ਬੀ ਟੀ ਨਰਮ੍ਹੇ ਦੇ ਭਾਰਤ ਵਿੱਚ ਦਸ ਸਾਲ

Submitted by kvm on Fri, 07/27/2012 - 13:24
26 ਮਾਰਚ 2002 ਨੂੰ ਭਾਰਤ ਵਿੱਚ ਪਹਿਲੀ ਜੀਨ ਪਰਿਵਰਤਿਤ ਫਸਲ ਬੀ ਟੀ ਨਰਮ੍ਹੇ ਦੀ ਵਪਾਰਕ ਖੇਤੀ ਨੂੰ ਸਰਕਾਰੀ ਮਨਜ਼ੂਰੀ ਦਿੱਤੀ ਗਈ। ਇਹ ਮਨਜ਼ੂਰੀ ਭਾਰਤ ਦੇ ਦੱਖਣ ਅਤੇ ਕੇਂਦਰੀ ਖੇਤਰ ਦੇ ਛੇ ਸੂਬਿਆਂ ਵਿੱਚ ਦਿੱਤੀ ਗਈ ਸੀ। ਸ਼ੁਰੂਆਤ ਮਾਹੀਕੋ-ਮੌਨਸੈਂਟੋ ਬਾਇਓਟੈਕ ਲਿਮਿਟਡ ਦੇ ਬੋਲਗਾਰਡ-1 ਬੀ ਟੀ ਨਰਮੇ ਤੋਂ ਹੋਈ ਜਿਸ ਵਿੱਚ ਬੈਸੇਲਿਸ ਥੁਰੇਜੈਂਸਿਸ (ਬੀ ਟੀ)ਦਾ ਇੱਕ ਜੀਨ ਪਾਇਆ ਗਿਆ ਸੀ ਅਤੇ ਚਾਰ ਸਾਲ ਅੰਦਰ ਹੀ 2006 ਵਿੱਚ ਬੋਲਗਾਰਡ-2 ਸਿਜ ਵਿੱਚ ਦੋ ਬੀ ਟੀ ਜੀਨ ਪਾਏ ਗਏ ਸਨ, ਬਾਜ਼ਾਰ ਵਿੱਚ ਉਤਾਰਿਆ ਗਿਆ। ਅੱਜ ਬਾਜ਼ਾਰ ਵਿੱਚ ਮਿਲਣ ਵਾਲਾ ਬੀ ਟੀ ਹਾਈਬ੍ਰਿਡ ਨਰਮੇ ਵਿੱਚ ਤਿੰਨ ਬੀ ਟੀ ਜੀਨਾਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ। ਭਾਰਤ ਵਿੱਚ ਨਰਮੇ ਦੀਆਂ 780 ਹਾਈਬ੍ਰਿਡ ਕਿਸਮਾਂ ਨੂੰ ਬੀ ਟੀ ਬਣਾਇਆ ਗਿਆ ਹੈ। ਅੱਜ ਹਿੰਦੁਸਤਾਨ ਦਾ ਨਰਮੇ ਵਾਲੇ ਖ਼ੇਤਰ ਦਾ 85 ਫ਼ੀਸਦੀ ਬੀ ਟੀ ਨਰਮੇ ਦੀ ਕਾਸ਼ਤ ਹੇਠ ਹੈ।

ਬੀ ਟੀ ਨਰਮਾ ਪੇਸ਼ ਕਰਦੇ ਹੋਏ ਇਹ ਦਾਵਾ ਕੀਤਾ ਗਿਆ ਸੀ ਕਿ ਉਹ ਰਸਾਇਣਿਕ ਕੀਟਨਾਸ਼ਕਾਂ ਦਾ ਇਸਤੇਮਾਲ ਘਟਾਏਗਾ, ਵੱਧ ਝਾੜ ਦੇਵੇਗਾ ਅਤੇ ਕਿਸਾਨ ਦੀ ਆਮਦਨ ਵਧਾਏਗਾ। ਪਰ ਕੰਪਨੀਆਂ ਅਤੇ ਖੇਤੀਬਾੜੀ ਏਜੰਸੀਆਂ ਦੇ ਸਾਂਝੇ ਸ਼ੋਰ-ਸ਼ਰਾਬੇ ਵਿੱਚ ਕਈ ਗੱਲਾਂ ਵੱਲ ਸਾਡਾ ਧਿਆਨ ਨਹੀਂ ਗਿਆ। ਜਦੋਂ ਬੀ ਟੀ ਨਰਮ੍ਹੇ ਨਾਲ ਅਸੀਂ ਝਾੜ ਵਧਾਉਣ ਦੀ ਗੱਲ ਕਰਦੇ ਹਾਂ ਤਾਂ ਅਸੀਂ ਉਸਦੀ ਤੁਲਨਾ ਸੰਨ 2000 ਦੇ ਆਸ-ਪਾਸ ਸੁੰਡੀ ਦੇ ਹਮਲੇ ਤੋਂ ਤਬਾਹ ਹੋਈ ਫ਼ਸਲ ਦੇ ਨਾਲ ਕਰਦੇ ਹਾਂ। ਇਹ ਅਧੂਰਾ ਸੱਚ ਹੈ। ਦਰਅਸਲ ਜਿਸ ਦੌਰ ਵਿੱਚ ਬੀ ਟੀ ਨਰਮਾ ਆਇਆ ਉਦੋਂ ਰਸਾਇਣਿਕ ਖੇਤੀ ਦੇ ਕੀਟਨਾਸ਼ਕ ਫੇਲ੍ਹ ਹੋ ਚੁੱਕੇ ਸਨ। ਬੀ ਟੀ ਨਰਮੇ ਦੀ ਕਾਮਯਾਬੀ ਰਸਾਇਣਿਕ ਖੇਤੀ ਦੇ ਪਹਿਲੇ ਕਦਮ ਰਸਾਇਣਿਕ ਕੀਟਨਾਸ਼ਕਾਂ ਦੇ ਨਾਲ ਕੀਟ ਨਿਯੰਤ੍ਰਣ ਦੀ ਫੇਲ੍ਹ ਹੋਣ ਦੀ ਕਹਾਣੀ ਹੈ। ਅਸੀਂ ਏਨੇ ਕੁ ਜ਼ਹਿਰ ਵਰਤੇ ਕਿ ਕੀੜ੍ਹੇ ਜ਼ਹਿਰਾਂ ਦੇ ਆਦੀ ਹੋ ਗਏ ਅਤੇ ਉਹਨਾਂ ਆਪਣੀ ਪ੍ਰਤੀਰੋਧਕ ਸ਼ਕਤੀ ਏਨੀ ਕੁ ਵਧਾ ਲਈ ਕਿ ਉਹ ਕੀਟਨਾਸ਼ਕ ਜ਼ਹਿਰਾਂ ਨਾਲ ਮਰਨੋਂ ਹਟ ਗਏ। ਉਸ ਦੌਰ ਵਿੱਚ ਜਦੋਂ ਕਿ ਕਿਸਾਨ ਥੱਕਿਆ-ਹਾਰਿਆ ਅਤੇ ਅੱਕਿਆ ਹੋਇਆ ਸੀ, ਬੀ ਟੀ ਨਰਮ੍ਹੇ ਦੀ ਆਮਦ ਹੋਈ। ਅਸਲ ਵਿੱਚ ਉਸ ਸਮੇਂ ਇਸ ਗੱਲ ਦਾ ਵਿਚਾਰ ਹੋਣਾ ਚਾਹੀਦਾ ਸੀ ਕਿ ਕੀੜਿਆਂ ਨੇ ਕੀਟਨਾਸ਼ਕ ਪ੍ਰਤੀਰੋਧਕ ਸ਼ਕਤੀ ਵਿਕਸਿਤ ਕਿਵੇਂ ਕਰ ਲਈ। ਪਰ ਅਜਿਹਾ ਨਾ ਕਰਕੇ ਸਰਕਾਰਾਂ ਅਤੇ ਖੇਤੀ ਅਦਾਰਿਆਂ ਨੇ ਬਹੁਕੌਮੀ ਕੰਪਨੀਆਂ ਨਾਲ ਮਿਲੀਭੁਗਤ ਕਰਕ ਕਿਸਾਨਾਂ ਨੂੰ ਜ਼ਹਿਰੀਲੀ ਖੇਤੀ ਦੇ ਅਗਲੇ ਪੜਾਅ ਬੀ ਟੀ ਫ਼ਸਲਾਂ ਵੱਲ ਧਕੇਲ ਦਿੱਤਾ।

2005-06 ਤੋਂ ਲੈ ਕੇ 2011-12 ਦੇ ਕਾਲ ਵਿੱਚ ਬੀ ਟੀ ਨਰਮੇ ਦੇ ਝਾੜ ਵਿੱਚ ਸਿਰਫ 2 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਕੇਂਦਰੀ ਕਪਾਹ ਸੋਧ ਸੰਸਥਾਨ, ਨਾਗਪੁਰ ਦੇ ਅੰਕੜਿਆਂ ਦੇ ਮੁਤਾਬਿਕ ਪਿਛਲੇ ਸਾਲ ਪ੍ਰਤੀ ਹੈਕਟੇਅਰ ਝਾੜ ਵਿੱਚ ਕਮੀ ਆਈ ਹੈ। ਜ਼ਿਕਰਯੋਗ ਹੈ ਕਿ ਬੀ ਨੀ ਨਰਮੇ ਦੀ ਆਮਦ ਤੋਂ ਪਹਿਲਾਂ ਹੀ ਨਰਮੇ ਦੀਆਂ ਗੈਰ ਬੀ ਟੀ ਹਾਈਬ੍ਰਿਡ ਕਿਸਮਾਂ ਸਦਕਾ ਨਰਮੇ ਦੇ ਝਾੜ ਵਿੱਚ ਕਿਤੇ ਜਿਆਦਾ 69 ਪ੍ਰਤੀਸ਼ਤ ਤੱਕ ਦਾ ਵਾਧਾ ਦਰਜ਼ ਕੀਤਾ ਗਿਆ ਸੀ। ਹੁਣ ਬੀ ਟੀ ਨਰਮ੍ਹੇ ਦਾ ਝਾੜ 481 ਕਿਲੋ ਪ੍ਰਤਿ ਹੈਕਟੇਅਰ ਹੈ ਜੋ ਕਿ ਬੀ ਟੀ ਦੇ ਆਉਣ ਤੋਂ ਪਹਿਲੇ ਹਾਈਬ੍ਰਿਡ ਦੇ ਰਾਹੀ 470 ਕਿਲੋ ਪ੍ਰਤਿ ਹੈਕਟੇਅਰ ਦੇ ਲਗਭਗ ਬਰਾਬਰ ਹੈ। ਕੇਂਦਰੀ ਕਪਾਹ ਖੋਜ ਸੰਸਥਾਨ ਦੇ ਡਾਕਟਰ ਕੇਸ਼ਵ ਕ੍ਰਾਂਤੀ ਨੇ ਬੀ ਟੀ ਨਰਮ੍ਹੇ ਦੇ 10 ਸਾਲਾਂ ਦੀ ਸਮੀਖਿਆ ਕਰਦੇ ਹੋਏ ਆਪਣੀ ਰਿਪੋਰਟ ਵਿੱਚ ਇਹ ਚਿੰਤਾ ਵੀ ਜ਼ਾਹਿਰ ਕੀਤੀ ਹੈ ਕਿ ਪਿਛਲੇ ਸੱਤ ਸਾਲਾਂ ਤੋਂ ਉਤਪਾਦਕਤਾ ਵਿੱਚ ਖੜੋਤ ਆਈ ਹੈ। ਇਹ ਵੀ ਧਿਆਨ ਦੇਣ ਯੋਗ ਹੈ ਕਿ ਸੰਨ 2004 ਵਿੱਚ ਭਾਰਤ ਦੇ ਕਪਾਹ ਖੇਤਰ ਦਾ 5.6 ਪ੍ਰਤੀਸ਼ਤ ਬੀ ਟੀ ਨਰਮੇ ਦੇ ਤਹਿਤ ਸੀ ਤਾਂ ਉਦੋਂ ਪ੍ਰਤਿ ਏਕੜ ਔਸਤ 463 ਕਿਲੋ ਸੀ। ਹੁਣ ਜਦਕਿ ਨਰਮੇ ਦੇ ਖੇਤਰ ਦਾ 85 ਫੀਸਦੀ ਹਿੱਸਾ ਬੀ ਟੀ ਨਰਮ੍ਹੇ ਦੇ ਤਹਿਤ ਹੈ ਤਾਂ ਉਸਦੀ ਔਸਤ 506 ਕਿਲੋ ਪ੍ਰਤਿ ਹੈਕਟੇਅਰ ਹੈ। ਝਾਡ ਵਿੱਚ ਹੋਇਆ ਇਹ ਵਾਧਾ ਅਤੇ ਵਾਧੇ ਕਰਕੇ ਹੋਏ ਸਕਲ ਲਾਭ ਦੀ ਤੁਲਨਾ ਜੇਕਰ ਬੀਜਾਂ ਦੀ ਕੀਮਤ ਵਿੱਚ ਹੋਏ ਵਾਧੇ ਅਤੇ ਬੀਜਾਂ ਦੀਆਂ ਦੇਸੀ ਕਿਸਮਾਂ ਦੇ ਅਲੋਪ ਹੋਣ ਦੇ ਘਾਟੇ ਨਾਲ ਕੀਤੀ ਜਾਵੇ ਤਾਂ ਕੁੱਲ ਲਾਭ ਦੇ ਵੱਡੇ-ਵੱਡੇ ਦਾਅਵਿਆਂ ਦੀ ਹਵਾ ਨਿਕਲ ਜਾਂਦੀ ਹੈ। ਡਾ. ਕ੍ਰਾਂਤੀ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਬੀ ਟੀ ਨਰਮ੍ਹੇ ਦੇ ਤਹਿਤ ਖੇਤਰ ਵਿੱਚ ਤਾਂ ਲਗਾਤਾਰ ਵਾਧਾ ਹੁੰਦਾ ਰਿਹਾ ਪਰ ਉਸਦੀ ਉਤਪਾਦਕਤਾ ਅਨਿਸ਼ਚਿਤ ਰਹੀ।

ਕੁੱਝ ਹੋਰ ਤੱਥ ਵੀ ਧਿਆਨ ਰੱਖਣ ਯੋਗ ਹਨ ਕਿ ਬੀ ਟੀ ਨਰਮ ਦੀ ਕਾਮਯਾਬੀ ਦੀ ਗੱਲ ਕਰਨ ਵਾਲੇ ਦੇਸ਼ ਵਿੱਚ ਵਧੇ ਨਰਮ੍ਹੇ ਦੇ ਕੁੱਲ ਉਤਪਾਦਨ ਦੀ ਗੱਲ ਕਰਦੇ ਹੋਏ ਇਹ ਭੁੱਲ ਜਾਂਦੇ ਹਨ ਕਿ ਭਾਰਤ ਵਿੱਚ ਸਭ ਤੋਂ ਵੱਧ ਨਰਮੇ ਦੇ ਉਤਪਾਦਨ ਦਾ ਵਾਧਾ ਗੁਜਰਾਤ ਵਿੱਚ ਵੇਖਣ ਵਿੱਚ ਆਇਆ ਜਿੱਥੇ ਮੂੰਗਫਲੀ ਦੀ ਕਾਸ਼ਤ ਵਾਲੀ ਕਰੀਬ ਸੱਤ ਲੱਖ ਹੈਕਟੇਅਰ ਜ਼ਮੀਨ ਨੂੰ ਨਰਮੇ ਦੀ ਖੇਤੀ ਅਧੀਨ ਲਿਆਂਦਾ ਗਿਆ। ਇਹ ਵੀ ਜ਼ਿਕਰਯੋਗ ਤੱਥ ਹੈ ਕਿ ਇਹ ਮੂੰਗਫਲੀ ਦਾ ਰਕਬਾ ਬਾਰਾਨੀ ਖੇਤੀ ਦਾ ਸੀ ਜਿਸ ਲਈ ਇੱਕ ਲੱਖ ਨਵੇਂ ਚੈੱਕ ਡੈਮ ਬਣਾ ਕੇ ਸਿੰਚਿੰਤ ਖੇਤਰ ਬਣਾਇਆ ਗਿਆ। ਇਸ ਕਰਕੇ ਗੁਜਰਾਤ ਵਿੱਚ ਇਹ ਬੀ ਟੀ ਨਰਮੇ ਦੀ ਕਾਮਯਾਬੀ ਤੋਂ ਜ਼ਿਆਦਾ ਸਿੰਚਾਈ ਤਹਿਤ ਵਧੇ ਰਕਬੇ ਦੀ ਕਾਮਯਾਬੀ ਜ਼ਿਆਦਾ ਹੈ। ਦੂਸਰਾ ਤੱਥ ਇਹ ਹੈ ਕਿ ਸੰਨ 2000 ਵਿੱਚ ਸਿਰਫ 40 ਫੀਸਦੀ ਨਰਮੇ ਦਾ ਖੇਤਰ ਹਾਈਬ੍ਰਿਡ ਦੇ ਤਹਿਤ ਸੀ ਅਤੇ 2009-10 ਵਿੱਚ 85.5 ਫੀਸਦੀ ਵਿੱਚ ਹਾਈਬ੍ਰਿਡ (ਬੀ ਟੀ ਅਤੇ ਗੈਰ ਬੀ ਟੀ ਹਾਈਬ੍ਰਿਡ) ਇਸਤੇਮਾਲ ਕੀਤੇ ਗਏ। ਇਸ ਲਈ ਨਰਮੇ ਦੇ ਉਤਪਾਦਨ ਵਿੱਚ ਹੋਏ ਵਾਧੇ ਦਾ ਸਿਹਰਾ ਸਿਰਫ ਬੀ ਟੀ ਜੀਨ ਦੇ ਸਿਰ ਨਹੀ ਬੰਨ੍ਹਿਆ ਜਾ ਸਕਦਾ। ਡਾ.ਕ੍ਰਾਂਤੀ ਨੇ ਆਪਣੀ ਰਿਪੋਰਟ ਵਿੱਚ ਸਾਫ਼-ਸਾਫ਼ ਲਿਖਿਆ ਹੈ ਕਿ ਵਧੀਆਂ ਸਿੰਚਾਈ ਸੁਵਿਧਾਵਾਂ, ਨਵੇਂ ਰਕਬੇ ਨੂੰ ਬੀ ਟੀ ਨਰਮੇ ਦੇ ਤਹਿਤ ਲਿਆਉਣਾ, ਕੀੜਿਆਂ ਦੀ ਘਟੀ ਸਕ੍ਰਿਅਤਾ ਚੰਗੀ ਵਰਖਾ, ਵੱਡੇ ਪੱਧਰ 'ਤੇ ਕਪਾਹ ਦੇ ਹਾਈਬ੍ਰਿਡ ਦਾ ਇਸਤੇਮਾਲ ਸ਼ੁਰੂ ਹੋਣਾ ਅਤੇ ਨਵੇਂ ਕੀਟਨਾਸ਼ਕਾਂ ਦੀ ਵਰਤੋਂ ਆਦਿ ਉਹ ਮਹੱਤਵਪੂਰਨ ਕਾਰਕ ਨੇ ਜਿਹਨਾਂ ਕਰਕੇ ਨਰਮੇ ਦੇ ਉਤਪਾਦਨ ਅਤੇ ਉਤਪਾਦਕਤਾ ਵਿੱਚ ਵਾਧਾ ਹੋਇਆ ਹੈ ਨਾ ਕਿ ਕਿਸੇ ਇੱਕ ਨਿਵੇਕਲੇ ਬੀ ਟੀ ਜੀਨ ਕਰਕੇ।

ਇੱਕ ਹੋਰ ਪੱਖ ਜਿਸ 'ਤੇ ਵਿਚਾਰ ਕਰਨਾ ਚਾਹੀਦਾ ਹੈ ਉਹ ਹੈ ਬੀ ਟੀ ਨਰਮੇ ਕਰਕੇ ਲਗਾਤਾਰ ਵਧ ਰਹੀ ਰਸਾਇਣਿਕ ਖਾਦਾਂ ਦੀ ਜ਼ਰੂਰਤ। ਆਂਧਰਾ ਪ੍ਰਦੇਸ਼ ਖੇਤੀਬਾੜੀ ਯੂਨੀਵਰਸਿਟੀ ਨੇ ਕਿਸਾਨਾਂ ਨੂੰ ਸਿਫਾਰਿਸ਼ ਕਰਦੇ ਹੋਏ ਸਾਫ਼ ਦੱਸਿਆ ਹੈ ਕਿ ਬੀ ਟੀ ਨਰਮੇ ਨੂੰ 15 ਪ੍ਰਤੀਸ਼ਤ ਜ਼ਿਆਦਾ ਖਾਦ ਦੀ ਲੋੜ ਹੋਵੇਗੀ। ਏਨਾ ਹੀ ਨਹੀਂ, ਬੀ ਟੀ ਨਰਮ੍ਹੇ ਦੇ ਇੱਕ ਵੱਡੇ ਪੱਖਧਰ ਡਾ. ਸੀ ਡੀ ਮਾਏ ਨੇ ਵੀ ਕਿਹਾ ਹੈ ਕਿ ਜੇਕਰ ਬੀ ਟੀ ਬੀਜਾਂ ਦਾ ਪਸਾਰਾ ਹੋਏਗਾ ਤਾਂ ਦੇਸ਼ ਦੀ ਰਸਾਇਣਿਕ ਖਾਦ ਦੀ ਵਰਤੋਂ 107 ਪ੍ਰਤੀਸ਼ਤ ਤੱਕ ਵਧੇਗੀ। ਭਾਵ ਹੁਣ 106 ਕਿੱਲੋ ਪ੍ਰਤਿ ਹੈਕਟੇਅਰ ਤੋਂ ਵਧ ਕੇ 220 ਕਿਲੋ ਪ੍ਰਤਿ ਹੈਕਟੇਅਰ ਹੋ ਜਾਵੇਗੀ। ਲਗਾਤਾਰ ਵਧ ਰਹੀਆਂ ਕੀਮਤਾਂ ਨੇ ਰਸਾਇਣਿਕ ਖਾਦ ਨੂੰ ਕਿਸਾਨ ਦੀ ਪਹੁੰਚ ਤੋਂ ਦੂਰ ਬਣਾ ਦਿੱਤਾ ਹੈ ਅਤੇ ਬੀ ਟੀ ਫ਼ਸਲਾਂ ਇਸ ਵਿੱਚ ਹੋਰ ਵਾਧਾ ਕਰਨਗੀਆਂ।

ਬੀ ਟੀ ਨਰਮੇ ਨੂੰ ਜ਼ਿਆਦਾ ਪਾਣੀ ਚਾਹੀਦਾ ਹੈ, ਇਹ ਤੱਥ ਵੀ ਸਾਹਮਣੇ ਆ ਗਿਆ ਹੈ। ਕਦੇ ਬਾਰਾਨੀ ਖਿੱਤੇ ਵਿੱਚ ਹੋਣ ਵਾਲਾ ਨਰਮਾ ਆਪਣੇ ਨਵੇਂ ਅਵਤਾਰ ਬੀ ਟੀ ਨਰਮੇ ਦੇ ਰੂਪ ਵਿੱਚ ਅੱਜ ਘੱਟੋ-ਘੱਟ ਛੇ ਪਾਣੀ ਮੰਗਦਾ ਹੈ। ਜਦੋਂ ਪਾਣੀ ਦੀ ਘਾਟ ਹੋ ਰਹੀ ਹੋਵੇ ਅਤੇ ਮੌਸਮੀ ਤਬਦੀਲੀ ਕਰਕੇ ਲਗਾਤਾਰ ਨਦੀਆਂ ਅਤੇ ਨਹਿਰਾਂ ਵਿੱਚ ਪਾਣੀ ਦੀ ਉਪਲਬਧਤਾ ਯਕੀਨੀ ਨਹੀਂ ਬਣ ਪਾ ਰਹੀ ਉਦੋਂ ਚੰਗੇ ਭਲੇ ਬਾਰਾਨੀ ਨਰਮ੍ਹੇ ਨੂੰ ਘੋਰ ਸਿੰਚਾਈ ਭਾਲਣ ਵਾਲੀ ਫ਼ਸਲ ਬਣਾ ਦੇਣਾ ਕਿਥੋਂ ਦੀ ਸਮਝਦਾਰੀ ਹੈ।

ਬੀ ਟੀ ਨਰਮੇ ਦੇ ਸਮਰਥਕਾਂ ਦਾ ਇੱਕ ਹੋਰ ਦਾਅਵਾ ਹੈ ਕਿ ਕੀਟਨਾਸ਼ਕਾਂ ਦੀ ਵਰਤੋਂ ਘਟੇਗੀ ਪਰ ਪਿਛਲੇ ਦਸ ਸਾਲਾਂ ਦਾ ਬੀ ਟੀ ਨਰਮ੍ਹੇ ਦਾ ਤਜ਼ਰਬਾ ਕੁੱਝ ਹੋਰ ਹੀ ਕਹਾਣੀ ਕਹਿੰਦਾ ਹੈ। ਸ਼ੁਰੂਆਤੀ ਦੋ ਸਾਲਾਂ ਵਿੱਚ ਭਾਵੇਂ ਬੀ ਟੀ ਨਰਮ੍ਹੇ 'ਤੇ ਭਾਵੇਂ ਕੀਟਨਾਸ਼ਕਾਂ ਦੀ ਘੱਟ ਵਰਤੋ ਹੋਈ ਹੋਵੇ ਪਰ 10 ਸਾਲ ਪੂਰੇ ਹੁੰਦੇ-ਹੁੰਦੇ ਉੰਨਾਂ ਹੀ ਕੀਟਨਾਸ਼ਕ ਇਸਤੇਮਾਲ ਹੋਣ ਲੱਗ ਪਿਆ ਜਿੰਨਾਂ ਕਿ ਬੀ ਟੀ ਨਰਮ੍ਹੇ ਦੇ ਆਉਣ ਤੋਂ ਪਹਿਲਾਂ ਹੁੰਦਾ ਸੀ। ਡਾਇਰੈਕਟੋਰੋਟ ਆਫ ਪਲਾਂਟ ਪਰੋਟੈਕਸ਼ਨ ਦੇ ਸਰਕਾਰੀ ਅੰਕੜਿਆਂ ਅਨੁਸਾਰ ਗੁਜਰਾਤ ਵਿੱਚ ਸਾਲ 2005-06 ਵਿੱਚ ਜਦੋਂ ਬੀ ਟੀ ਨਰਮਾ ਆਏ ਨੂੰ ਤਿੰਨ ਸਾਲ ਹੋ ਚੁੱਕੇ ਸੀ, ਕੀਟਨਾਸ਼ਕਾਂ ਦੀ ਵਰਤੋਂ 2700 ਮੀਟ੍ਰਿਕ ਟਨ ਟੈਕਨੀਕਲ ਗ੍ਰੇਡ ਸੀ ਜੋ 2009-10 ਵਿੱਚ 2750 ਮੀਟ੍ਰਿਕ ਟਨ ਟੈਕਨੀਕਲ ਗ੍ਰੇਡ ਹੋ ਗਿਆ। ਇਸੇ ਤਰ੍ਹਾ ਪੰਜਾਬ ਵਿੱਚ 2005-06 ਵਿੱਚ 5610 ਮੀਟ੍ਰਿਕ ਟਨ ਟੈਕਨੀਕਲ ਗ੍ਰੇਡ ਸੀ ਜੋ 2009-10 ਵਿੱਚ 5810 ਮੀਟ੍ਰਿਕ ਟਨ ਟੈਕਨੀਕਲ ਗ੍ਰੇਡ ਹੋ ਗਿਆ। ਮਹਾਂਰਾਸ਼ਟਰ ਵਿੱਚ 2005-06 ਵਿੱਚ 3198 ਮੀਟ੍ਰਿਕ ਟਨ ਟੈਕਨੀਕਲ ਗ੍ਰੇਡ ਤੋਂ ਵਧ ਕੇ 4639 ਮੀਟ੍ਰਿਕ ਟਨ ਟੈਕਨੀਕਲ ਗ੍ਰੇਡ ਹੋ ਗਿਆ। ਤੱਥ ਸਾਹਮਣੇ ਹੈ ਕਿ ਬੀ ਟੀ ਪ੍ਰਸਤਾਂ ਦੇ ਦਾਅਵੇ ਝੂਠੇ ਨਿਕਲੇ। 2010 ਦੀ ਸ਼ੁਰੂਆਤ ਵਿੱਚ ਮੌਨਸੈਂਟੋ ਨੇ ਇਹ ਘੋਸ਼ਣਾ ਕੀਤੀ ਕਿ ਗੁਲਾਬੀ ਸੁੰਡੀ ਨੇ ਕ੍ਰਾਈ-1 ਏ ਸੀ ਬੀ ਟੀ ਜੀਨ ਦੇ ਵਿਰੁੱਧ ਪ੍ਰਤੀਰੋਧਕ ਸ਼ਕਤੀ ਵਿਕਸਿਤ ਕਰ ਲਈ ਹੈ। ਏਨਾ ਹੀ ਨਹੀਂ, ਕੇਂਦਰੀ ਕਪਾਹ ਖੋਜ ਸੰਸਥਾਨ, ਨਾਗਪੁਰ ਦੇ ਅਧਿਐਨ ਨੇ ਵੀ ਦੱਸਿਆ ਕਿ ਜਿਸ ਅਮਰੀਕਨ ਸੁੰਡੀ ਨੂੰ ਨਿਸ਼ਾਨਾ ਬਣਾ ਕੇ ਬੀ ਟੀ ਨਰਮਾ ਲਿਆਂਦਾ ਗਿਆ ਸੀ ਉਸਨੇ ਵੀ ਬੀ ਟੀ ਨਰਮੇ ਦੇ ਖਿਲਾਫ ਪ੍ਰਤੀਰੋਧਕ ਸ਼ਕਤੀ ਵਿਕਸਿਤ ਕਰ ਲਈ ਹੈ। ਅਧਿਐਨ ਇਹ ਵੀ ਦੱਸਦੇ ਨੇ ਕਿ ਇਹ ਅਮਰੀਕਨ ਸੁੰਡੀ ਬੀ ਟੀ-2 ਨਾਲ ਵੀ ਨਹੀਂ ਮਰਦੀ, ਉਸਨੂੰ ਆਰਾਮ ਨਾਲ ਖਾਂਦੀ ਹੈ ਅਤੇ ਉਸ 'ਤੇ ਬੀਟੀ ਜ਼ਹਿਰ ਦਾ ਕੋਈ ਅਸਰ ਨਹੀਂ ਹੁੰਦਾ। ਅਮਰੀਕਨ ਸੁੰਡੀ ਨੇ ਤਾਂ ਬੀ ਟੀ ਨਰਮੇ ਦਾ ਜੋ ਹਾਲ ਕੀਤਾ ਉਹ ਕਿਸੇ ਤੋਂ ਗੁੱਝਾ ਨਹੀਂ। ਅੱਜ ਸਥਿਤੀ ਇਹ ਹੈ ਕਿ ਜਿਹੜੇ ਕੀਟ ਹੁਣ ਤੱਕ ਜ਼ਿਆਦਾ ਖ਼ਤਰਨਾਕ ਨਹੀਂ ਮੰਨੇ ਜਾਂਦੇ ਸੀ ਖ਼ਾਸ ਕਰਕੇ ਰਸ ਚੂਸਕ ਜਿਵੇਂ ਤੇਲਾ,ਚਿੱਟੀ ਮੱਖੀ (ਮੱਛਰ) ਅਤੇ ਮਿਲੀ ਬੱਗ ਉਹਨਾਂ ਨੇ ਬੀ ਟੀ ਨਰਮੇ ਦਾ ਦੀਵਾਲਾ ਕੱਢ ਦਿੱਤਾ। ਡਾ. ਕ੍ਰਾਂਤੀ ਨੇ ਆਪਣੀ ਰਿਪੋਰਟ ਵਿੱਚ ਜ਼ਿਕਰ ਕੀਤਾ ਹੈ ਕਿ ਸੰਨ 2002 ਵਿੱਚ ਨਰਮੇ ਦੇ ਖੇਤਰ ਵਿੱਚ ਕੀਟਨਾਸ਼ਕਾਂ ਤੇ ਹੋਣ ਵਾਲਾ ਖ਼ਰਚ 597 ਕਰੋੜ ਰੁਪਏ ਸੀ ਜੋ ਕਿ 2009 ਵਿੱਚ ਵਧ ਕੇ 791 ਕਰੋੜ ਰੁਪਏ ਹੋ ਗਿਆ।

ਤੱਥ ਸਾਫ਼ ਦੱਸਦੇ ਨੇ ਕਿ ਬੀ ਟੀ ਨਰਮਾ ਜਿਹਨਾਂ ਦਾਅਵਿਆਂ ਦੇ ਨਾਲ ਲਿਆਂਦਾ ਗਿਆ ਸੀ ਉਹ ਤਾਂ ਝੂਠੇ ਸਾਬਤ ਹੋਏ ਹੀ, ਉਲਟਾ ਇਹ ਕਿਸਾਨਾਂ ਲਈ ਹੋਰ ਨਵੀਂਆਂ ਮੁਸੀਬਤਾਂ ਸਹੇੜ ਗਿਆ। ਅੱਜ ਬੀ ਟੀ ਬੀਜਾਂ ਦੀ ਕੀਮਤ ਬਹੁਤ ਵੱਡਾ ਮੁੱਦਾ ਹੈ। ਮੌਨਸੈਂਟੋ ਨੇ 1600 ਕਰੋੜ ਰੁਪਏ ਰਾਇਲਟੀ ਵਜੋਂ ਬੀ ਟੀ ਤਕਨੀਕ ਵੇਚ ਕੇ ਕਮਾਏ ਹਨ। 100 ਰੁਪਏ ਕਿਲੋ ਮਿਲਣ ਵਾਲਾ ਦੇਸੀ ਨਰਮੇ ਦਾ ਬੀਜ ਜਾਂ 350 ਰੁਪਏ ਪ੍ਰਤਿ ਕਿਲੋ ਮਿਲਣ ਵਾਲਾ ਸਾਧਾਰਣ ਹਾਈਬ੍ਰਿਡ ਬੀਜ ਅੱਜ ਲੱਭਦਾ ਕਿਧਰੇ ਨਹੀਂ ਲੱਭਦਾ ਅਤੇ ਕਿਸਾਨ ਮਹਿੰਗੇ ਬੀ ਟੀ ਬੀਜ ਖਰੀਦਣ ਲਈ ਮਜ਼ਬੂਰ ਹਨ।

ਪੰਜਾਬ ਵਿੱਚ ਕੁਦਰਤੀ ਖੇਤੀ ਤਹਿਤ ਨਰਮੇ ਦੀ ਖੇਤੀ ਕਰਨ ਵਾਲੇ ਕਿਸਾਨ ਅਮਰਜੀਤ ਸ਼ਰਮਾ, ਹਰਤੇਜ ਸਿੰਘ ਮਹਿਤਾ ਅਤੇ ਪ੍ਰਿਤਪਾਲ ਬਰਾੜ ਸਮੇਤ ਦੇਸ਼ ਭਰ ਵਿੱਚ ਕੁਦਰਤੀ ਖੇਤੀ ਕਰਨ ਵਾਲੇ ਅਨੇਕਾਂ ਕਿਸਾਨਾਂ ਦੇ ਤਜ਼ਰਬੇ ਦੱਸਦੇ ਹਨ ਨਰਮੇ ਦੀ ਸਫ਼ਲ ਪੈਦਾਵਾਰ ਲਈ ਨਾ ਤਾਂ ਬੀ ਟੀ ਦੀ ਲੋੜ ਹੈ ਅਤੇ ਨਾ ਹੀ ਕੀਟਨਾਸ਼ਕਾਂ ਦੀ। ਹੁਣ ਜਦੋਂਕਿ ਬੀ ਟੀ ਨਰਮੇ ਦਾ ਸੱਚ ਸਾਹਮਣੇ ਆ ਚੁੱਕਿਆ ਹੈ, ਲੋੜ ਹੈ ਕੁਦਰਤ ਅਤੇ ਕਿਸਾਨ ਪੱਖੀ ਖੇਤੀ ਤਕਨੀਕਾਂ ਨੂੰ ਅੱਗੇ ਵਧਾਇਆ ਜਾਵੇ ਤਾਂ ਜੋ ਬਹੁਕੌਮੀ ਕੰਪਨੀਆਂ ਦੇ ਚੰਗੁਲ ਵਿੱਚ ਫਸ ਚੱਲੀ ਖੇਤੀ ਅਤੇ ਖ਼ੁਰਾਕ ਦੀ ਖ਼ੁਦਮੁਖ਼ਤਿਆਰੀ ਨੂੰ ਬਚਾਇਆ ਜਾ ਸਕੇ।

*ਲੇਖਕ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਹਨ
Disqus Comment