੋ ਜਾਂਦੇ ਹਾਂ ਉਸੇ ਪ੍ਰਕਾਰ ਯੂਰੀਆ ਅਤੇ ਬੇਲੋੜੇ ਪਾਣੀ ਦੀ ਮਾਰ 'ਚ ਆਈ ਕਣਕ ਦੀ ਫ਼ਸਲ ਵੀ ਮੋਟਾਪੇ ਦੀ ਸ਼ਿਕਾਰ ਹੋ ਜਾਂਦੀ ਹੈ। ਹੁਣ ਸਾਡੀ ਬਦ-ਕਿਸਮਤੀ ਇਹ ਹੈ ਕਿ ਅਸੀਂ ਕਣਕ ਦੇ ਇਸ ਮੋਟਾਪੇ ਨੂੰ ਉਹਦੀ ਸਿਹਤ ਦੀ ਨਿਸ਼ਾਨੀ ਸਮਝ ਕਿ ਖੁਸ਼ ਹੋ ਜਾਂਦੇ ਹਾਂ।ਸਨੂੰ ਕਦੇ ਵੀ ਇਹ ਨਹੀਂ ਭੁੱਲਣਾ ਚਾਹੀਦਾ ਕਿ ਮੋਟਾਪੇ ਦਾ ਜਿਹੜਾ ਅਸਰ ਸਾਡੇ 'ਤੇ ਹੁੰਦਾ ਹੈ ਉਹੀ ਅਸਰ ਇਸ ਕੁਦਰਤ ਵਿਚਲੇ ਹਰੇਕ ਜੀਅ-ਜੰਤ 'ਤੇ ਵੀ ਹੁੰਦਾ ਹੈ। ਸੋ ਕਣਕ ਦੀ ਫ਼ਸਲ ਵੀ ਇਸ ਤੋਂ ਅਛੂਤੀ ਨਹੀਂ ਰਹਿੰਦੀ। ਮੋਟਾਪੇ ਬਾਰੇ ਇਹ ਮਾਨਤਾ ਹੈ ਕਿ ਮੋਟਾਪਾ ਸੌ ਰੋਗਾਂ ਦੀ ਜੜ ਹੈ। ਇਹੀ ਕਾਰਣ ਹੈ ਕਿ ਜਿਹੜਾ ਮੋਟਾਪਾ ਮਨੁੱਖਾਂ ਵਿੱਚ ਭਾਂਤ-ਭਾਂਤ ਦੇ ਰੋਗ ਲੈ ਕੇ ਆਉਂਦਾ ਹੈ ਜਦੋਂ ਕਣਕ ਦੀ ਫ਼ਸਲ ਵੀ ਉਸੇ ਮੋਟਾਪੇ ਦਾ ਸ਼ਿਕਾਰ ਹੋਵੇਗੀ ਤਾਂ ਉਸਨੂੰ ਵੀ ਰੋਗ ਪ੍ਰਤੀਰੋਧੀ ਸ਼ਕਤੀ ਦੀ ਘਾਟ ਵਿੱਚ ਪੀਲੀ ਕੂੰਗੀ ਅਤੇ ਚੇਪੇ ਵਰਗੇ ਰੋਗਾਂ ਦਾ ਸਾਹਮਣਾ ਕਰਨਾ ਹੀ ਪਵੇਗਾ।
ਇੱਥੇ ਅਸੀਂ ਇਹ ਜਾਣਕਾਰੀ ਵੀ ਸਾਂਝੀ ਕਰਨਾ ਲਾਜ਼ਮੀ ਸਮਝਦੇ ਹਾਂ ਕਿ ਜਿਸ ਵੇਲੇ ਮੈਦਾਨੀ ਇਲਾਕਿਆਂ ਵਿੱਚ ਕਣਕ ਦੀ ਫ਼ਸਲ ਲਹਿਲਹਾ ਰਹੀ ਹੁੰਦੀ ਹੈ ਬਿਲਕੁੱਲ ਉਸੇ ਵੇਲੇ ਪਹਾੜੀ ਖੇਤਰਾਂ 'ਚੋਂ ਆਏ ਪੀਲੀ ਕੂੰਗੀ ਦੇ ਕਣ ਵੀ ਹਵਾ ਵਿੱਚ ਮੌਜੂਦ ਹੁੰਦੇ ਹਨ। ਇਹ ਕਣ ਕਣਕ ਦੇ ਸਮੁੱਚੇ ਖੇਤਾਂ 'ਚ ਡਿਗਦੇ ਹਨ ਪਰੰਤੂ ਇਹਨਾਂ ਦਾ ਮਾਰੂ ਅਸਰ ਸਿਰਫ ਉਹਨਾਂ ਖੇਤਾਂ 'ਚ ਹੁੰਦਾ ਹੈ ਜਿਹਨਾਂ ਖੇਤਾਂ ਕਣਕ ਦੀ ਫ਼ਸਲ ਪਹਿਲਾਂ ਤੋਂ ਹੀ ਬਿਮਾਰ ਅਤੇ ਕਮਜ਼ੋਰ ਹੁੰਦੀ ਹੈ।
ਇਲਾਜ਼ ਕੀ ਹੋਵੇ?
ਉੱਪਰ ਅਸੀਂ ਕਣਕ ਦੀ ਫ਼ਸਲ ਵਿੱਚ ਪੀਲੀ ਕੂੰਗੀ ਅਤੇ ਚੇਪੇ ਦੀ ਆਮਦ ਦੇ ਕਾਰਣਾਂ ਅਤੇ ਮਾਹੌਲ ਬਾਰੇ ਵਿਚਾਰ ਕੀਤੀ ਹੈ। ਸੋ ਉਪਰੋਕਤ ਅਲਾਮਤਾਂ ਦਾ ਸਭ ਤੋਂ ਸਟੀਕ ਇਲਾਜ਼ ਕਣਕ ਦੀ ਫ਼ਸਲ ਵਿੱਚ ਇਹਨਾਂ ਲਈ ਜ਼ਿੰਮੇਵਾਰ ਕਾਰਣਾਂ ਅਤੇ ਮਾਹੌਲ ਨੂੰ ਦੂਰ ਕਰਨਾ ਹੋਵੇਗਾ। ਇਹ ਬਹੁਤ ਹੀ ਆਸਾਨੀ ਨਾਲ ਹੋ ਸਕਦਾ ਹੈ। ਇਸ ਸਬੰਧ ਵਿੱਚ ਹੇਠ ਦਿੱਤੇ ਨੁਕਤਿਆਂ 'ਤੇ ਅਮਲ ਕਰੋ।
• ਬਿਜਾਈ ਲਈ ਹਮੇਸ਼ਾ ਜਾਨਦਾਰ ਤੇ ਮਜ਼ਬੂਤ ਬੀਜ ਦੀ ਚੋਣ ਕਰੋ। ਅਜਿਹਾ ਕਰਨ ਲਈ ਕਣਕ ਦੇ ਬੀਜ ਨੂੰ ਸਾਦੇ ਪਾਣੀ ਵਿੱਚ ਪਾ ਕੇ ਪਾਣੀ ਦੇ ਉੱਪਰ ਤੈਰ ਜਾਣ ਵਾਲੇ ਬੀਜਾਂ ਨੂੰ ਬਾਹਰ ਕੱਢ ਦਿਉ। ਅਕਸਰ ਹੀ ਕਣਕ ਨੂੰ ਧੋਣ ਮੌਕੇ ਅਸੀਂ ਇਹ ਕਾਰਜ ਕਰਿਆ ਕਰਦੇ ਹਾਂ। ਹੁਣ ਪਾਣੀ ਅੰਦਰ ਡੁੱਬੇ ਹੋਏ ਜਾਨਦਾਰ ਬੀਜਾਂ ਨੂੰ ਪਾਣੀ ਵਿੱਚੋਂ ਕੱਢ ਕੇ ਛਾਂਵੇ ਸੁਕਾ ਲਉ।
• ਚੁਣੇ ਹੋਏ ਜਾਨਦਾਰ ਤੇ ਮਜ਼ਬੂਤ ਬੀਜ ਨੂੰ ਜ਼ਹਿਰ ਨਾਲ ਸੋਧਣ ਦੀ ਬਜਾਏ ਬੀਜ ਅੰਮ੍ਰਿਤ ਨਾਲ ਸ਼ੁੱਧ ਕਰੋ। ਇਸ ਤਰਾ ਕਰਨ ਨਾਲ ਬੀਜ ਅੰਦਰ ਸਕਾਰਾਤਮਕ ਊਰਜਾ ਦਾ ਪ੍ਰਵੇਸ਼ ਹੁੰਦਾ ਹੈ। ਸਿੱਟੇ ਵਜੋਂ ਕੀਟ ਅਤੇ ਰੋਗ ਪ੍ਰਤਿਰੋਧੀ ਸ਼ਕਤੀ ਨਾਲ ਭਰਪੂਰ ਤੰਦਰੁਸਤ ਅਤੇ ਜਾਨਦਾਰ ਪੌਦਿਆਂ ਦਾ ਜਨਮ ਹੁੰਦਾ ਹੈ।
• ਬਿਜਾਈ ਲਈ ਖੇਤ ਤਿਆਰ ਕਰਦੇ ਸਮੇਂ ਆਖਰੀ ਸੁਹਾਗਾ ਫੇਰਨ ਤੋਂ ਪਹਿਲਾਂ ਡੀ. ਏ. ਪੀ. ਦੀ ਬਜਾਏ ਪ੍ਰਤਿ ਏਕੜ 5 ਕਵਿੰਟਲ ਗੁੜਜਲ ਅੰਮ੍ਰਿਤ ਦਾ ਛੱਟਾ ਦਿਉ।
• ਪ੍ਰਤਿ ਏਕੜ 28 ਕਿੱਲੋਂ ਤੋਂ ਜਿਆਦਾ ਬੀਜ ਨਾ ਪਾਓ ਅਤੇ ਬਿਜਾਈ ਕਰਦੇ ਸਮੇਂ ਸਿਆੜ ਤੋਂ ਸਿਆੜ ਵਿਚ ਘੱਟੋ-ਘੱਟ 9 ਇੰਚ ਦਾ ਫ਼ਾਸਲਾ ਰੱਖੋ। ਇਸ ਤਰਾ ਕਰਨ ਨਾਲ ਖੇਤ ਵਿੱਚ ਹਵਾ ਅਤੇ ਰੌਸ਼ਨੀ ਦਾ ਭਰਪੂਰ ਸੰਚਾਰ ਹੋਵੇਗਾ, ਫ਼ਸਲ ਵਧੇਰੇ ਸਮਰਥ ਅਤੇ ਸ਼ਕਤੀਸ਼ਾਲੀ ਬਣੇਗੀ।
• ਕਣਕ ਦੀ ਫ਼ਸਲ ਨੂੰ ਪਹਿਲਾ ਪਾਣੀ ਉਦੋਂ ਹੀ ਲਾਉ ਜਦੋਂ ਜ਼ਮੀਨ ਅੰਦਰ ਵੱਤਰ ਇਸ ਹੱਦ ਤੱਕ ਸੁੱਕ ਜਾਵੇ ਕਿ ਫ਼ਸਲ ਪਾਣੀ ਦੀ ਘਾਟ ਵਿੱਚ ਕੁਮਲਾਉਣਾ ਸ਼ੁਰੂ ਕਰ ਦੇਵੇ। ਇਸ ਤਰਾ ਪਹਿਲਾ ਪਾਣੀ ਲਾਉਣ ਮੌਕੇ ਫ਼ਸਲ ਦੀ ਉਮਰ ਪੱਖੋਂ ਆਸਾਨੀ ਨਾਲ 45 ਤੋਂ 55 ਦਿਨਾਂ ਦੀ ਹੋ ਜਾਂਦੀ ਹੈ।
• ਦੂਜਾ ਪਾਣੀ ਉਦੋਂ ਲਾਉ ਜਦੋਂ ਫ਼ਸਲ ਗੋਭ 'ਚ ਹੋਵੇ ਅਤੇ ਤੀਜਾ ਤੇ ਆਖਰੀ ਪਾਣੀ ਉਦੋਂ ਲਾਉ ਜਦੋਂ ਫ਼ਸਲ ਦੋਧੇ ਦੀ ਸਟੇਜ ਵਿੱਚ ਆ ਜਾਵੇ।
• ਯੂਰੀਆ ਦੀ ਥਾਂਵੇਂ ਹਰ ਪਾਣੀ ਨਾਲ ਪ੍ਰਤਿ ਏਕੜ 1 ਡਰੰਮ ਗੁੜਜਲ ਅੰਮ੍ਰਿਤ ਪਾਉ।
• ਪਾਣੀ ਲੱਗਣ ਉਪਰੰਤ ਖੇਤ ਵਿੱਚ ਪੈਰ ਧਰਾ ਹੋਣ ਦੀ ਸਿਥਿਤੀ 'ਚ ਪ੍ਰਤਿ ਏਕੜ 1 ਕਵਿੰਟਲ ਗੁੜਜਲ ਅੰਮ੍ਰਿਤ ਕਪੋਸਟ ਦਾ ਛਿੱਟਾ ਦਿਉ।
• ਨਾਲ ਹੀ ਹਰੇਕ ਪਾਣੀ ਮਗਰੋਂ ਪ੍ਰਤਿ ਪੰਪ 2 ਲੀਟਰ ਪਾਥੀਆਂ ਦਾ ਪਾਣੀ ਅਤੇ 1.5 ਲੀਟਰ ਖੱਟੀ ਲੱਸੀ ਦਾ ਛਿੜਕਾਅ ਕਰੋ।
ਨੋਟ: ਖੱਟੀ ਲੱਸੀ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਅਤੇ ਪ੍ਰਭਾਵੀ ਉੱਲੀ ਰੋਗ ਨਾਸ਼ਕ ਹੈ ਅਤੇ ਪੀਲੀ ਕੂੰਗੀ ਇੱਕ ਉੱਲੀ ਰੋਗ ਹੈ। ਇਸੇ ਪ੍ਰਕਾਰ ਇੱਕ ਸਾਲ ਪੁਰਾਣੀਆਂ ਪਾਥੀਆਂ ਦੇ ਪਾਣੀ ਅੰਦਰ ਇੱਕ ਪੌਦੇ ਦੀ ਲੋੜ ਦੇ 11 ਤੱਤ ਪਾਏ ਜਾਂਦੇ ਹਨ। ਇਹ ਬੇਹੱਦ ਸ਼ਕਤੀਸ਼ਾਲੀ ਗਰੋਥ ਪ੍ਰੋਮੋਟਰ ਹੈ।
ਕਿਸਾਨ ਵੀਰੋ ਜੇਕਰ ਅਸੀਂ ਹਥਲੇ ਲੇਖ ਵਿਚਲੀ ਜਾਣਕਾਰੀ ਅਨੁਸਾਰ ਆਪਣੀ ਕਣਕ ਸਮੇਤ ਆਪਣੀ ਹਰੇਕ ਫ਼ਸਲ ਦੀ ਖੇਤੀ ਨੂੰ ਵਿਉਂਤ ਲਵਾਂਗੇ ਤਾਂ ਸਾਡੀਆਂ ਫ਼ਸਲਾਂ ਸਿਹਤ ਅਤੇ ਰੋਗ ਪ੍ਰਤਿਰੋਧੀ ਸ਼ਕਤੀ ਪੱਖੋਂ ਇੰਨੀਆਂ ਤੰਦਰੁਸਤ ਅਤੇ ਤਗੜੀਆਂ ਹੋਣਗੀਆਂ ਕਿ ਉਹਨਾਂ ਉੱਤੇ ਕਿਸੇ ਕੀਟ ਜਾਂ ਰੋਗ ਦੇ ਭਿਆਨਕ ਹਮਲੇ ਦਾ ਸਵਾਲ ਹੀ ਪੈਦਾ ਨਹੀਂ ਹੋਵੇਗਾ।
ਹੁਣ ਫ਼ੈਸਲਾ ਅਸੀਂ ਕਰਨਾ ਹੈ ਕਿ ਅਸੀਂ ਆਪਣੇ ਖੇਤਾਂ ਚੋਂ ਕੀਟਾਂ ਅਤੇ ਰੋਗਾਂ ਨੂੰ ਖਤਮ ਕਰਨਾ ਹੈ ਜਾਂ ਉਹਨਾਂ ਲਈ ਜ਼ਿੰਮੇਵਾਰ ਕਾਰਣਾਂ ਨੂੰ?
99151-95062