ਕੁਦਰਤੀ ਖੇਤੀ ਵਿੱਚ ਝੋਨੇ ਦੀ ਸਫਲ ਕਾਸ਼ਤ ਲਈ ਲੋੜੀਂਦੇ ਉਪਰਾਲੇ…

बढ़ता प्रदूषण
बढ़ता प्रदूषण

ਪਿਆਰੇ ਕਿਸਾਨ ਸਾਥੀਓ, ਹਥਲੇ ਲੇਖ ਰਾਹੀਂ ਅਸੀਂ ਆਪਜੀ ਨਾਲ ਕੁਦਰਤੀ ਖੇਤੀ ਤਹਿਤ ਝੋਨੇ ਦੀ ਲਵਾਈ ਬਾਰੇ ਲੋੜੀਂਦੀ ਜਾਣਕਾਰੀ ਸਾਂਝੀ ਕਰਨ ਦੀ ਖੁਸ਼ੀ ਲੈ ਰਹੇ ਹਾਂ। ਸੋ ਇੱਥੇ ਅਸੀਂ ਪਨੀਰੀ ਬੀਜਣ ਤੋਂ ਲੈ ਕੇ ਦੀ ਖੇਤਾਂ ਵਿੱਚ ਝੋਨੇ ਦੀ ਲਵਾਈ ਅਤੇ ਕਟਾਈ ਤੱਕ ਦੇ ਪੂਰੇ ਫਸਲ ਪ੍ਰਬੰਧ ਬਾਰੇ ਗੱਲਬਾਤ ਕਰਾਂਗੇ।

ਝੋਨੇ ਦੀ ਪਨੀਰੀ ਲਈ ਬੀਜ ਚੋਣ: ਕਿਸਾਨ ਵੀਰੋ ਬੀਜ ਕਿਸੇ ਵੀ ਫ਼ਸਲ ਦੀ ਬੁਨਿਆਦ ਹੁੰਦਾ ਹੈ। ਇਸ ਲਈ ਸਾਡੇ ਖੇਤ ਵਿੱਚ ਹਮੇਸ਼ਾ ਜਾਨਦਾਰ ਅਤੇ ਰੋਗ ਰਹਿਤ ਬੀਜ ਹੀ ਬੀਜੇ ਜਾਣ ਸਾਨੂੰ ਇਸ ਗੱਲ ਦਾ ਖਾਸ ਖ਼ਿਆਲ ਰੱਖਣਾ ਚਾਹੀਦਾ ਹੈ। ਕੁਦਰਤੀ ਖੇਤੀ ਤਹਿਤ ਝੋਨੇ ਅਤੇ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਕਿਸਾਨ ਹੇਠ ਲਿਖੇ ਅਨੁਸਾਰ ਜਾਨਦਾਰ ਬੀਜਾਂ ਦੀ ਚੋਣ ਕਰ ਸਕਦੇ ਹਨ

ਬੀਜ ਦੀ ਮਾਤਰਾ ਅਨੁਸਾਰ ਇੱਕ ਬਰਤਨ ਵਿੱਚ ਪਾਣੀ ਭਰ ਲਵੋ
ਹੁਣ ਇਸ ਪਾਣੀ ਵਿੱਚ ਇੱਕ ਆਲੂ ਪਾ ਦੇਵੋ, ਆਲੂ ਡੁੱਬ ਜਾਵੇਗਾ।
ਹੁਣ ਇਸ ਪਾਣੀ ਵਿੱਚ ਉਦੋਂ ਤੱਕ ਨਮਕ (ਲੂਣ) ਮਿਲਾਉਂਦੇ ਜਾਓ ਜਦੋਂ ਤੱਕ ਆਲੂ ਪਾਣੀ ਉੱਤੇ ਤੈਰਨ ਨਹੀਂ ਲੱਗ ਜਾਂਦਾ।
ਹੁਣ ਪਾਣੀ ਵਿੱਚੋਂ ਆਲੂ ਕੱਢ ਦਿਓ ਅਤੇ ਝੋਨੇ ਦਾ ਬੀਜ ਪਾ ਦਿਓ, ਬਹੁਤ ਸਾਰਾ ਬੀਜ ਪਾਣੀ ਉੱਤੇ ਤੈਰ ਜਾਵੇਗਾ।
ਪਾਣੀ ਉੱਤੇ ਤੈਰ ਜਾਣ ਵਾਲੇ ਬੀਜ ਨੂੰ ਬਾਹਰ ਕੱਢ ਦਿਓ, ਇਹ ਸਾਰਾ ਰੋਗੀ, ਕਮਜ਼ੋਰ ਅਤੇ ਫੋਕਾ ਬੀਜ ਹੈ।
ਹੁਣ ਬਰਤਨ ਵਿੱਚ ਡੁੱਬੇ ਹੋਏ ਬੀਜ ਨੂੰ ਚੰਗੀ ਤਰ੍ਹਾਂ ਹਿਲਾਓ ਅਤੇ ਜਿੰਨਾਂ ਵੀ ਬੀਜ ਪਾਣੀ ਉੱਤੇ ਤੈਰ ਜਾਵੇ ਉਸਨੂੰ ਫਿਰ ਬਾਹਰ ਕੱਢ ਦਿਓ। ਇਹ ਕਿਰਿਆਂ ਘੱਟੋ-ਘੱਟ 3 ਵਾਰ ਦੁਹਰਾਓ। ਅੰਤ ਵਿੱਚ ਤੁਹਾਡੇ ਕੋਲੇ ਸਿਰਫ ਤੇ ਸਿਰਫ ਰੋਗ ਰਹਿਤ, ਸਿਹਤਮੰਦ ਅਤੇ ਜਾਨਦਾਰ ਬੀਜ ਬਚ ਜਾਵੇਗਾ।
ਹੁਣ ਇਸ ਬਚੇ ਹੋਏ ਰੋਗ ਰਹਿਤ, ਤੰਦਰੁਸਤ ਅਤੇ ਜਾਨਦਾਰ ਬੀਜ ਨੂੰ ਘੱਟੋ-ਘੱਟ 3 ਵਾਰੀ ਸਾਦੇ ਪਾਣੀ ਨਾਲ ਧੋ ਕੇ ਲੂਣ ਰਹਿਤ ਕਰ ਲਵੋ ਅਤੇ ਛਾਂਵੇ ਸੁਕਾਉਣ ਉਪਰੰਤ ਬੀਜ ਅੰਮ੍ਰਿਤ ਲਾ ਕੇ ਪਨੀਰੀ ਬੀਜ ਦਿਓ।
ਇਸ ਢੰਗ ਨਾਲ ਪ੍ਰਾਪਤ ਕੀਤੇ ਗਏ ਰੋਗ ਰਹਿਤ, ਤੰਦਰੁਸਤ ਅਤੇ ਜਾਨਦਾਰ ਬੀਜ ਤੁਹਾਡੇ ਖੇਤ ਵਿੱਚ ਰੋਗ ਰਹਿਤ, ਤਾਕਤਵਰ ਅਤੇ ਜਾਨਦਾਰ ਪੌਦਿਆਂ ਦੇ ਰੂਪ ਵਿੱਚ ਜਨਮ ਲੈਣਗੇ ਜਿਹਨਾਂ ਵਿੱਚ ਕਿਸੇ ਵੀ ਕੀਟ ਜਾਂ ਰੋਗ ਨਾਲ ਲੜਨ ਦੀ ਅਦਭੁਤ ਸ਼ਕਤੀ ਹੋਵੇਗੀ। ਸੋ ਸਮੂਹ ਕਿਸਾਨ ਵੀਰ ਪ੍ਰਯੋਗਸ਼ੀਲ ਕਿਸਾਨਾਂ ਦੇ ਇਸ ਤਜ਼ਰਬੇ ਦਾ ਲਾਭ ਜ਼ਰੂਰ ਉਠਾਉਣ 100 ਫੀਸਦੀ ਫਾਇਦਾ ਹੋਵੇਗਾ।
ਨੋਟ: ਉਪ੍ਰੋਕਤ ਵਿਧੀ ਨਾਲ ਝੋਨੇ ਦੇ 4 ਕਿੱਲੋ ਬੀਜ ਪਿੱਛੇ 300 ਤੋਂ 500 ਗ੍ਰਾਮ ਰੋਗੀ, ਕਮਜ਼ੋਰ ਅਤੇ ਫੋਕਾ ਬੀਜ ਅਲੱਗ ਹੋ ਜਾਂਦਾ ਹੈ। ਜਦੋਂ ਕਿ ਸਾਦੇ ਪਾਣੀ ਵਿੱਚ ਨਿਤਾਰਨ ਨਾਲ ਸਿਰਫ ਫੋਕ ਹੀ ਅਲੱਗ ਹੁੰਦੀ ਏ।
ਪਨੀਰੀ ਬੀਜਣ ਦਾ ਸਹੀ ਤਰੀਕਾ:
ਪੌਧ ਬੀਜਣ ਲਈ ਚੰਗੂ ਤਿਆਰ ਕਿਆਰੀ ਵਿੱਚ ਬੀਜ ਅੰਮ੍ਰਿਤ ਨਾਲ ਸ਼ੁੱਧ ਕੀਤੇ ਬੀਜਾਂ ਦਾ ਇੱਕਸਾਰ ਛੱਟਾ ਦੇ ਕੇ ਉਹਨਾਂ 'ਤੇ ਕੰਘੇ-ਤੰਗਲੀ ਨਾਲ ਮਿੱਟੀ ਚੜ੍ਹਾ ਦਿਉ। ਹੁਣ ਸਮੁੱਚੀ ਕਿਆਰੀ ਉੱਤੇ ਝੋਨੇ ਜਾਂ ਕਣਕ ਦੀ ਪਰਾਲੀ ਦੀ 2 ਇੰਚ ਮੋਟੀ ਅਤੇ ਪੂਰੀ ਸੰਘਣੀ ਪਰਤ ਵਿਛਾ ਕੇ ਕਿਆਰੀ ਵਿੱਚ ਪਾਣੀ ਛੱਡ ਦਿਉ ਪਾਣੀ ਨਾਲ ਪ੍ਰਤਿ ਮਰਲਾ 1 ਲੀਟਰ ਗੁੜਜਲ ਅੰਮ੍ਰਿਤ ਲਾਜ਼ਮੀ ਪਾਓ। ਛੇਵੇਂ ਦਿਨ ਸ਼ਾਮ ਨੂੰ ਪਰਾਲੀ ਚੁੱਕ ਕੇ ਦੂਜਾ ਪਾਣੀ ਲਾ ਦਿਉ। ਸੱਤਵੇ ਦਿਨ ਸਵੇਰ ਤੱਕ ਤੁਹਾਡੀ ਪੌਦ ਵਾਲੀ ਕਿਆਰੀ ਵਿੱਚ ਢਾਈ-ਤਿੰਨ ਇੰਚ ਦੀ ਤੇ ਇੱਕਸਾਰ ਪੌਧ ਖੜੀ ਮਿਲੇਗੀ। ਪੌਧ ਲਈ ਕਿਆਰੀ ਤਿਆਰ ਕਰਦੇ ਸਮੇਂ ਕਦੇ ਵੀ ਕੱਚੀ ਰੂੜੀ ਨਾ ਪਾਓ। ਇਸ ਤਰ੍ਹਾਂ ਕਰਨ ਨਾਲ ਪੌਧ ਨਾਈਟ੍ਰੋਜ਼ਨ ਦੀ ਘਾਟ ਦਾ ਸ਼ਿਕਾਰ ਹੋ ਕੇ ਪੀਲੀ ਪੈ ਜਾਂਦੀ ਹੈ।
ਇੱਥੇ ਅਸੀਂ ਇਹ ਗੱਲ ਜ਼ੋਰ ਦੇ ਕੇ ਕਹਿਣਾ ਚਾਹਾਂਗੇ ਕਿ ਸਾਰੀ ਦੀ ਸਾਰੀ ਪਨੀਰੀ ਇੱਕੋ ਹੀ ਦਿਨ ਨਹੀਂ ਬੀਜਣੀ ਸਗੋਂ ਆਪਣੀ ਕੁੱਲ ਜ਼ਮੀਨ ਅਨੁਸਾਰ ਕੁੱਝ ਦਿਨਾਂ ਦਾ ਵਕਫ਼ਾ ਪਾਉਂਦੇ ਹੋਏ ਟੁਕੜਿਆਂ ਵਿੱਚ ਪਨੀਰੀ ਦੀ ਬਿਜਾਈ ਕਰੋ। ਇਸ ਤਰ੍ਹਾਂ ਕਰਨ ਨਾਲ ਤੁਹਾਡੀ ਸਾਰੀ ਜ਼ਮੀਨ ਵਿੱਚ ਇੱਕ ਹੀ ਉਮਰ ਦਾ ਝੋਨਾ ਅਤੇ ਸਮੇਂ ਸਿਰ ਲੱਗ ਸਕੇਗਾ।
ਖੇਤ ਵਿੱਚ ਲੁਆਈ ਸਮੇਂ ਪਨੀਰੀ ਦੀ ਉਮਰ:
ਪ੍ਰਚੱਲਿਤ ਢੰਗ ਨਾਲ ਝੋਨਾ ਲਾਉਣ ਵਾਲੇ ਕਿਸਾਨ ਭਰਾਵਾਂ ਨੂੰ ਇਸ ਗੱਲ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਕਿ ਪਨੀਰੀ ਦੀ ਉਮਰ 20 ਤੋਂ 25 ਦਿਨਾਂ ਦੇ ਵਿਚਕਾਰ ਹੀ ਹੋਣੀ ਚਾਹੀਦੀ ਹੈ। ਕਿਉਂਕਿ ਪਨੀਰੀ ਦੀ ਉਮਰ ਜਿੰਨੀ ਵੱਧ ਹੋਵੇਗੀ ਉਸ ਅਨੁਪਾਤ ਨਾਲ ਫਸਲ ਦਾ ਝਾੜ ਵੀ ਘਟ ਜਾਣ ਅਸਾਰ ਬਣ ਜਾਂਦੇ ਹਨ। ਐਸ. ਆਰ. ਆਈ. (ਸਿਸਟਮ ਆਫ ਰੂਟ/ ਰਾਈਸ ਇੰਟੈਸੀਫਿਕੇਸ਼ਨ) ਤਕਨੀਕ ਅਨੁਸਾਰ ਝੋਨਾ ਲਾਉਣ ਲਈ ਪਨੀਰੀ ਦੀ ਉਮਰ 8 ਤੋਂ 12 ਦਿਨ ਤੇ ਜਾਂ ਫਿਰ ਵੱਧ ਤੋਂ ਵੱਧ 15 ਦਿਨ ਹੀ ਹੋਣੀ ਚਾਹੀਦੀ ਹੈ। ਪਰ ਆਮ ਤੌਰ 'ਤੇ ਇਹ ਦੇਖਿਆ ਜਾਂਦਾ ਹੈ ਕਿ 25 ਦਿਨਾਂ ਦੀ ਪਨੀਰੀ ਕੱਦ-ਕਾਠ ਪੱਖੋਂ ਖੇਤ ਵਿੱਚ ਟਰਾਂਸਪਲਾਂਟ ਕਰਨ ਯੋਗ ਨਹੀਂ ਮੰਨੀ ਜਾਂਦੀ। ਪਰ ਉਗੀ ਹੋਈ ਪਨੀਰੀ ਉੱਤੇ ਉੱਗਣ ਉਪਰੰਤ 7 ਤੋਂ 25 ਦਿਨਾਂ ਵਿਚਕਾਰ ਪਾਥੀਆਂ ਦੇ ਪਾਣੀ ਦੀਆਂ 2 ਸਪ੍ਰੇਆਂ ਕਰਕੇ ਬੂਟਿਆਂ ਦਾ ਲੋੜੀਂਦਾ ਵਿਕਾਸ ਹਾਸਿਲ ਕੀਤਾ ਜਾ ਸਕਦਾ ਹੈ।

ਪਨੀਰੀ ਕਿਵੇਂ ਪੁੱਟੀਏ:
ਪਨੀਰੀ ਪੁੱਟਦੇ ਸਮੇਂ ਹਮੇਸ਼ਾ ਨਰਮੀ ਅਤੇ ਪਿਆਰ ਤੋਂ ਕੰਮ ਲਓ। ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਪੌਦਿਆਂ ਦੀਆਂ ਜੜ੍ਹਾਂ ਨਾ ਟੁੱਟਣ ਅਤੇ ਉਹਨਾਂ ਨੂੰ ਕਿਸੇ ਕਿਸਮ ਨੁਕਸਾਨ ਨਾ ਹੋਵੇ। ਇਹ ਸੁਨਿਸ਼ਚਿਤ ਕਰ ਲਵੋ ਕਿ ਪਨੀਰੀ ਦੀਆਂ ਗੁੱਟੀਆਂ ਨੂੰ ਕਿਸੇ ਵੀ ਹਾਲ 'ਚ ਕੋਈ ਝਟਕਾ ਨਾ ਲੱਗੇ ਭਾਵ ਕਿ ਲੇਬਰ ਪਨੀਰੀ ਨੂੰ ਚਲਾ-ਚਲਾ ਕੇ ਨਾ ਮਾਰੇ ਅਤੇ ਨਾ ਹੀ ਪੌਦਿਆਂ ਤੋੜ-ਤੋੜ ਕੇ ਇੱਕ ਤੋਂ ਦੋ ਜਾਂ ਤਿੰਨ ਬਣਾਵੇ।

ਖੇਤ ਤਿਆਰ ਕਰਦੇ ਸਮੇਂ:
ਖੇਤ ਵਾਹ ਕੇ ਉਸਨੂੰ ਸੁਹਾਗਣ ਤੋਂ ਪਹਿਲਾਂ ਪ੍ਰਤੀ ਏਕੜ 2 ਕੁਇੰਟਲ ਗਾੜਾ ਜੀਵ ਅੰਮ੍ਰਿਤ ਅਤੇ 2 ਕੁਇੰਟਲ ਰੂੜੀ ਦੀ ਖਾਦ ਵਿੱਚ ਮਿਲਾ ਕੇ 20 ਕਿੱਲੋ ਨਿੰਮ ਦੀ ਖਲ ਦਾ ਛਿੱਟਾ ਦਿਓ। ਇਹ ਮਿਸ਼ਰਣ ਜਿੱਥੇ ਫਸਲ ਲਈ ਡੀ. ਏ. ਪੀ. ਦਾ ਕੰਮ ਕਰੇਗਾ ਓਥੇ ਹੀ ਫਸਲ ਨੂੰ ਜੜ ਦੇ ਰੋਗਾਂ ਤੋਂ ਗ੍ਰਸਤ ਕਰਨ ਵਾਲੇ ਕੀੜਿਆਂ ਅਤੇ ਜੀਵਾਣੂਆਂ ਦੀ ਵੀ ਰੋਕਥਾਮ ਕਰੇਗਾ।

ਖੇਤ ਵਿੱਚ ਰੋਪਾਈ ਕਰਦੇ ਸਮੇਂ:
ਖੇਤ ਵਿੱਚ ਪੁੱਟੀ ਹੋਈ ਪਨੀਰੀ ਦੀ ਰੋਪਾਈ ਕਰਦੇ ਸਮੇਂ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਵੇ ਕਿ ਪੌਦੇ ਦੀ ਜੜ ਨੂੰ ਜ਼ਮੀਨ 'ਚ ਲਾਉਂਦੇ ਸਮੇਂ ਕਿਸੇ ਵੀ ਹਾਲ ਵਿੱਚ ਦਬਾਇਆ ਨਾ ਜਾਵੇ। ਕਿਉਂਕਿ ਇਸ ਤਰ੍ਹਾਂ ਕਰਨ ਨਾਲ ਪੌਦੇ ਦੀ ਜੜ ਉਤਾਂਹ ਵੱਲ ਹੋ ਜਾਂਦੀ ਏ ਤੇ ਇਸ ਨੂੰ ਮੁੜ ਜਮੀਨ ਵਿੱਚ ਥੱਲੇ ਨੂੰ ਡੂੰਘਾਈ ਵਿੱਚ ਜਾਣ ਵਾਸਤੇ ਕਈ ਦਿਨ ਲੱਗ ਜਾਂਦੇ ਹਨ। ਸਿੱਟੇ ਵਜੋਂ ਝੋਨੇ ਦੇ ਖੇਤ 3-4 ਦਿਨਾਂ ਤੱਕ ਮੁਰਝਾਇਆ ਹੋਇਆ ਈ ਨਜ਼ਰੀਂ ਪੈਂਦਾ ਹੈ। ਇਸਦਾ ਸਿੱਧਾ ਜਿਹਾ ਅਰਥ ਇਹ ਹੈ ਕਿ ਖੇਤ ਵਿਚਲੇ ਸਾਰੇ ਪੌਦੇ ਮਿੱਟੀ ਦੇ ਸੰਪਰਕ ਵਿੱਚ ਨਹੀਂ ਹੁੰਦੇ ਅਤੇ ਜਦੋਂ ਤੱਕ ਉਹ ਮਿੱਟੀ ਨਾਲ ਆਪਣਾ ਰਿਸ਼ਤਾ ਬਣਾਉਣ 'ਚ ਸਫਲ ਹੋ ਪਾਉਂਦੇ ਹਨ ਉਦੋਂ ਤੱਕ ਉਹਨਾਂ ਦੁਆਰਾ ਨਵੀਆਂ ਸਖਾਵਾਂ ਕੱਢਣ ਦਾ ਇੱਕ ਹੋਰ ਚੱਕਰ ਵੀ ਅੱਧੇ ਦੇ ਕਰੀਬ ਪੂਰਾ ਹੋ ਚੁੱਕਾ ਹੁੰਦਾ ਹੈ। ਇਹੀ ਕਾਰਨ ਹੈ ਕਿ ਪ੍ਰਚੱਲਿਤ ਢੰਗ ਨਾਲ ਲਾਇਆ ਝੋਨਾਂ ਬੂਟਾ ਮਾਰਨ ਪੱਖੋਂ ਔਸਤ 18 ਤੋਂ 25 ਸਖਾਵਾਂ ਤੱਕ ਹੀ ਸੀਮਤ ਰਹਿ ਜਾਂਦਾ ਹੈ। ਜਦੋਂ ਕਿ ਐੱਸ. ਆਰ. ਆਈ. ਵਿਧੀ ਨਾਲ ਲਾਇਆ ਝੋਨਾਂ ਔਸਤ 25 ਤੋਂ 40 ਤੱਕ ਸਖਾਵਾਂ ਕੱਢਦਾ ਹੈ। ਸਿੱਟੇ ਵਜੋਂ ਪ੍ਰਚੱਲਿਤ ਢੰਗ ਨਾਲ ਲਾਏ ਗਏ ਝੋਨੇ ਦਾ ਔਸਤ ਝਾੜ ਵੀ ਆਸ ਤੋਂ ਘੱਟ ਰਹਿ ਜਾਂਦਾ ਹੈ। ਇਸ ਲਈ ਸਾਰੇ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਉਹ ਝੋਨਾ ਲਾਉਂਦੇ ਸਮੇਂ ਉਪ੍ਰੋਕਤ ਗੱਲਾਂ ਦਾ ਖਾਸ ਖਿਆਲ ਰੱਖਣ ਅਤੇ ਪਨੀਰੀ ਨੂੰ ਰੋਗ ਰਹਿਤ ਕਰਨ ਲਈ ਉਸਦੀਆਂ ਜੜ੍ਹਾਂ ਨੂੰ ਬੀਜ ਅੰਮ੍ਰਿਤ ਲਗਾ ਕੇ ਹੀ ਖੇਤ ਵਿੱਚ ਲਾਉਣ। ਇਸ ਤਰ੍ਹਾਂ ਕਰਨ ਨਾਲ ਜਿੱਥੇ ਖੇਤ ਵਿੱਚ ਖੇਤ ਵਿੱਚ ਸਿਹਤਮੰਦ ਪੌਦਿਆਂ ਦੀ ਲਵਾਈ ਹੁੰਦੀ ਹੈ ਓਥੇ ਹੀ ਪ੍ਰਤੀ ਏਕੜ ਝਾੜ ਵਿੱਚ ਵੀ ਵਾਧਾ ਹੁੰਦਾ ਹੈ।

ਨਦੀਨਾਂ ਦੀ ਰੋਕਥਾਮ:
ਪਹਿਲੀ ਗੱਲ ਤਾਂ ਇਹ ਕਿ ਜਿਹਨਾਂ ਪੌਦਿਆਂ ਨੂੰ ਅਸੀਂ ਨਦੀਨ ਆਖਦੇ ਹਾਂ ਉਹ ਹੀ ਧਰਤੀ ਦੇ ਸਕੇ ਪੁੱਤ-ਧੀਆਂ ਹਨ ਤੇ ਉਹਨਾਂ ਦਾ ਪੋਸ਼ਣ ਧਰਤੀ ਆਪ ਕਰਦੀ ਹੈ। ਕੁਦਰਤੀ ਖੇਤੀ ਵਾਲੇ ਖੇਤਾਂ ਵਿੱਚ ਇਹ ਕਦੇ ਵੀ ਫਸਲ ਦੇ ਉੱਤੋਂ ਦੀ ਨਹੀਂ ਪੈਂਦੇ। ਪਰ ਖੁਰਾਕ ਲਈ ਫਸਲ ਅਤੇ ਇਹਨਾਂ ਦੀ ਆਪਸੀ ਮੁਕਾਬਲੇਬਾਜ਼ੀ ਕਰਕੇ ਅਕਸਰ ਫਸਲ ਕਮਜੋਰ ਰਹਿ ਜਾਂਦੀ ਹੈ। ਇਸ ਸਥਿਤੀ ਤੋਂ ਬਚਣ ਲਈ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਉਹ ਹੇਠ ਲਿਖੇ ਅਨੁਸਾਰ ਕੁੱਝ ਰਵਾਇਤੀ ਪ੍ਰਬੰਧ ਕਰਨ:
ਕਣਕ ਦੀ ਕਟਾਈ ਤੋਂ ਤੁਰੰਤ ਬਾਅਦ ਖੇਤ ਨੂੰ ਸੁੱਕਾ ਤੇ ਡੂੰਘਾ ਵਾਹ ਕੇ 2 ਦਿਨ ਤੱਕ ਓਸੇ ਤਰ੍ਹਾਂ ਛੱਡੀ ਰੱਖੋ। ਇਸ ਤਰ੍ਹਾਂ ਕਰਨ ਨਾਲ ਨਦੀਨਾਂ ਦੇ ਬੀਜ ਜ਼ਮੀਨ ਦੀ ਉਤਲੀ ਸਤ੍ਹਾ 'ਤੇ ਆ ਜਾਂਦੇ ਹਨ।
ਹੁਣ ਖੇਤ ਦੀ ਰੌਣੀ ਕਰਕੇ ਉਸ ਵਿੱਚ ਜੰਤਰ ਜਾਂ ਮੂੰਗੀ ਜਾਂ ਮਿਸ਼ਰਤ ਹਰੀ ਖਾਦ ਬੀਜ ਦਿਓ। ਬਹੁਤ ਸਾਰੇ ਨਦੀਨ ਇਹਨਾਂ ਦੇ ਨਾਲ ਹੀ ਖੇਤ ਵਿੱਚ ਉੱਗ ਆਉਣਗੇ ਜਿਹੜੇ ਕਿ ਹਰੀ ਖਾਦ ਵਾਹੁੰਦੇ ਸਮੇਂ ਆਪਣੇ-ਆਪ ਹੀ ਖਤਮ ਹੋ ਕੇ ਝੋਨੇ ਦੀ ਫਸਲ ਲਈ ਹਰੀ ਖਾਦ ਦਾ ਹੀ ਕੰਮ ਕਰਨਗੇ।
ਖੇਤ ਵਿੱਚ ਪਹਿਲੇ ਹਫ਼ਤੇ ਤੱਕ ਲਗਾਤਾਰ ਪਾਣੀ ਖੜਾ ਰੱਖਣਾ ਵੀ ਇੱਕ ਤਰੀਕਾ ਹੋ ਸਕਦਾ ਹੈ ਪਰ ਇਹ ਵੀ ਨਦੀਨ ਨਾਸ਼ਕ ਦੇ ਛਿੜਕਾਅ ਵਾਂਗੂੰ ਆਉਣ ਵਾਲੀਆਂ ਨਸਲਾਂ ਪ੍ਰਤੀ ਪਾਪ ਕਰਨ ਦੇ ਤੁੱਲ ਹੈ।
ਜੇ ਥੋੜੇ ਬਹੁਤੇ ਨਦੀਨ ਹੋ ਵੀ ਜਾਂਦੇ ਹਨ ਤਾਂ ਉਹਨਾਂ ਨੂੰ ਹੱਥੀਂ ਪੁੱਟ ਦੇਣਾ ਹੀ ਬੇਹਤਰ ਹੈ।
ਸਿੰਜਾਈ: ਪਿਆਰੇ ਕਿਸਾਨ ਵੀਰੋ ਜਿਵੇਂ ਕਿ ਹੁਣ ਤੱਕ ਪ੍ਰਚਾਰਿਤ ਕੀਤਾ ਗਿਆ ਹੈ ਉਸਦੇ ਉਲਟ ਝੋਨਾ ਆਪਣੇ ਆਪ ਵਿੱਚ ਕਦੇ ਵੀ ਪਾਣੀ ਦਾ ਪੌਦਾ ਨਹੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਇਸ ਵਹਿਮ ਚੋਂ ਹੁਣੇ ਤੋਂ ਹੀ ਬਾਹਰ ਆ ਜਾਣਾ ਚਾਹੀਦਾ ਹੈ। ਇਸ ਲਈ ਹਰ 8ਵੇਂ 10ਵੇਂ ਦਿਨ ਹੀ ਝੋਨੇ ਨੂੰ ਪਾਣੀ ਦੇਣਾ ਚਾਹੀਦਾ ਹੈ। ਪਰ ਹਾਂ ਜਦੋਂ ਫਸਲ ਦੋਧੇ 'ਤੇ ਹੋਵੇ ਉਦੋਂ ਖੇਤ ਪਾਣੀ ਖੁਣੋਂ ਸੁੱਕਾ ਨਹੀਂ ਹੋਣਾ ਚਾਹੀਦਾ। ਹਰੇਕ ਪਾਣੀ ਨਾਲ ਪ੍ਰਤੀ ਏਕੜ 200 ਲਿਟਰ ਗੁੜਜਲ ਅੰਮ੍ਰਿਤ ਫਸਲ ਨੂੰ ਦੇਣਾ ਲਾਜ਼ਮੀ ਹੈ ਤੇ ਨਾਲ ਹੀ ਪਾਣੀ ਲਾਉਂਦੇ ਸਮੇਂ, ਹਰ ਵਾਰ ਫਸਲ ਉੱਤੇ ਪਾਥੀਆਂ ਦੇ ਪਾਣੀ ਦੇ ਛਿੜਕਾਅ ਤੋਂ ਵੀ ਟਾਲਾ ਨਹੀਂ ਵੱਟਣਾ।
ਕੀਟ ਪ੍ਰਬੰਧਨ: ਝੋਨੇ ਦੀ ਫਸਲ ਨੂੰ ਵਧੇਰੇ ਨੁਕਸਾਨ ਪਹੁੰਚਾਉਣ ਵਾਲੇ ਮੁੱਖ ਕੀੜੇ ਹਨ- ਗੋਭ ਦੀ ਸੁੰਡੀ, ਪੱਤਾ ਲਪੇਟ ਸੁੰਡੀ, ਪੱਤੇ ਖਾਣ ਵਾਲੀ ਸੁੰਡੀ, ਗਰੀਨ ਲੀਫ ਹੌਪਰ(ਹਰਾ ਟਿੱਡਾ), ਬਰਾਊਨ ਪਲਾਂਟ ਹੌਪਰ ( ਭੂਰਾ ਟਿੱਡਾ) ਅਤੇ ਰਾਈਸ ਹਿਸਪਾ।ਪਹਿਲੇ ਤਿੰਨਾਂ ਨੂੰ ਛੱਡ ਕੇ ਬਾਕੀ ਦੇ ਤਿੰਨੋ ਕੀੜੇ ਰਸ ਚੂਸਣ ਵਾਲੇ ਕੀੜੇ ਹਨ। ਇਹਨਾਂ ਦੀ ਰੋਕਥਾਮ ਕ੍ਰਮਵਾਰ ਹੇਠ ਲਿਖੇ ਢੰਗ ਅਪਣਾ ਕੇ ਕੀਤੀ ਜਾ ਸਕਦੀ ਹੈ।
ਸੁੱਕੀ ਤੇ ਡੂੰਘੀ ਵਹਾਈ: ਇਸ ਤਰ੍ਹਾਂ ਕਰਨ ਨਾਲ ਬਹੁਤ ਵੱਡੀ ਮਾਤਰਾ ਵਿੱਚ ਪਿਊਪੇ ਜ਼ਮੀਨ ਦੇ ਉੱਪਰ ਆ ਜਾਂਦੇ ਹਨ। ਜਿਹੜੇ ਕਿ ਸਖਤ ਧੁੱਪ ਦੇ ਸ਼ਿਕਾਰ ਹੋਣ ਦੇ ਨਾਲ-ਨਾਲ ਪੰੰਛੀਆਂ ਦਾ ਵੀ ਭੋਜਨ ਬਣ ਜਾਂਦੇ ਹਨ।
ਖੇਤਾਂ ਵਿੱਚ ਰਾਤ ਸਮੇਂ ਅੱਗ ਬਾਲਣਾ: ਜੇਕਰ ਖੇਤਾਂ ਵਿੱਚ ਰਾਤੀ 8 ਵਜੇ ਤੋਂ 9 ਵਜੇ ਤੱਕ ਵੱਖ-ਵੱਖ ਥਾਂਵਾਂ 'ਤੇ ਅੱਗ ਬਾਲੀ ਜਾਵੇ ਤਾਂ ਸੁੰਡੀਆਂ ਦੇ ਬਹੁਤ ਸਾਰੇ ਪਤੰਗੇ ਅੱਗ ਦੀ ਭੇਟ ਚੜ ਜਾਂਦੇ ਹਨ। ਕਿਊਂਕਿ ਉਹ ਸੁਭਾਵਿਕ ਪੱਖੋਂ ਹੀ ਰੌਸ਼ਨੀ ਵੱਲ ਭੱਜੇ ਰਹਿੰਦੇ ਨੇ। ਇੱਕ ਨਰ ਪਤੰਗੇ ਦੇ ਅੰਤ ਦਾ ਅਰਥ ਏ 500 ਮਾਦਾ ਪਤੰਗਿਆਂ ਦਾ ਅੰਡੇ ਨਾ ਦੇਣਾ।
ਲਾਈਟ ਟਰੈਪ: ਹਰ ਕਿਸਾਨ ਦੇ ਖੇਤ ਮੋਟਰ ਤੇ ਬਲਬ ਲੱਗਾ ਹੁੰਦਾ ਹੈ। ਬਸ ਓਸੇ ਦਾ ਇਸਤੇਮਾਲ ਕਰਨ ਲਾਈਟ ਟਰੈਪ ਦੇ ਤੌਰ 'ਤੇ। ਬਲਬ ਉੱਪਰ ਇੱਕ ਛਤਰੀ ਜਿਹੀ ਬਣਾ ਕੇ ਉਹਦੇ ਹੇਠ ਇੱਕ ਚੌੜੇ ਭਾਂਡੇ ਵਿੱਚ ਪਾਣੀ ਰੱਖ ਕੇ ਥੋੜਾ ਜਿਹਾ ਮਿੱਟੀ ਜਾਂ ਸਰੋਂ ਦਾ ਤੇਲ ਪਾ ਦਿਓ। ਪਤੰਗੇ ਬਲਬ ਨਾਲ ਟਕਰਾ-ਟਕਰਾ ਪਾਣੀ ਵਿੱਚ ਡਿੱਗ-ਡਿੱਗ ਕੇ ਸਦਗਤੀ ਪ੍ਰਾਪਤ ਕਰ ਲੈਣਗੇ।
ਫੈਰੋਮਿਨ ਟਰੈਪ: ਇਸਦਾ ਇਸਤੇਮਾਲ ਵੀ ਪਤੰਗਿਆਂ ਨੂੰ ਹੀ ਕਾਬੂ ਕਰਨ ਲਈ ਕੀਤਾ ਜਾਂਦਾ ਹੈ। ਪ੍ਰਤੀ ਏਕੜ ਘੱਟੋ ਘੱਟ 4 ਫੈਰੋਮਿਨ ਟਰੈਪ ਜਿਹੜੇ ਕਿ ਫਸਲ ਦੇ ਕੱਦ ਤੋਂ 1 ਜਾਂ ਡੇਢ ਫੁੱਟ ਉਚੇ ਹੋਣ ਲੱਗੇ ਹੋਣੇ ਚਾਹੀਦੇ ਹਨ। ਜਿਵੇਂ 2 ਗੋਭ ਦੀ ਸੁੰਡੀ ਤੋਂ ਤੇ 1-1 ਪੱਤਾ ਲਪੇਟ ਅਤੇ ਪੱਤੇ ਖਾਣ ਵਾਲੀ ਤੋਂ।
ਬਰਡ ਪਰਚਰ: ਖੇਤ ਵਿੱਚ ਥਾਂ-ਥਾਂ ਪੰਛੀਆਂ ਦੇ ਬੈਠਣ ਲਈ ਫਸਲ ਦੇ ਕੱਦ ਤੋਂ ਇੱਕ ਜਾਂ ਡੇਢ ਫੁੱਟ ਦੀ ਉੱਚਾਈ ਦੇ ਹਿਸਾਬ ਨਾਲ ਖੇਤ ਵਿੱਚ ਬਰਡ ਪਰਚਰ ਲਗਾਓ ( ਇਹੋ ਜਿਹੀਆਂ ਸੋਟੀਆਂ ਗੱਡੋ) ਜਹਨਾਂ ਤੇ ਕਈ ਕਈ ਪੰਛੀ ਆ ਕੇ ਬੈਠ ਸਕਣ।
ਪੰਛੀਆਂ ਦੀ ਨਿਗ੍ਹਾ ਸਾਡੇ ਨਾਲੋਂ 6 ਗੁਣਾਂ ਤੇਜ ਹੁੰਦੀ ਹੈ ਤੇ ਸੁੰਡੀਆਂ ਉਹਨਾ ਦਾ ਪਸੰਦੀਦਾ ਭੋਜਨ।
ਰਸ ਚੂਸਣ ਵਾਲੇ ਕੀੜਿਆਂ ਲਈ ਪ੍ਰਤੀ ਏਕੜ 4 ਪੀਲੇ ਰੰਗ ਦੇ ਤੇ 4 ਹੀ ਚਿੱਟੇ ਰੰਗ ਦੇ ਸਰੋਂ ਦਾ ਤੇਲ ਜਾਂ ਸਾਫ ਗਰੀਸ ਲੱਗੇ ਹੋਏ ਬੋਰਡ ਫਸਲ ਦੇ ਕੱਦ ਤੋਂ ਇੱਕ ਜਾਂ ਡੇਢ ਫੁੱਟ ਦੀ ਉੱਚਾਈ ਦੇ ਹਿਸਾਬ ਨਾਲ ਖੇਤ ਵਿੱਚ ਸੋਟੀ ਤੇ ਟੰਗ ਕੇ ਗੱਡ ਦਿਓ। ਇਸ ਤਰ੍ਹਾਂ ਕਰਨ ਨਾਲ ਸੁਭਾਵਿਕ ਪੱਖੋਂ ਹੀ ਪੀਲੇ ਅਤੇ ਚਿੱਟੇ ਰੰਗ ਵੱਲ ਆਕ੍ਰਸ਼ਿਤ ਹੋਣ ਵਾਲੇ ਇਹਨਾਂ ਕੀਟਾਂ ਦੇ ਪਤੰਗੇ ਇਹਨਾਂ ਬੋਰਡਾਂ ਉੱਪਰ ਆ- ਆ ਕੇ ਚਿਪਕ ਜਾਂਦੇ ਹਨ। ਸਿੱਟੇ ਵਜੋਂ ਰਸ ਚੁਸਕਾਂ ਦੇ ਹਮਲੇ ਦੀ ਸੰਭਾਵਨਾ ਅਤਿ ਮੱਧਮ ਪੈ ਜਾਂਦੀ ਹੈ। ਜੇ ਫਿਰ ਵੀ ਏਦਾਂ ਦੀ ਕੋਈ ਸਮੱਸਿਆ ਆ ਜਾਵੇ ਤਾਂ ਫਸਲ ਉੱਤੇ ਨਿੰਮ ਅਸਤਰ ਦਾ ਛਿੜਕਾਅ ਕਰਕੇ ਰਸ ਚੂਸਣ ਵਾਲੇ ਕੀੜਿਆਂ ਤੋਂ ਨਿਜਾਤ ਪਾਈ ਜਾ ਸਕਦੀ ਹੈ।

ਲੇਖਕ ਖੇਤੀ ਵਿਰਾਸਤ ਮਿਸ਼ਨ ਸੰਸਥਾ ਵਿਚ ਬਤੌਰ ਕੁਦਰਤੀ ਖੇਤੀ ਟ੍ਰੇਨਰ ਸੇਵਾ ਨਿਭਾ ਰਹੇ ਹਨ.

Posted by
Get the latest news on water, straight to your inbox
Subscribe Now
Continue reading